Skip to main content

Gee 98News

ਹਾਈਕੋਰਟ ਦਾ ਡੰਡਾ…ਕੋਰਟ ਅਬਜ਼ਰਵਰ ਕਰਨਗੇ ਵੋਟਿੰਗ ਦੀ ਨਿਗਰਾਨੀ

ਚੰਡੀਗੜ੍ਹ,26 ਮਈ, Gee98 news service-

ਪੰਜਾਬ ‘ਚ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਕੁਝ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਅੱਜ 8 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ। ਪੰਜਾਬ ‘ਚ ਇਸ ਵਾਰ ਸਥਾਨਕ ਸੰਸਥਾਵਾਂ ਦੀਆਂ ਇਹਨਾਂ ਚੋਣਾਂ ਲਈ ਮਾਹੌਲ ਕਈ ਥਾਵਾਂ ‘ਤੇ ਤਣਾਅਪੂਰਨ ਰਿਹਾ ਜਿਸ ਤੋਂ ਬਾਅਦ ਸੱਤਾ ਵਿਰੋਧੀ ਪਾਰਟੀਆਂ ਨੂੰ ਹਾਈਕੋਰਟ ਤੱਕ ਪਹੁੰਚ ਕਰਨੀ ਪਈ। ਸੂਬੇ ‘ਚ ਬਹੁਤੇ ਥਾਵਾਂ ‘ਤੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੌਰਾਨ ਅਤੇ ਚੋਣ ਪ੍ਰਚਾਰ ਕਰਨ ਦੌਰਾਨ ਟਕਰਾਅ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ, ਜਿਨਾਂ ਦਾ ਨੋਟਿਸ ਲੈਂਦੇ ਹੋਏ ਮਾਨਯੋਗ ਹਾਈਕੋਰਟ ਨੇ ਇਹਨਾਂ ਚੋਣਾਂ ਸੰਬੰਧੀ ਦਾਇਰ ਪਟੀਸ਼ਨਾਂ ਦੀ ਸੁਣਵਾਈ ਦੌਰਾਨ ਸਿੱਧੇ ਤੌਰ ‘ਤੇ ਹੁਕਮ ਪਾਸ ਕੀਤੇ ਹਨ। ਹਾਈਕੋਰਟ ਨੇ ਸੂਬੇ ‘ਚ ਕੁਝ ਥਾਵਾਂ ‘ਤੇ ਸਿੱਧੇ ਤੌਰ ‘ਤੇ “ਕੋਰਟ ਅਬਜ਼ਰਵਰ” ਨਿਯੁਕਤ ਕੀਤੇ ਹਨ ਜਿਹੜੇ ਚੋਣਾਂ ਦੌਰਾਨ ਨਿਗਰਾਨੀ ਕਰਨਗੇ ਅਤੇ ਕਿਸੇ ਵੀ ਗੜਬੜੀ ਦੀ ਸਿੱਧੀ ਰਿਪੋਰਟ ਮਾਨਯੋਗ ਹਾਈਕੋਰਟ ਨੂੰ ਕਰਨਗੇ। ਇਹ ਕੋਰਟ ਅਬਜ਼ਰਵਰ ਵੋਟਿੰਗ ਦੌਰਾਨ ਸਥਾਨਕ ਅਫ਼ਸਰਾਂ ਦੀ ਗਤੀਵਿਧੀ ਦੀ ਰਿਪੋਰਟ ਵੀ ਹਾਈਕੋਰਟ ਨੂੰ ਕਰਨਗੇ। ਹਾਈ ਕੋਰਟ ਨੇ ਇਹ ਵੀ ਹੁਕਮ ਦਿੱਤੇ ਹਨ ਕਿ ਵੋਟਿੰਗ ਦੌਰਾਨ ਪੋਲਿੰਗ ਬੂਥਾਂ ਦੇ ਅੰਦਰ ਅਤੇ ਬਾਹਰ ਅਤੇ ਸਟਰਾਂਗ ਰੂਮ ‘ਤੇ ਲੱਗੇ ਸੀਸੀਟੀਵੀ ਕੈਮਰੇ 24 ਘੰਟੇ ਚਾਲੂ ਹਾਲਤ ਵਿੱਚ ਰਹਿਣੇ ਚਾਹੀਦੇ ਹਨ। ਹਾਈਕੋਰਟ ਨੇ ਕਿਹਾ ਕਿ ਜੇਕਰ ਕਿਸੇ ਪੋਲਿੰਗ ਬੂਥ ਜਾਂ ਸਟਰਾਂਗ ਰੂਮ ‘ਤੇ ਇੱਕ ਮਿੰਟ ਵੀ ਕੋਈ ਸੀਸੀਟੀਵੀ ਕੈਮਰਾ ਬੰਦ ਹੋ ਗਿਆ ਤਾਂ ਇਸ ਦੀ ਜ਼ਿੰਮੇਵਾਰੀ ਸਿੱਧੇ ਤੌਰ ‘ਤੇ ਸੰਬੰਧਤ ਰਿਟਰਨਿੰਗ ਅਧਿਕਾਰੀ ਵੀ ਹੋਵੇਗੀ।

error: Content is protected !!