Skip to main content

Gee 98News

Breaking news….ਬਰਨਾਲਾ ਅਦਾਲਤ ਵਿੱਚ ਬੰਬ ਰੱਖੇ ਹੋਣ ਦੀ ਈਮੇਲ ਰਾਹੀਂ ਮਿਲੀ ਧਮਕੀ

ਬਰਨਾਲਾ,6 ਅਪ੍ਰੈਲ, (ਨਿਰਮਲ ਸਿੰਘ ਪੰਡੋਰੀ)-

– 

ਬਰਨਾਲਾ ਦੇ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਉਸ ਵੇਲੇ ਅਫ਼ਰਾ ਤਫ਼ਰੀ ਫੈਲ ਗਈ ਜਦੋਂ ਮੋਹਾਲੀ ਤੋਂ ਪੰਜਾਬ ਦੀਆਂ ਤਿੰਨ ਅਦਾਲਤਾਂ ਵਿੱਚ ਬੰਬ ਰੱਖੇ ਹੋਣ ਦੀ ਧਮਕੀ ਮਿਲਣ ਦੀ ਜਾਣਕਾਰੀ ਸਾਹਮਣੇ ਆਈ ਅਤੇ ਦੁਪਹਿਰ ਕਰੀਬ 1 ਵਜੇ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਪੁਲਿਸ ਨੇ ਪੁੱਜ ਕੇ ਸਾਰਾ ਅਦਾਲਤੀ ਕੰਪਲੈਕਸ ਖਾਲੀ ਕਰਵਾ ਲਿਆ। ਇਸ ਤੋਂ ਬਾਅਦ ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਕੰਮ ਕਰ ਰਹੇ ਮਾਨਯੋਗ ਸਾਰੇ ਜੱਜ ਆਪਣੀਆਂ ਅਦਾਲਤਾਂ ਛੱਡ ਕੇ ਚਲੇ ਗਏ ਬਾਕੀ ਸਾਰਾ ਸਟਾਫ਼ ਅਦਾਲਤੀ ਕੰਪਲੈਕਸ ਤੋਂ ਬਾਹਰ ਨਿਕਲ ਆਇਆ। ਸੂਚਨਾ ਮਿਲਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਜ਼ਿਲ੍ਹੇ ਦੇ ਉੱਚ ਪੁਲਿਸ ਅਧਿਕਾਰੀਆਂ ਦੀ ਅਗਵਾਈ ਹੇਠ ਪੁਲਿਸ ਪਾਰਟੀ ਪਹੁੰਚੀ ਜਿਸਨੇ ਸਮੇਤ ਡਾੱਗ ਸਕੁਐਡ ਅਤੇ ਬੰਬ ਨਿਰੋਧਕ ਦਸਤਿਆਂ ਰਾਹੀਂ ਅਦਾਲਤੀ ਕੰਪਲੈਕਸ ਦੇ ਅੰਦਰੂਨੀ ਕਮਰਿਆਂ ਦੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ। ਅਦਾਲਤੀ ਕੰਪਲੈਕਸਾਂ ਅੰਦਰ ਬੰਬ ਹੋਣ ਦੀ ਧਮਕੀ ਸਾਹਮਣੇ ਆਉਣ ਤੋਂ ਬਾਅਦ ਸਾਰੀਆਂ ਅਦਾਲਤਾਂ ਦੇ ਮਾਨਯੋਗ ਜੱਜਾਂ ਨੇ ਅਦਾਲਤਾਂ ਦਾ ਕੰਮ ਇੱਕਦਮ ਠੱਪ ਕਰ ਦਿੱਤਾ ਅਤੇ ਇਹ ਹੁਕਮ ਪਾਸ ਕਰ ਦਿੱਤੇ ਕਿ ਅੱਜ ਦੁਪਹਿਰ ਤੋਂ ਬਾਅਦ ਸਾਰੀ ਅਦਾਲਤੀ ਕਾਰਵਾਈ ਦੇ ਮਾਮਲੇ ‘ਚ ਵੱਖ-ਵੱਖ ਅਦਾਲਤਾਂ ‘ਚ ਲੱਗਣ ਵਾਲੇ ਕੇਸਾਂ ਸੰਬੰਧੀ ਕੋਈ ਹੁਕਮ ਪਾਸ ਨਹੀਂ ਕੀਤਾ ਜਾਵੇਗਾ। ਇਸ ਮਾਮਲੇ ਸਬੰਧੀ ਬਰਨਾਲਾ ਅਦਾਲਤ ‘ਚ ਪਿਛਲੇ ਕਾਫੀ ਸਮੇਂ ਲੰਬੇ ਸਮੇਂ ਤੋਂ ਕੰਮ ਕਰ ਰਹੇ ਸੀਨੀਅਰ ਐਡਵੋਕੇਟ ਕੁਲਵੰਤ ਰਾਏ ਗੋਇਲ ਅਤੇ ਐਡਵੋਕੇਟ ਧੀਰਜ ਕੁਮਾਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਚਿੰਤਾਜਨਕ ਹੈ, ਅਜਿਹੀਆਂ ਪਰਿਸਥਿਤੀਆਂ ਪੰਜਾਬ ਦਾ ਮਾਹੌਲ ਖਰਾਬ ਕਰ ਰਹੀਆਂ ਹਨ ਤੇ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਦਾ ਕਾਰਨ ਬਣ ਰਹੀਆਂ ਹਨ। ਉਹਨਾਂ ਦੱਸਿਆ ਕਿ ਮਾਨਯੋਗ ਜੱਜ ਸਾਹਿਬਾਨ ਦੇ ਹੁਕਮ ‘ਤੇ ਸਾਰੀਆਂ ਅਦਾਲਤਾਂ ਦਾ ਕੰਮ ਬੰਦ ਕੀਤਾ ਗਿਆ ਹੈ, ਜ਼ਿਲ੍ਹਾ ਪੁਲਿਸ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਹੀ ਅਗਲਾ ਕੰਮਕਾਰ ਸ਼ੁਰੂ ਕੀਤਾ ਜਾ ਸਕੇਗਾ। ਦੂਜੇ ਪਾਸੇ ਇਸ ਮਾਮਲੇ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਤਬੀਰ ਸਿੰਘ ਬੈਂਸ ਡੀਐਸਪੀ ਬਰਨਾਲਾ ਨੇ ਦੱਸਿਆ ਕਿ ਮੋਹਾਲੀ ਜਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਈਮੇਲ ਰਾਹੀਂ ਧਮਕੀ ਮਿਲੀ ਹੈ ਕਿ ਪੰਜਾਬ ਦੀਆਂ ਤਿੰਨ ਅਦਾਲਤਾਂ ‘ਚ ਬੰਬ ਰੱਖੇ ਗਏ ਹਨ ਜਿਸ ਤੋਂ ਬਾਅਦ ਸਾਰੇ ਅਦਾਲਤੀ ਕੰਪਲੈਕਸਾਂ ਨੂੰ ਖਾਲੀ ਕਰਵਾ ਕੇ ਪੰਜਾਬ ਪੁਲਿਸ ਵੱਲੋਂ ਤਲਾਸ਼ੀ ਲਈ ਗਈ ਹੈ। ਉਹਨਾਂ ਦੱਸਿਆ ਕਿ ਬਰਨਾਲਾ ਅਦਾਲਤ ਵਿੱਚ ਅਜਿਹੀ ਕੋਈ ਸ਼ੱਕੀ ਚੀਜ਼ ਨਹੀਂ ਮਿਲੀ। ਉਹਨਾਂ ਜ਼ਿਲ੍ਹਾ ਪੁਲਿਸ ਵੱਲੋਂ ਲੋਕਾਂ ਨੂੰ ਇਹੋ ਜਿਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ।

Gee98 Ads
error: Content is protected !!