ਬਰਨਾਲਾ,21 ਮਾਰਚ, (ਨਿਰਮਲ ਸਿੰਘ ਪੰਡੋਰੀ)-
ਅੰਮ੍ਰਿਤਸਰ ਵਿਖੇ ਵੇਅਰ ਹਾਊਸ ਦੇ ਡੀਐਮ ਵੱਲੋਂ ਸੱਤਾਧਾਰੀ ਪਾਰਟੀ ਦੇ ਮੰਤਰੀ ਵੱਲੋਂ ਤੰਗ ਪਰੇਸ਼ਾਨ ਕੀਤੇ ਜਾਣ ਤੋਂ ਬਾਅਦ ਆਤਮਹੱਤਿਆ ਕੀਤੇ ਜਾਣ ਦੀ ਘਟਨਾ ਵਾਂਗ ਹੀ ਬਰਨਾਲਾ ਜ਼ਿਲ੍ਹੇ ਦੇ ਪਿੰਡ ਰਾਜਗੜ੍ਹ ਵਿੱਚ ਵੀ ਅਜਿਹੀ ਹੀ ਇੱਕ ਘਟਨਾ ਵਾਪਰੀ ਹੈ। ਰਾਜਗੜ੍ਹ ਦੇ ਇੱਕ ਨੌਜਵਾਨ ਮਨਜਿੰਦਰ ਸਿੰਘ ਨੇ ਸਪਰੇਅ ਪੀ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜੋ ਹਸਪਤਾਲ ਵਿੱਚ ਦਾਖ਼ਲ ਹੈ। ਮਨਜਿੰਦਰ ਸਿੰਘ ਦੇ ਭਰਾ ਬੇਅੰਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਪੰਚਾਇਤ ਵੱਲੋਂ ਇੱਕ ਗਲੀ ਬਣਾਈ ਜਾ ਰਹੀ ਹੈ ਜਿਸ ਸਬੰਧੀ ਇਤਰਾਜ਼ ਉੱਠਣ ‘ਤੇ ਇੱਕ ਪੰਚਾਇਤ ਮੈਂਬਰ ਸੇਵਕ ਸਿੰਘ ਨੇ ਪੁਲਿਸ ਬੁਲਾ ਲਈ। ਉਹਨਾਂ ਕਿਹਾ ਕਿ ਮੌਕੇ ‘ਤੇ ਥਾਣਾ ਧਨੌਲਾ ਦਾ ਐਸਐਚਓ ਪੁੱਜਿਆ ਤੇ ਉਹਨਾਂ ਦੇ ਪਰਿਵਾਰ ਦੀਆਂ ਔਰਤਾਂ ਨੂੰ ਬਹੁਤ ਹੀ ਅਸ਼ਲੀਲ ਸ਼ਬਦ ਵਰਤਦੇ ਹੋਏ ਗਾਲਾਂ ਕੱਢੀਆਂ ਅਤੇ ਬੇਇੱਜ਼ਤੀ ਕੀਤੀ। ਉਹਨਾਂ ਦੱਸਿਆ ਕਿ ਇਸ ਮੌਕੇ ਪਿੰਡ ਦੀ ਪੰਚਾਇਤ ਸਮੇਤ ਗਲੀ ਵਿੱਚ ਪਿੰਡ ਦੇ ਹੋਰ ਕਾਫੀ ਵਿਅਕਤੀ ਵੀ ਇਕੱਠੇ ਸਨ ਜਿਨਾਂ ਦੀ ਸਾਹਮਣੇ ਉਹਨਾਂ ਦੇ ਪਰਿਵਾਰਿਕ ਔਰਤਾਂ ਦੀ ਐਸਐਚਓ ਨੇ ਅਸ਼ਲੀਲ ਭਾਸ਼ਾ ਵਰਤਦੇ ਹੋਏ ਸ਼ਰੇਆਮ ਬੇਇੱਜ਼ਤੀ ਕੀਤੀ ਅਤੇ ਇਹ ਬੇਇੱਜ਼ਤੀ ਨਾ ਸਹਾਰਦੇ ਹੋਏ ਉਸ ਦਾ ਭਰਾ ਮਨਜਿੰਦਰ ਸਿੰਘ ਸਪਰੇਅ ਪੀ ਗਿਆ। ਬੇਅੰਤ ਸਿੰਘ ਵੱਲੋਂ ਪੱਤਰਕਾਰਾਂ ਨੂੰ ਦੱਸੀਆਂ ਇਹਨਾਂ ਗੱਲਾਂ ਦੀ ਤਸਦੀਕ ਮੌਕੇ ‘ਤੇ ਪਿੰਡ ਦੇ ਸਰਪੰਚ ਤੇ ਹੋਰ ਵਿਅਕਤੀਆਂ ਨੇ ਵੀ ਕੀਤੀ ਕਿ ਐਸਐਚਓ ਧਨੌਲਾ ਨੇ ਸ਼ਰੇਆਮ ਪਰਿਵਾਰ ਦੀਆਂ ਔਰਤਾਂ ਨਾਲ ਅਸ਼ਲੀਲ ਭਾਸ਼ਾ ‘ਚ ਗੱਲ ਕੀਤੀ ਅਤੇ ਬਦਸਲੂਕੀ ਕੀਤੀ। ਪੀੜ੍ਹਤ ਪਰਿਵਾਰ ਨੇ ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ‘ਤੇ ਵੀ ਦਖਲ ਅੰਦਾਜ਼ੀ ਦੇ ਦੋਸ਼ ਲਗਾਏ ਹਨ। ਬਰਨਾਲਾ ਦੇ ਜਿਹੜੇ ਹਸਪਤਾਲ ਵਿੱਚ ਮਨਜਿੰਦਰ ਸਿੰਘ ਜੇਰੇ ਇਲਾਜ ਹੈ ਉਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨਜਿੰਦਰ ਸਿੰਘ ਦੇ ਭਰਾ ਬੇਅੰਤ ਸਿੰਘ ਨੇ ਕਿਹਾ ਕਿ ਜੇਕਰ ਉਸਦੇ ਭਰਾ ਮਨਜਿੰਦਰ ਸਿੰਘ ਨੂੰ ਕੁਝ ਹੋ ਜਾਂਦਾ ਹੈ ਤਾਂ ਸੱਤਾਧਾਰੀ ਪਾਰਟੀ ਦਾ ਹਲਕਾ ਇੰਚਾਰਜ, ਥਾਣਾ ਧਨੌਲਾ ਦਾ ਐਸਐਚਓ ਤੇ ਪਿੰਡ ਦਾ ਪੰਚਾਇਤ ਮੈਂਬਰ ਸੇਵਕ ਸਿੰਘ ਜ਼ਿੰਮੇਵਾਰ ਹੋਵੇਗਾ। ਪੀੜ੍ਹਤ ਪਰਿਵਾਰ ਅਤੇ ਪਿੰਡ ਦੀ ਪੰਚਾਇਤ ਸਮੇਤ ਪਿੰਡ ਦੇ ਲੋਕਾਂ ਨੇ ਉਕਤ ਜ਼ਿੰਮੇਵਾਰ ਵਿਅਕਤੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਹ ਮਾਮਲਾ ਜ਼ਿਲ੍ਹੇ ਦੇ ਉੱਚ ਪੁਲਿਸ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਆ ਚੁੱਕਿਆ ਹੈ ਜਿਸ ਸਬੰਧੀ ਅਗਲੇਰੀ ਕਾਰਵਾਈ ‘ਤੇ ਨਜ਼ਰਾਂ ਟਿਕੀਆਂ ਹੋਈਆਂ ਹਨ।
ਫੋਟੋ ਕੈਪਸ਼ਨ- ਹਲਕਾ ਇੰਚਾਰਜ ਅਤੇ ਐਸਐਚਓ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਪਿੰਡ ਦੇ ਲੋਕ









