Skip to main content

Gee 98News

ਬਰਨਾਲੇ ਦੇ ਇੱਕ SHO ਦਾ ਮੁੱਦਾ ਪੁੱਜਿਆ ਮੁੱਖ ਮੰਤਰੀ ਦੇ ਦਰਬਾਰ,MLA ਢਿੱਲੋਂ ਨੇ ਲਿਖੀ ਚਿੱਠੀ

ਬਰਨਾਲਾ,24 ਮਾਰਚ, Gee98 news service-

-ਜ਼ਿਲ੍ਹੇ ਦੇ ਪਿੰਡ ਰਾਜਗੜ੍ਹ ਵਿੱਚ ਇੱਕ ਨੌਜਵਾਨ ਵੱਲੋਂ ਥਾਣਾ ਧਨੌਲਾ ਦੇ ਐਸਐਚਓ ਤੋਂ ਤੰਗ ਆ ਕੇ ਆਤਮ ਹੱਤਿਆ ਕੀਤੇ ਜਾਣ ਦੇ ਯਤਨਾਂ ਤੋਂ ਬਾਅਦ ਭਾਵੇਂ ਜ਼ਿਲ੍ਹਾ ਪੁਲਿਸ ਮੁਖੀ ਨੇ ਸੰਬੰਧਤ ਐਸਐਚਓ ਨੂੰ ਸਸਪੈਂਡ ਕਰਕੇ ਪੀੜ੍ਹਤ ਪਰਿਵਾਰ ਅਤੇ ਲੋਕਾਂ ਦੇ ਰੋਸ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਪ੍ਰੰਤੂ ਇਸ ਦੇ ਬਾਵਜੂਦ ਵੀ ਇਹ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਰਬਾਰ ਪੁੱਜ ਗਿਆ ਹੈ। ਬਰਨਾਲਾ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਇੱਕ ਚਿੱਠੀ ਲਿਖ ਕੇ ਸਬੰਧਿਤ ਐਸਐਚਓ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਵਿਧਾਇਕ ਢਿੱਲੋਂ ਨੇ ਆਪਣੀ ਚਿੱਠੀ ਵਿੱਚ ਜ਼ਿਕਰ ਕੀਤਾ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਪੰਜਾਬ ਪੁਲਿਸ ਦੇ ਇਸ ਅਧਿਕਾਰੀ ਨੇ ਆਮ ਲੋਕਾਂ ਨਾਲ ਇਸ ਤਰ੍ਹਾਂ ਦੀ ਬਦਸਲੂਕੀ ਕੀਤੀ ਹੋਵੇ ਸਗੋਂ ਇਸ ਤੋਂ ਪਹਿਲਾਂ ਵੀ ਇਸ ਦੀਆਂ ਕਈ ਵਾਰ ਸ਼ਿਕਾਇਤਾਂ ਸਾਹਮਣੇ ਆ ਚੁੱਕੀਆਂ ਹਨ। ਦੂਜੇ ਪਾਸੇ ਇਹ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ ਕਿ ਵਿਧਾਇਕ ਦੇ ਪੁੱਤਰ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਐਸ ਐਚ ਓ ਦੀਆਂ ਸ਼ਿਕਾਇਤਾਂ ਸਬੰਧੀ ਇੱਕ ਲਿਖਤੀ ਚਿੱਠੀ ਵੀ ਦਿੱਤੀ ਗਈ ਸੀ ਪ੍ਰੰਤੂ ਜ਼ਿਲ੍ਹਾ ਪੁਲਿਸ ਮੁਖੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਬਰਨਾਲਾ ਜ਼ਿਲ੍ਹੇ ਵਿੱਚ ਇਸ ਗੱਲ ਦੀ ਵੀ ਚਰਚਾ ਹੈ ਕਿ ਇੰਸਪੈਕਟਰ ਲਖਵੀਰ ਸਿੰਘ ਦੀਆਂ ਵਾਰ-ਵਾਰ ਸ਼ਿਕਾਇਤਾਂ ਮਿਲਣ ਦੇ ਬਾਵਜੂਦ ਵੀ ਉਸਨੂੰ ਐਸਐਚਓ ਵਰਗੇ ਮਹੱਤਵਪੂਰਨ ਅਹੁਦੇ ‘ਤੇ ਤਾਇਨਾਤ ਕੀਤਾ ਜਾਂਦਾ ਰਿਹਾ ਹੈ।

                                                     ਹੈਰਾਨੀ ਇਸ ਗੱਲ ਦੀ ਵੀ ਹੈ ਕਿ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਲਖਵੀਰ ਸਿੰਘ ਨੂੰ ਵਾਰ-ਵਾਰ ਧਨੌਲਾ ਵਿਖੇ ਹੀ ਨਿਯੁਕਤੀ ਕੀਤੀ ਜਾਂਦੀ ਰਹੀ ਜਿੱਥੇ ਕਿ ਉਸਦੀਆਂ ਇੱਕ ਤੋਂ ਵੱਧ ਵਾਰ ਸ਼ਿਕਾਇਤਾਂ ਹੁੰਦੀਆਂ ਰਹੀਆਂ ਹਨ। ਲੋਕਾਂ ਵਿੱਚ ਚਰਚਾ ਇਹ ਵੀ ਹੈ ਕਿ ਆਖਰ ਜ਼ਿਲ੍ਹਾ ਪੁਲਿਸ ਮੁਖੀ ਦੀ ਅਜਿਹੀ ਕਿਹੜੀ ਮਜ਼ਬੂਰੀ ਹੈ ਕਿ ਲੋਕਾਂ ਪ੍ਰਤੀ ਇੱਕ ਪੁਲਿਸ ਅਧਿਕਾਰੀ ਦੇ ਵਿਵਹਾਰ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਵੀ ਪਬਲਿਕ ਨਾਲ ਸਿੱਧੀ ਡੀਲਿੰਗ ਵਾਲੇ ਮਹੱਤਵਪੂਰਨ ਅਹੁਦੇ ‘ਤੇ ਨਿਯੁਕਤੀ ਕੀਤੀ ਜਾਂਦੀ ਰਹੀ। ਚਰਚਾ ਇਹ ਵੀ ਹੈ ਕਿ ਸਬੰਧਤ ਐਸਐਚਓ ਸੱਤਾਧਾਰੀ ਪਾਰਟੀ ਦੇ ਇੱਕ ਸਥਾਨਕ ਆਗੂ ਦਾ ਚਹੇਤਾ ਪੁਲਿਸ ਅਧਿਕਾਰੀ ਹੈ ਜੋ ਆਪ ਆਗੂ ਦੀ ਜ਼ੁਬਾਨ ਚੋਂ ਨਿਕਲੀ ਗੱਲ ਨੂੰ ਥੱਲੇ ਨਹੀਂ ਡਿੱਗਣ ਦਿੰਦਾ, ਫਿਰ ਭਾਵੇਂ ਉਸ ਨੂੰ ਕਾਨੂੰਨ ਤੋੜ ਕੇ ਹੀ ਕੰਮ ਕਿਉਂ ਨਾ ਕਰਨਾ ਪਵੇ। ਇਸ ਮਾਮਲੇ ਸਬੰਧੀ ਗੱਲਬਾਤ ਕਰਦੇ ਹੋਏ ਵਿਧਾਇਕ ਕਾਲਾ ਢਿੱਲੋਂ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ, ਜਿਨਾਂ ਕੋਲ ਗ੍ਰਹਿ ਵਿਭਾਗ ਵੀ ਹੈ,ਨੂੰ ਮਿਲ ਕੇ ਵੀ ਇਸ ਪੁਲਿਸ ਅਧਿਕਾਰੀ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕਰਨਗੇ। ਦੂਜੇ ਪਾਸੇ ਭਾਵੇਂ ਕਿ ਇਸ ਸਬੰਧੀ ਜ਼ਿਲ੍ਹੇ ਦਾ ਕੋਈ ਪੁਲਿਸ ਅਧਿਕਾਰੀ ਖੁੱਲ ਕੇ ਦੱਸਣ ਲਈ ਤਿਆਰ ਨਹੀਂ ਹੈ ਪ੍ਰੰਤੂ ਸੂਤਰਾਂ ਅਨੁਸਾਰ ਸਬੰਧਿਤ ਐਸਐਚਓ ਖ਼ਿਲਾਫ਼ ਵਿਭਾਗੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਵੱਲੋਂ ਇਸ ਮਾਮਲੇ ‘ਤੇ ਅੱਜ ਬਰਨਾਲਾ ਵਿਖੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਵੀ ਕੀਤੀ ਜਾਵੇਗੀ।

Gee98 Ads
error: Content is protected !!