-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਹੀ ਸਰਕਾਰ ਦੇ ਹੁਕਮਾਂ ਦੀਆਂ ਸ਼ਰੇਆਮ ਉੱਡ ਰਹੀਆਂ ਨੇ ਧੱਜੀਆਂ
ਬਰਨਾਲਾ, 17 ਜੂਨ (Gee98 news service)-
-ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਵਿਭਾਗਾਂ ਦੇ ਸਰਕਾਰੀ ਦਫ਼ਤਰਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਸਾਰੇ ਦਫ਼ਤਰ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 1:30 ਵਜੇ ਤੱਕ ਹੀ ਖੁੱਲਣਗੇ ਇਸ ਤੋਂ ਬਾਅਦ ਸਾਰੇ ਵਿਭਾਗਾਂ ਦੇ ਕਰਮਚਾਰੀਆਂ ਨੂੰ ਦਫ਼ਤਰ ਬੰਦ ਕਰਨੇ ਜ਼ਰੂਰੀ ਹਨ। ਸਰਕਾਰ ਦੇ ਇਹਨਾਂ ਹੁਕਮਾਂ ਦੀ ਬਰਨਾਲਾ ਜ਼ਿਲ੍ਹੇ ਦੇ ਬਹੁਤੇ ਸਰਕਾਰੀ ਵਿਭਾਗਾਂ ਵੱਲੋਂ ਪਾਲਣਾ ਕੀਤੀ ਜਾ ਰਹੀ ਹੈ ਪ੍ਰੰਤੂ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਮੁਖੀ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਹੀ ਸਰਕਾਰ ਦੇ ਇਹਨਾਂ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਸੂਤਰਾਂ ਵੱਲੋਂ ਦਿੱਤੀ ਜਾਣਕਾਰੀ ਦੇ ਅਧਾਰ ‘ਤੇ ਜਦ ਪੱਤਰਕਾਰਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਪਹਿਲੀ ਮੰਜ਼ਿਲ ‘ਤੇ ਕਮਰਾ ਨੰਬਰ 15 ਵਿੱਚ ਜਾ ਕੇ ਵੇਖਿਆ ਤਾਂ ਦੁਪਹਿਰ ਬਾਅਦ 2.30 ਵਜੇ ਤੱਕ ਕਰਮਚਾਰੀ ਆਪਣੀਆਂ ਕੁਰਸੀਆਂ ‘ਤੇ ਬੈਠੇ ਫਾਈਲਾਂ ਫਰੋਲ ਕੇ ਕੰਮ ਕਰ ਰਹੇ ਸਨ, ਕਮਰੇ ਅੰਦਰ ਪੱਖੇ ਅਤੇ ਲਾਈਟਾਂ ਮਾਰੋ ਮਾਰ ਚੱਲ ਰਹੇ ਸਨ ਜਦਕਿ ਸਰਕਾਰ ਨੇ ਬਿਜਲੀ ਦੀ ਖਪਤ ਦੇ ਵੱਧ ਰਹੇ ਅੰਕੜਿਆਂ ਨੂੰ ਕਾਬੂ ਵਿੱਚ ਰੱਖਣ ਲਈ ਹੀ ਦਫ਼ਤਰਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਹੈ। ਸੂਤਰਾਂ ਅਨੁਸਾਰ ਇਹਨਾਂ ਕਰਮਚਾਰੀਆਂ ਵੱਲੋਂ ਅਕਸਰ ਹੀ ਤਿੰਨ ਵਜੇ ਤੋਂ ਬਾਅਦ ਤੱਕ ਵੀ ਕੰਮ ਕੀਤਾ ਜਾਂਦਾ ਹੈ ਜਦ ਕਿ ਦਫ਼ਤਰੀ ਸਮਾਂ ਸਰਕਾਰ ਦੇ ਹੁਕਮਾਂ ਅਨੁਸਾਰ 1.30 ਵਜੇ ਤੱਕ ਦਾ ਹੀ ਹੈ। ਜਦੋਂ ਪੱਤਰਕਾਰਾਂ ਨੇ ਕਮਰੇ ਵਿੱਚ ਪ੍ਰਵੇਸ਼ ਕੀਤਾ ਤਾਂ ਪੱਤਰਕਾਰਾਂ ਨੂੰ ਦੇਖ ਕੇ ਕਮਰੇ ‘ਚ ਹਾਜ਼ਰ ਕਰਮਚਾਰੀਆਂ ਨੇ ਫਟਾਫਟ ਆਪਣੀਆਂ ਫਾਈਲਾਂ ਬੰਦ ਕਰਕੇ ਭੱਜਣ ਦੀ ਕੀਤੀ ਜਦਕਿ ਕਿਸੇ ਵੀ ਕਰਮਚਾਰੀ ਨੇ ਦਫ਼ਤਰੀ ਸਮੇਂ ਤੋਂ ਬਾਅਦ ਬੈਠ ਕੇ ਕੰਮ ਕਰਨ ਸਬੰਧੀ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਹੁਣ ਇਹ ਜਾਂਚ ਦਾ ਵਿਸ਼ਾ ਹੈ ਕਿ ਕੀ ਇਹਨਾਂ ਕਰਮਚਾਰੀਆਂ ਦੇ ਉੱਚ ਅਧਿਕਾਰੀਆਂ ਨੇ ਇਹਨਾਂ ਨੂੰ ਕੋਈ ਵਾਧੂ ਕੰਮ ਦਿੱਤਾ ਸੀ ਜਿਹੜਾ ਕਿ ਇਹਨਾਂ ਤੋਂ ਦਫ਼ਤਰੀ ਸਮੇਂ ਵਿੱਚ ਪੂਰਾ ਨਹੀਂ ਹੋਇਆ ? ਜੇਕਰ ਅਜਿਹਾ ਨਹੀਂ ਸੀ ਤਾਂ ਫਿਰ ਉਹ ਕਿਹੜਾ ਕੰਮ ਸੀ ਜਿਸ ਨੂੰ ਇਹ ਕਰਮਚਾਰੀ ਸਾਰਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬੰਦ ਹੋਣ ਤੋਂ ਬਾਅਦ ਵੀ ਕਰ ਰਹੇ ਸਨ ?