ਬਰਨਾਲਾ,23 ਅਪ੍ਰੈਲ (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਦੇ ਬੱਸ ਅੱਡੇ ਸਾਹਮਣੇ ਪਿਛਲੇ ਦਿਨੀਂ ਇੱਕ ਹੋਟਲ ‘ਚ ਅਨੈਤਿਕ ਕਾਰਵਾਈਆਂ ਸਬੰਧੀ ਹੋਟਲ ਮਾਲਕ ‘ਤੇ ਪੁਲਿਸ ਕਾਰਵਾਈ ਹੋਣ ਤੋਂ ਬਾਅਦ ਬਰਨਾਲੇ ਦੇ ਕੁਝ ਹੋਟਲਾਂ ‘ਚ ਦੇਹ ਵਪਾਰ ਦੇ ਧੰਦੇ ਦੀਆਂ ਲਿਖਤੀ ਸ਼ਿਕਾਇਤਾਂ ਕਰਕੇ ਮਾਮਲਾ ਚੁੱਕਣ ਵਾਲੇ ਇੰਦਰਲੋਕ ਕਾਲੋਨੀ ਦੇ ਵਸਨੀਕਾਂ ਨੇ ਇੱਕ ਵਾਰ ਫੇਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ (SDM ਰਾਹੀਂ) ਨੂੰ ਲਿਖਤੀ ਦਰਖ਼ਾਸਤ ਦੇ ਕੇ ਕਲੋਨੀ ਦੇ ਨਜ਼ਦੀਕ ਬਣੇ ਕੁਝ ਹੋਟਲਾਂ ‘ਚ ਅਨੈਤਿਕ ਗਤੀਵਿਧੀਆਂ ਦੀ ਸ਼ਿਕਾਇਤ ਕਰਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਿਕ ਗੁਰੂ ਰਵਿਦਾਸ ਚੌਂਕ ਨੇੜੇ ਬਣੀ ਇੰਦਰਲੋਕ ਕਾਲੋਨੀ ਦੇ ਵਸਨੀਕਾਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਭੋਲਾ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਦਿੱਤੇ ਪੱਤਰ ਵਿੱਚ ਲਿਖਿਆ ਕਿ ਇੰਦਰਲੋਕ ਕਲੋਨੀ ਦੇ ਨੇੜੇ ਬਣੇ ਕੁਝ ਹੋਟਲਾਂ ਦੇ ਲਾਇਸੰਸ ਫੂਡ ਸਰਵਿਸ ਅਤੇ ਰੈਸਟੋਰੈਂਟ ਵਾਲੇ ਹਨ ਪ੍ਰੰਤੂ ਇਹਨਾਂ ਹੋਟਲਾਂ ਦੇ ਕਮਰਿਆਂ ‘ਚ ਫੂਡ ਸਰਵਿਸ ਵਰਗੀ ਕੋਈ ਸਰਵਿਸ ਨਹੀਂ ਹੈ ਸਗੋਂ ਇਹਨਾਂ ਹੋਟਲਾਂ ਦੇ ਕਮਰਿਆਂ ਵਿੱਚ ਅਨੈਤਿਕ ਗਤੀਵਿਧੀਆਂ ਹੋ ਰਹੀਆਂ ਹਨ। ਕਾਲੋਨੀ ਦੇ ਵਸਨੀਕਾਂ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਕੁਝ ਮਹੀਨੇ ਪਹਿਲਾਂ ਤਤਕਾਲੀ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਵੱਲੋਂ ਡਿਊਟੀ ਮੈਜਿਸਟ੍ਰੇਟ ਦੀ ਨਿਯੁਕਤੀ ਕਰਕੇ ਇਹਨਾਂ ਹੋਟਲਾਂ ਦੀ ਜਾਂਚ ਸਬੰਧੀ ਨਗਰ ਕੌਂਸਲ (ਹੁਣ ਨਗਰ ਨਿਗਮ) ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਸਨ ਪਰੰਤੂ ਡਿਪਟੀ ਕਮਿਸ਼ਨਰ ਦੇ ਇਹ ਹੁਕਮ ਨਗਰ ਨਿਗਮ ਦੀਆਂ ਫਾਈਲਾਂ ਵਿੱਚ ਹੀ ਦੱਬੇ ਹੋਏ ਹਨ। ਉਹਨਾਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਇਹਨਾਂ ਹੋਟਲਾਂ ਦੀ ਚੈਕਿੰਗ ਸੰਬੰਧੀ ਕਾਰਵਾਈ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ ਅਤੇ ਇਹਨਾਂ ਹੋਟਲਾਂ ਦੇ ਕਮਰਿਆਂ ‘ਚ ਹੋ ਰਹੀਆਂ ਦੇਹ ਵਪਾਰ ਵਰਗੀਆਂ ਅਨੈਤਿਕ ਗਤੀਵਿਧੀਆਂ ਬੰਦ ਕਰਵਾਈਆਂ ਜਾਣ।









