Gee 98News

ਬਰਨਾਲਾ,11 ਜੂਨ (ਨਿਰਮਲ ਸਿੰਘ ਪੰਡੋਰੀ)-

ਨਗਰ ਨਿਗਮ ਬਰਨਾਲਾ ਦੇ ਵਾਰਡ ਨੰਬਰ 44 ਤੋਂ ਜੇਤੂ ਕੌਂਸਲਰ ਹਸਨਪ੍ਰੀਤ ਭਾਰਦਵਾਜ ਨੇ ਬਰਨਾਲਾ ਦਾ ਪਹਿਲਾ ਮੇਅਰ ਬਣਨ ਦਾ ਮਾਣ ਪ੍ਰਾਪਤ ਕੀਤਾ।‌ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੀ ਹਾਜ਼ਰੀ ‘ਚ ਹਸਨਪ੍ਰੀਤ ਭਾਰਦਵਾਜ ਨੇ ਬਰਨਾਲਾ ਦੇ ਪਹਿਲੇ ਮੇਅਰ ਦਾ ਅਹੁਦਾ ਸੰਭਾਲਿਆ। ਦੱਸਿਆ ਜਾ ਰਿਹਾ ਹੈ ਕਿ ਮੇਅਰ ਦੀ ਚੋਣ ਮੌਕੇ ਕੁੱਲ 50 ਕੌਂਸਲਰਾਂ ਵਿੱਚੋਂ 49 ਕੌਂਸਲਰਾਂ ਨੇ ਸਰਬ ਸੰਮਤੀ ਨਾਲ ਹਸਨਪ੍ਰੀਤ ਨੂੰ ਮੇਅਰ ਚੁਣਿਆ। ਨਗਰ ਨਿਗਮ ਲਈ ਆਮ ਆਦਮੀ ਪਾਰਟੀ ਦੇ ਚੁਣੇ ਗਏ ਕੌਂਸਲਰਾਂ ਦੀ ਬੀਤੇ ਕੱਲ੍ਹ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੀ ਹਾਜ਼ਰੀ ‘ਚ ਇੱਕ ਮੀਟਿੰਗ ਹੋਈ ਜਿਸ ਵਿੱਚ ਹਸਨਪ੍ਰੀਤ ਭਾਰਦਵਾਜ ਦੇ ਨਾਮ ‘ਤੇ ਮੋਹਰ ਲਗਾਈ ਗਈ। ਦੱਸ ਦੇਈਏ ਕਿ 26 ਮਈ ਨੂੰ ਪਈਆਂ ਵੋਟਾਂ ਦੀ 29 ਮਈ ਨੂੰ ਹੋਈ ਗਿਣਤੀ ‘ਚ ਆਮ ਆਦਮੀ ਪਾਰਟੀ ਨੇ 50 ਸੀਟਾਂ ਵਿੱਚੋਂ 36 ਸੀਟਾਂ ‘ਤੇ ਜਿੱਤ ਪ੍ਰਾਪਤ ਕਰਕੇ ਸਪੱਸ਼ਟ ਬਹੁਮਤ ਪ੍ਰਾਪਤ ਕੀਤਾ, ਜਿਸ ਕਰਕੇ ਮੇਅਰ ਦੀ ਕੁਰਸੀ ‘ਤੇ ਕਾਬਜ਼ ਹੋਣ ਲਈ ਆਮ ਆਦਮੀ ਪਾਰਟੀ ਦੇ ਸਾਹਮਣੇ ਕੋਈ ਅੜਿੱਕਾ ਨਹੀਂ ਸੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਵਾਰਡ ਨੰਬਰ 44 ਤੋਂ ਚੋਣ ਲੜਨ ਲਈ ਟਿਕਟ ਕਲੀਅਰ ਹੋਣ ਤੋਂ ਬਾਅਦ ਹੀ ਹਸਨਪ੍ਰੀਤ ਭਾਰਦਵਾਜ ਨੂੰ ਨਗਰ ਨਿਗਮ ਦੇ ਪਹਿਲੇ ਮੇਅਰ ਵਜੋਂ ਦੇਖਿਆ ਜਾਣ ਲੱਗਾ ਸੀ। ਗੁਰਮੀਤ ਸਿੰਘ ਮੀਤ ਹੇਅਰ ਦੇ ਕੈਬਨਿਟ ਮੰਤਰੀ ਹੁੰਦੇ ਹੋਏ ਹਸਨਪ੍ਰੀਤ ਭਾਰਦਵਾਜ ਉਹਨਾਂ ਦੇ ਓਐਸਡੀ ਵਜੋਂ ਕਾਰਜਸ਼ੀਲ ਰਹੇ ਹਨ ਅਤੇ ਮੀਤ ਹੇਅਰ ਦੀ ਹਸਨਪ੍ਰੀਤ ਨਾਲ ਜੋੜੀ ਦੀ ਚਰਚਾ ਅਕਸਰ ਹੁੰਦੀ ਰਹੀ ਹੈ। ‌ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਬਰਨਾਲਾ ਆਪ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਦੀ ਬਗਾਵਤ ਤੋਂ ਬਾਅਦ ਹਸਨਪ੍ਰੀਤ ਭਾਰਦਵਾਜ ਕੁਝ ਸਮੇਂ ਲਈ ਬਰਨਾਲਾ ਦੀ ਰਾਜਨੀਤੀ ਵਿੱਚੋਂ ਹਾਸ਼ੀਏ ‘ਤੇ ਵੀ ਰਹੇ, ਇੱਕ ਸਮਾਂ ਅਜਿਹਾ ਵੀ ਸੀ ਜਦੋਂ ਇਹ ਚਰਚਾ ਆਮ ਹੁੰਦੀ ਰਹੀ ਕਿ ਹਸਨਪ੍ਰੀਤ ਭਾਰਦਵਾਜ ਅਤੇ ਮੀਤ ਹੇਅਰ ਵਿੱਚ ਦੂਰੀਆਂ ਪੈ ਚੁੱਕੀਆਂ ਹਨ ਅਤੇ ਹਸਨਪ੍ਰੀਤ ਭਾਰਦਵਾਜ ਹੁਣ ਰਾਜਨੀਤਿਕ ਪਲੇਟਫਾਰਮ ‘ਤੇ ਮੁੜ ਕੇ ਨਹੀਂ ਆਵੇਗਾ ਪ੍ਰੰਤੂ ਗੁਰਦੀਪ ਸਿੰਘ ਬਾਠ ਦੀ ਬਗਾਵਤ ਤੋਂ ਬਾਅਦ ਜ਼ਿਮਨੀ ਚੋਣ ਦੀ ਹਾਰ ਦੇ ਕਾਰਨ ਬਰਨਾਲਾ ਦੀ ਰਾਜਨੀਤੀ ‘ਚ ਬੈਕਫੁੱਟ ‘ਤੇ ਆਈ ਆਮ ਆਦਮੀ ਪਾਰਟੀ ਦੇ ਪਲੇਟਫਾਰਮ ‘ਤੇ ਹਸਨਪ੍ਰੀਤ ਭਾਰਦਵਾਜ ਦੀ ਦੁਬਾਰਾ ਐਂਟਰੀ ਹੋਈ ਅਤੇ ਬਾਠ ਦੀ ਬਗਾਵਤ ਤੋਂ ਬਾਅਦ ਇਹ ਡੈਮੇਜ ਕੰਟਰੋਲ ਇਹਨੂੰ ਜਿਸ ਤਰੀਕੇ ਨਾਲ ਹਸਨਪ੍ਰੀਤ ਭਾਰਤਵਾਜ਼ ਨੇ ਕੰਟਰੋਲ ਕਰਨ ਦੇ ਯਤਨ ਕੀਤੇ, ਉਹ ਅਕਸਰ ਚਰਚਾ ਵਿੱਚ ਰਹੇ। ‌ ਜੇਕਰ ਮੀਤ ਹੇਅਰ ਅਤੇ ਹਸਨਪ੍ਰੀਤ ਦੀ ਨੇੜਤਾ ਦੀ ਗੱਲ ਕੀਤੀ ਜਾਵੇ ਤਾਂ ਇਹ ਰਾਜਨੀਤੀ ਤੋਂ ਪਹਿਲਾਂ ਹੀ ਇੱਕ ਦੂਜੇ ਦੇ ਪੱਕੇ ਯਾਰ ਰਹੇ ਹਨ ਤੇ ਹੁਣ ਹਸਨਪ੍ਰੀਤ ਨੂੰ ਨਗਰ ਨਿਗਮ ਦੇ ਪਹਿਲੇ ਮੇਅਰ ਦਾ ਤਾਜ ਪਹਿਨਾ ਕੇ ਮੀਤ ਹੇਅਰ ਨੇ ਇੱਕ ਤਰੀਕੇ ਨਾਲ ਆਪਣੀ ਯਾਰੀ ਪੁਗਾ ਦਿੱਤੀ ਹੈ। ਹੁਣ ਦੇਖਣਾ ਹੋਵੇਗਾ ਕਿ ਜ਼ਿਮਨੀ ਚੋਣ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਲਈ ਬਰਨਾਲਾ ਹਲਕੇ ‘ਚ ਡੈਮੇਜ ਕੰਟਰੋਲ ਦੀ ਜ਼ਿੰਮੇਵਾਰੀ ਨੂੰ ਨਵੇਂ ਮੇਅਰ ਸਾਹਿਬ ਕਿਵੇਂ ਨਿਭਾਉਂਦੇ ਹਨ।

Leave a Reply

Your email address will not be published. Required fields are marked *

error: Content is protected !!