ਬਰਨਾਲਾ,17 ਜੂਨ ( Gee98 news service)-
ਪਿਛਲੇ ਕੁਝ ਸਮੇਂ ਤੋਂ ਬਰਨਾਲਾ ਜ਼ਿਲ੍ਹੇ ‘ਚ ਚੜ੍ਹਦੀ ਉਮਰੇ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਨੇ ਜ਼ਿਲ੍ਹੇ ‘ਚ ਚਿੰਤਾ ਦਾ ਮਾਹੌਲ ਪੈਦਾ ਕੀਤਾ ਹੈ। ਬਰਨਾਲਾ ਜ਼ਿਲ੍ਹੇ ਵਿੱਚ ਨੌਜਵਾਨਾਂ ਦੀਆਂ ਅਚਾਨਕ ਹੋ ਰਹੀਆਂ ਇਹਨਾਂ ਮੌਤਾਂ ਦੇ ਸਿਲਸਿਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ ਨੇ ਸਰਕਾਰ ‘ਤੇ ਸਵਾਲ ਖੜੇ ਕੀਤੇ ਹਨ। ਅੱਜ ਜ਼ਿਲ੍ਹੇ ਦੇ ਕਸਬਾ ਹੰਡਿਆਇਆ ਵਿਖੇ ਇੱਕ 21 ਸਾਲਾਂ ਦੇ ਨੌਜਵਾਨ ਦੀ ਮੌਤ ਹੋ ਜਾਣ ਦੀਆਂ ਖ਼ਬਰਾਂ ‘ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਵਿਧਾਇਕ ਢਿੱਲੋਂ ਨੇ ਕਿਹਾ ਕਿ ਇਹ ਕੌੜਾ ਸੱਚ ਹੈ ਕਿ ਇਸ ਮੌਤ ਅਤੇ ਇਸ ਤੋਂ ਪਹਿਲਾਂ ਹੋਈਆਂ ਮੌਤਾਂ ਦਾ ਕਾਰਨ ਨਸ਼ੇ ਦੀ ਓਵਰਡੋਜ਼ ਹੀ ਹੈ ਪ੍ਰੰਤੂ ਸਰਕਾਰ ਆਪਣੇ ਅੰਕੜਿਆਂ ਨੂੰ ਸਹੀ ਰੱਖਣ ਦੀ ਖ਼ਾਤਰ ਇਹਨਾਂ ਮੌਤਾਂ ਨੂੰ ਕੁਦਰਤੀ ਮੌਤਾਂ ਦੇ ਖਾਤੇ ਵਿੱਚ ਪਾ ਦਿੰਦੀ ਹੈ। ਹੰਡਿਆਇਆ ਵਿਖੇ 21 ਸਾਲਾਂ ਦੇ ਨੌਜਵਾਨ ਦੀ ਦੁਖਦਾਈ ਮੌਤ ਸਬੰਧੀ ਵਿਧਾਇਕ ਢਿੱਲੋਂ ਨੇ ਕਿਹਾ ਕਿ ਇਸ ਘਟਨਾ ਨੇ ਪੂਰੇ ਇਲਾਕੇ ਨੂੰ ਗ਼ਮਗੀਨ ਕਰ ਦਿੱਤਾ ਹੈ ਅਤੇ ਮਾਪਿਆਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਪਰਿਵਾਰ ਦਾ ਦੁੱਖ ਨਹੀਂ, ਸਗੋਂ ਪੰਜਾਬ ਦੇ ਹਰ ਉਸ ਘਰ ਦੀ ਤਸਵੀਰ ਹੈ ਜੋ ਨਸ਼ਿਆਂ ਦੀ ਮਾਰ ਝੱਲ ਰਿਹਾ ਹੈ। ਪੰਜਾਬ ਵਿੱਚ ਵਧ ਰਹੀ ਨਸ਼ਾਖੋਰੀ ਦੀ ਸਮੱਸਿਆ ਅਤੇ ਨੌਜਵਾਨਾਂ ਦੀਆਂ ਲਗਾਤਾਰ ਹੋ ਰਹੀਆਂ ਮੌਤਾਂ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਨਸ਼ਾ ਅੱਜ ਵੀ ਆਸਾਨੀ ਨਾਲ ਉਪਲਬਧ ਹੋ ਰਿਹਾ ਹੈ ਅਤੇ ਪੰਜਾਬ ਦਾ ਨੌਜਵਾਨ ਵਰਗ ਇਸ ਦੀ ਲਪੇਟ ਵਿੱਚ ਆ ਕੇ ਆਪਣੀਆਂ ਕੀਮਤੀ ਜਾਨਾਂ ਗੁਆ ਰਿਹਾ ਹੈ।ਕਾਲਾ ਢਿੱਲੋਂ ਨੇ ਕਿਹਾ ਕਿ ਪਿੰਡ ਹੰਡਿਆਇਆ ਦੀ ਇਹ ਘਟਨਾ ਪੰਜਾਬ ਸਰਕਾਰ ਦੇ ਨਸ਼ਾ ਰੋਕੂ ਦਾਵਿਆਂ ਦੀ ਅਸਲੀਅਤ ਨੂੰ ਬਿਆਨ ਕਰਦੀ ਹੈ। ਜਦੋਂ 21 ਸਾਲ ਦੀ ਉਮਰ ਵਿੱਚ ਨੌਜਵਾਨ ਆਪਣੀਆਂ ਜਾਨਾਂ ਗੁਆ ਰਹੇ ਹਨ ਤਾਂ ਇਹ ਸਪੱਸ਼ਟ ਹੈ ਕਿ ਨਸ਼ਿਆਂ ਦਾ ਜਾਲ ਅਜੇ ਵੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਫੈਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹਰ ਰੋਜ਼ ਪੰਜਾਬ ਵਿੱਚ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਬਹੁਤ ਹੀ ਚਿੰਤਾਜਨਕ ਹਨ ਅਤੇ ਸਰਕਾਰ ਨੂੰ ਸਿਆਸੀ ਬਿਆਨਬਾਜ਼ੀ ਦੀ ਬਜਾਏ ਜ਼ਮੀਨੀ ਪੱਧਰ ’ਤੇ ਸਖ਼ਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਰਨ ਦੀ ਲੋੜ ਹੈ।ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਨਸ਼ਾ ਨਾ ਰੁਕਣ ਦੇ ਕਈ ਗੰਭੀਰ ਕਾਰਨ ਹਨ, ਜਿਨ੍ਹਾਂ ਵੱਲ ਸਰਕਾਰ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਅਤੇ ਲਗਾਤਾਰ ਕਾਰਵਾਈ ਦੀ ਕਮੀ ਕਾਰਨ ਵੱਡੇ ਪੱਧਰ ’ਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕ ਕਾਨੂੰਨ ਦੀ ਪਕੜ ਤੋਂ ਬਚ ਜਾਂਦੇ ਹਨ। ਇਸ ਤੋਂ ਇਲਾਵਾ ਸਰਹੱਦੀ ਖੇਤਰਾਂ ਰਾਹੀਂ ਨਸ਼ਿਆਂ ਦੀ ਤਸਕਰੀ ਲਗਾਤਾਰ ਜਾਰੀ ਹੈ, ਜਿਸ ਕਾਰਨ ਪੰਜਾਬ ਵਿੱਚ ਨਸ਼ਿਆਂ ਦੀ ਸਪਲਾਈ ਰੁਕ ਨਹੀਂ ਰਹੀ।