ਉਚ ਅਧਿਕਾਰੀਆਂ ਦੇ ਲਾਰਿਆਂ ਤੋਂ ਅੱਕ ਕੇ ਛੱਡ ਦਿੱਤੀਆਂ ਕਲਮਾਂ
ਬਰਨਾਲਾ, 18 ਜੂਨ (ਨਿਰਮਲ ਸਿੰਘ ਪੰਡੋਰੀ)-
-ਬੀਡੀਪੀਓ ਦਫ਼ਤਰ ਬਰਨਾਲਾ ਦੇ ਹੜ੍ਹਤਾਲ ‘ਤੇ ਚੱਲ ਰਹੇ ਕਰਮਚਾਰੀਆਂ ਦਾ ਮਾਮਲਾ ਹੋਰ ਪੇਚੀਦਾ ਬਣਦਾ ਜਾ ਰਿਹਾ ਹੈ। ਦਰਅਸਲ ਇਹ ਕਰਮਚਾਰੀ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ ਕਾਫੀ ਲੰਮੇ ਸਮੇਂ ਤੋਂ ਧਰਨੇ ‘ਤੇ ਬੈਠੇ ਸਨ ਪ੍ਰੰਤੂ ਬੀਤੇ ਕੱਲ੍ਹ ਤੋਂ ਹੁਣ ਇਹਨਾਂ ਕਰਮਚਾਰੀਆਂ ਨੇ ਕਲਮ ਛੋੜ ਹੜ੍ਹਤਾਲ ਵੀ ਸ਼ੁਰੂ ਕਰ ਦਿੱਤੀ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਲੰਮਾ ਸਮਾਂ ਧਰਨੇ ‘ਤੇ ਬੈਠਣ ਤੋਂ ਬਾਵਜੂਦ ਵੀ ਇਹਨਾਂ ਕਰਮਚਾਰੀਆਂ ਦੀ ਪ੍ਰਸ਼ਾਸਨ ਨੇ ਕੋਈ ਗੱਲ ਨਹੀਂ ਸੁਣੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬੀਡੀਪੀਓ ਦਫ਼ਤਰ ਬਰਨਾਲਾ ਦੇ ਸਾਰੇ ਕਰਮਚਾਰੀਆਂ ਦੀ ਤਨਖਾਹ ਸਰਕਾਰ ਵੱਲੋਂ ਨਹੀਂ ਰੁਕੀ ਹੋਈ ਸਗੋਂ ਸਥਾਨਕ ਅਧਿਕਾਰੀਆਂ ਦੀ ਇੱਕ ਗ਼ਲਤੀ ਕਾਰਨ ਹੀ ਇਹ ਸਾਰੇ ਕਰਮਚਾਰੀ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਤਨਖਾਹ ਤੋਂ ਵਾਂਝੇ ਹਨ।
-ਕੀ ਹੈ ਪੂਰਾ ਮਾਮਲਾ
ਕਈ ਸਾਲ ਪਹਿਲਾਂ ਬਠਿੰਡਾ-ਜੀਰਕਪੁਰ ਨੈਸ਼ਨਲ ਹਾਈਵੇ ‘ਤੇ ਬਰਨਾਲਾ ਤੋਂ ਸੰਗਰੂਰ ਦੇ ਵਿਚਕਾਰ ਇੱਕ ਸੜਕ ਹਾਦਸੇ ਵਿੱਚ ਗਾਂ ਨਾਲ ਟੱਕਰ ਹੋ ਜਾਣ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਮ੍ਰਿਤਕ ਵਿਅਕਤੀ ਦੇ ਵਾਰਸਾਂ ਨੇ ਅਦਾਲਤ ਵਿੱਚ ਮੁਆਵਜੇ ਦਾ ਕੇਸ ਪਾਇਆ ਜਿਸ ਵਿੱਚ ਉਹਨਾਂ ਨੇ ਡਿਪਟੀ ਕਮਿਸ਼ਨਰ ਬਰਨਾਲਾ, ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਸਮੇਤ ਕਈ ਵਿਭਾਗਾਂ ਨੂੰ ਪਾਰਟੀ ਬਣਾਇਆ। ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਬਰਨਾਲਾ ਦੀ ਇੱਕ ਅਦਾਲਤ ਨੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਹੁਕਮ ਦਿੱਤਾ ਕਿ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ। ਸੁਣਵਾਈ ਦੌਰਾਨ ਅਦਾਲਤ ਨੇ ਡੀਸੀ ਬਰਨਾਲਾ ਤੋਂ ਇੱਕ ਬੈਂਕ ਖਾਤਾ ਮੰਗਿਆ ਸੀ ਜਿਸ ਨੂੰ ਇਸ ਕੇਸ ਨਾਲ ਜੋੜਿਆ ਜਾਣਾ ਸੀ। ਅਦਾਲਤ ਦੇ ਹੁਕਮਾਂ ਤੋਂ ਬਾਅਦ ਡੀਸੀ ਬਰਨਾਲਾ ਨੇ ਬੀਡੀਪੀਓ ਬਰਨਾਲਾ ਨੂੰ ਬੈਂਕ ਖਾਤਾ ਦੇਣ ਲਈ ਪੱਤਰ ਲਿਖਿਆ ਜਿਸ ਤੋਂ ਬਾਅਦ ਬੀਡੀਪੀਓ ਦਫ਼ਤਰ ਬਰਨਾਲਾ ਦੇ ਅਕਾਊਂਟੈਂਟ ਨੇ ਪੰਚਾਇਤ ਸੰਮਤੀ ਸਾਈਡ ਦਾ ਬੈਂਕ ਖਾਤਾ ਦੇ ਦਿੱਤਾ ਜੋ ਅਦਾਲਤੀ ਕੇਸ ਨਾਲ ਅਟੈਚ ਹੋ ਗਿਆ। ਜਦੋਂ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਮ੍ਰਿਤਕ ਦੇ ਪਰਿਵਾਰ ਨੂੰ ਕੋਈ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਅਦਾਲਤੀ ਹੁਕਮਾਂ ਤੋਂ ਬਾਅਦ ਇਸ ਕੇਸ ਨਾਲ ਅਟੈਚ ਕੀਤਾ ਖਾਤਾ ਬਲਾੱਕ ਕਰ ਦਿੱਤਾ ਗਿਆ। ਇਸੇ ਖਾਤੇ ਤੋਂ ਬੀਡੀਪੀਓ ਦਫ਼ਤਰ ਬਰਨਾਲਾ ਦੇ ਹੜ੍ਹਤਾਲ ‘ਤੇ ਬੈਠੇ ਕਰਮਚਾਰੀਆਂ ਦੀ ਤਨਖਾਹ ਮਿਲਦੀ ਸੀ। ਇਹਨਾਂ ਕਰਮਚਾਰੀਆਂ ਦੇ ਇਹ ਵੀ ਦੋਸ਼ ਹਨ ਕਿ ਸੜਕ ਹਾਦਸੇ ਨਾਲ ਪੇਂਡੂ ਪੰਚਾਇਤ ਵਿਭਾਗ ਦਾ ਕੋਈ ਲਾਕਾ ਦੇਕਾ ਵੀ ਨਹੀਂ ਇਸ ਦੇ ਬਾਵਜੂਦ ਵੀ ਉਹਨਾਂ ਦਾ ਖਾਤਾ ਇਸ ਕੇਸ ਨਾਲ ਜੋੜ ਦਿੱਤਾ ਗਿਆ। ਇਹ ਕਰਮਚਾਰੀ ਦਫ਼ਤਰ ਦੇ ਅਕਾਊਂਟੈਂਟ ‘ਤੇ ਵੀ ਦੋਸ਼ ਲਗਾਉਂਦੇ ਹਨ ਕਿ ਉਸਨੇ ਪੱਖਪਾਤੀ ਤਰੀਕੇ ਨਾਲ ਉਹਨਾਂ ਦੀ ਤਨਖਾਹ ਵਾਲਾ ਖਾਤਾ ਅਦਾਲਤੀ ਕੇਸ ਨਾਲ ਜੋੜ ਦਿੱਤਾ ਹੈ।
–ਡੀਸੀ ਵੱਲੋਂ ਵੀ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਮਿਲਿਆ
ਇਹ ਕਰਮਚਾਰੀ ਆਪਣੀਆਂ ਤਨਖਾਹਾਂ ਰੁਕਣ ਤੋਂ ਬਾਅਦ ਕਈ ਵਾਰ ਡੀਸੀ ਬਰਨਾਲਾ ਨੂੰ ਮਿਲ ਚੁੱਕੇ ਹਨ ਪ੍ਰੰਤੂ ਹਰ ਵਾਰ ਇਹਨਾਂ ਨੂੰ ਲਾਰੇ ਹੀ ਮਿਲਦੇ ਹਨ। ਇਸ ਮਾਮਲੇ ‘ਚ ਹੈਰਾਨੀ ਇਸ ਗੱਲ ਦੀ ਵੀ ਹੈ ਜਿੱਥੇ ਇਹ ਕਰਮਚਾਰੀ ਕਈ ਮਹੀਨਿਆਂ ਤੋਂ ਤਨਖਾਹ ਤੋਂ ਵਾਂਝੇ ਹਨ ਉਥੇ ਮ੍ਰਿਤਕ ਵਿਅਕਤੀ ਦੇ ਪਰਿਵਾਰ ਨੂੰ ਕਈ ਸਾਲ ਬੀਤਣ ਦੇ ਬਾਵਜੂਦ ਅਜੇ ਤੱਕ ਮੁਆਵਜ਼ੇ ਦਾ ਕੋਈ ਪੈਸਾ ਨਹੀਂ ਦਿੱਤਾ ਗਿਆ। ਇਹ ਸਮਝ ਤੋਂ ਪਰ੍ਹੇ ਹੈ ਕਿ ਡੀਸੀ ਬਰਨਾਲਾ ਇਸ ਮਾਮਲੇ ਨੂੰ ਇੰਨੇ ਹਲਕੇ ਢੰਗ ਨਾਲ ਕਿਉਂ ਲੈ ਰਹੇ ਹਨ ਜਦਕਿ ਇਸ ਸਮੁੱਚੇ ਮਾਮਲੇ ਨਾਲ ਜਿੱਥੇ ਬੀਡੀਪੀਓ ਦਫ਼ਤਰ ਬਰਨਾਲਾ ਦੇ ਕਰਮਚਾਰੀਆਂ ਦੇ ਪਰਿਵਾਰਾਂ ਦਾ ਗੁਜ਼ਾਰਾ ਜੁੜਿਆ ਹੋਇਆ ਉੱਥੇ ਮ੍ਰਿਤਕ ਵਿਅਕਤੀ ਦੇ ਪਰਿਵਾਰ ਦੇ ਬੱਚਿਆਂ ਦਾ ਭਵਿੱਖ ਵੀ ਜੁੜਿਆ ਹੋਇਆ ਹੈ ਜਿਨਾਂ ਦਾ ਇੱਕੋ ਇੱਕ ਸਹਾਰਾ ਸੜਕ ਹਾਦਸੇ ਦੀ ਭੇਂਟ ਚੜ ਗਿਆ ਸੀ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਡੀਸੀ ਬਰਨਾਲਾ ਵੱਲੋਂ ਅਦਾਲਤੀ ਹੁਕਮਾਂ ਦੇ ਬਾਵਜੂਦ ਵੀ ਮ੍ਰਿਤਕ ਵਿਅਕਤੀ ਦੇ ਪਰਿਵਾਰ ਨੂੰ ਕਈ ਸਾਲ ਬੀਤਣ ਦੇ ਬਾਵਜੂਦ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। ਸੂਤਰਾਂ ਅਨੁਸਾਰ ਮੁਆਵਜ਼ੇ ਦੀ ਇਹ ਰਾਸ਼ੀ ਲੱਗਭੱਗ 21-22 ਲੱਖ ਰੁਪਏ ਬਣ ਚੁੱਕੀ ਹੈ।
-ਗੁਪਤ ਐਕਸ਼ਨ ਦੇ ਮੂਡ ਵਿੱਚ ਦਫ਼ਤਰੀ ਕਰਮਚਾਰੀ
ਲੰਮਾ ਸਮਾਂ ਰੋਸ ਧਰਨੇ ‘ਤੇ ਬੈਠਣ ਤੋਂ ਬਾਅਦ ਕਲਮ ਛੋੜ ਹੜ੍ਹਤਾਲ ਕਰਨ ਵਾਲੇ ਬੀਡੀਪੀਓ ਦਫ਼ਤਰ ਬਰਨਾਲਾ ਦੇ ਕਰਮਚਾਰੀ ਆਪਣੀ ਤਨਖਾਹ ਲੈਣ ਲਈ ਕਿਸੇ ਹੱਦ ਤੱਕ ਵੀ ਜਾਣ ਲਈ ਤਿਆਰ ਹਨ। ਇਹਨਾਂ ਕਰਮਚਾਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ “ਅਸੀਂ ਥੋੜੇ ਦਿਨ ਹੋਰ ਉਡੀਕਾਂਗੇ, ਜੇਕਰ ਸਾਡੀਆਂ ਤਨਖਾਹਾਂ ਸਾਡੇ ਖਾਤਿਆਂ ਵਿੱਚ ਨਾ ਪਾਈਆਂ ਗਈਆਂ ਤਾਂ ਅਸੀਂ ਕੋਈ ਅਜਿਹਾ ਗੁਪਤ ਐਕਸ਼ਨ ਕਰਾਂਗੇ ਜਿਸ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ”। ਉਕਤ ਕਰਮਚਾਰੀਆਂ ਨੇ ਕਿਹਾ ਕਿ ਉਹਨਾਂ ਦੇ ਘਰ ਦਾ ਗੁਜ਼ਾਰਾ ਸਿਰਫ਼ ਤਨਖਾਹਾਂ ਦੇ ਸਿਰ ‘ਤੇ ਚੱਲਦਾ ਹੈ ਹੁਣ ਕਈ ਮਹੀਨੇ ਹੋ ਗਏ ਤਨਖਾਹ ਨਹੀਂ ਮਿਲੀ ਤਾਂ ਉਹਨਾਂ ਦੇ ਚੁੱਲੇ ਠੰਡੇ ਹੋਏ ਹਨ, ਬੱਚਿਆਂ ਦੀ ਫੀਸ ਭਰਨ ਲਈ ਪੈਸੇ ਨਹੀਂ ਹਨ, ਦੁਕਾਨ ਵਾਲਾ ਰਾਸ਼ਨ ਦੇਣ ਤੋਂ ਆਨਾਕਾਨੀ ਕਰ ਰਿਹਾ ਹੈ, ਦੁੱਧ ਦਵਾਈਆਂ ਅਤੇ ਹੋਰ ਲੋੜੀਂਦੇ ਖਰਚਿਆਂ ਲਈ ਕਿਸੇ ਪਾਸੇ ਤੋਂ ਕੋਈ ਪੈਸਾ ਨਹੀਂ ਮਿਲ ਰਿਹਾ।
ਫੋਟੋ ਕੈਪਸ਼ਨ-ਬੀਡੀਪੀਓ ਦਫ਼ਤਰ ਬਰਨਾਲਾ ਦਾ ਮੇਨ ਗੇਟ ਬੰਦ ਕਰਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਰਮਚਾਰੀ।