Skip to main content

Gee 98News

ਸੁਪਰੀਮ ਕੋਰਟ ਦੀ ਸਖ਼ਤੀ ਤੋਂ ਬਾਅਦ ਪੰਜਾਬ ‘ਚ ਜਲਦੀ ਹੋਵੇਗੀ ਪੱਕੇ ਡੀਜੀਪੀ ਦੀ ਨਿਯੁਕਤੀ

UPSC ਨੇ 30 ਜੂਨ ਨੂੰ ਸੱਦੀ ਅਹਿਮ ਮੀਟਿੰਗ,14 IPS ਅਧਿਕਾਰੀਆਂ ਦੀ ਸੂਚੀ ‘ਚੋਂ ਤਿਆਰ ਹੋਵੇਗਾ 3 ਨਾਵਾਂ ਦਾ ਪੈਨਲ,

‌-ਮੌਜੂਦਾ ਕਾਰਜਕਾਰੀ ਮੁਖੀ ਗੌਰਵ ਯਾਦਵ ਵੀ ਦੌੜ ਵਿੱਚ ਸ਼ਾਮਲ

ਚੰਡੀਗੜ੍ਹ,21 ਜੂਨ, Gee98 News service-

Gee98 Ads

ਪੰਜਾਬ ‘ਚ ਜਲਦੀ ਹੀ ਪੱਕੇ DGP ਦੀ ਨਿਯੁਕਤੀ ਹੋਵੇਗੀ। ਸੰਘੀ ਲੋਕ ਸੇਵਾ ਕਮਿਸ਼ਨ (UPSC) ਵੱਲੋਂ ਸੂਬੇ ਦੇ ਨਵੇਂ ਪੁਲਿਸ ਮੁਖੀ ਲਈ ਅਧਿਕਾਰੀਆਂ ਦਾ ਪੈਨਲ ਸ਼ਾਰਟਲਿਸਟ ਕਰਨ ਵਾਸਤੇ ਆਉਂਦੀ 30 ਜੂਨ ਨੂੰ ਨਵੀਂ ਦਿੱਲੀ ਵਿਖੇ ਇੱਕ ਉੱਚ ਪੱਧਰੀ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ਵਿੱਚ ਯੂਪੀਐਸਸੀ ਵੱਲੋਂ ਤਿੰਨ ਸੀਨੀਅਰ ਆਈਪੀਐਸ (IPS) ਅਧਿਕਾਰੀਆਂ ਦੇ ਨਾਮ ਫਾਈਨਲ ਕਰਕੇ ਪੰਜਾਬ ਸਰਕਾਰ ਨੂੰ ਭੇਜੇ ਜਾਣਗੇ, ਜਿਨ੍ਹਾਂ ਵਿੱਚੋਂ ਮੁੱਖ ਮੰਤਰੀ ਵੱਲੋਂ ਕਿਸੇ ਇੱਕ ਅਧਿਕਾਰੀ ਦੇ ਨਾਮ ‘ਤੇ ਅੰਤਿਮ ਮੋਹਰ ਲਗਾ ਕੇ ਉਸ ਨੂੰ ਸੂਬੇ ਦਾ ਪੁਲਿਸ ਮੁਖੀ ਨਿਯੁਕਤ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਜੁਲਾਈ 2022 ਵਿੱਚ ਗੌਰਵ ਯਾਦਵ ਨੂੰ ਕਾਰਜਕਾਰੀ (ਐਕਟਿੰਗ) ਡੀਜੀਪੀ ਵਜੋਂ ਤਾਇਨਾਤ ਕੀਤਾ ਸੀ। ਰਾਜ ਵਿੱਚ ਪੱਕੇ ਤੌਰ ‘ਤੇ ਡੀਜੀਪੀ ਦੀ ਨਿਯੁਕਤੀ ਪ੍ਰਕਿਰਿਆ ਨੂੰ ਅਮਲ ਵਿੱਚ ਲਿਆਉਣ ਲਈ ਯੂਪੀਐਸਸੀ ਨੇ ਇਸੇ ਸਾਲ 18 ਫਰਵਰੀ ਨੂੰ ਪੰਜਾਬ ਸਰਕਾਰ ਪਾਸੋਂ ਯੋਗ ਅਧਿਕਾਰੀਆਂ ਦਾ ਰਿਕਾਰਡ ਮੰਗਿਆ ਸੀ। ਇਹ ਕਾਰਵਾਈ ਸੁਪਰੀਮ ਕੋਰਟ ਦੇ ਉਸ ਸਖ਼ਤ ਨਿਰਦੇਸ਼ ਤੋਂ ਬਾਅਦ ਸ਼ੁਰੂ ਹੋਈ ਹੈ, ਜਿਸ ਵਿੱਚ ਅਦਾਲਤ ਨੇ ਪੰਜਾਬ ਸਮੇਤ ਕਈ ਰਾਜਾਂ ਵਿੱਚ ਲੰਬੇ ਸਮੇਂ ਤੋਂ ਕਾਰਜਕਾਰੀ ਡੀਜੀਪੀ ਰਾਹੀਂ ਕੰਮ ਚਲਾਉਣ ‘ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਸੀ। ਪੰਜਾਬ ਸਰਕਾਰ ਵੱਲੋਂ ਬੀਤੀ 6 ਅਪ੍ਰੈਲ ਨੂੰ UPSC ਨੂੰ 14 ਯੋਗ IPS ਅਧਿਕਾਰੀਆਂ ਦੇ ਨਾਮ ਭੇਜੇ ਗਏ ਸਨ। ਇਸ ਸੂਚੀ ਵਿੱਚ ਮੌਜੂਦਾ ਕਾਰਜਕਾਰੀ DGP ਗੌਰਵ ਯਾਦਵ (1992 ਬੈਚ) ਦਾ ਨਾਮ ਵੀ ਸ਼ਾਮਲ ਹੈ। ਸੀਨੀਆਰਤਾ ਦੇ ਹਿਸਾਬ ਨਾਲ ਉਹ ਆਪਣੇ 1992 ਬੈਚ ਦੇ ਚਾਰ ਅਧਿਕਾਰੀਆਂ ਵਿੱਚੋਂ ਤੀਜੇ ਸਥਾਨ ‘ਤੇ ਆਉਂਦੇ ਹਨ। ਇਸ ਬੈਚ ਵਿੱਚ ਸਭ ਤੋਂ ਸੀਨੀਅਰ ਅਧਿਕਾਰੀ ਡਾ. ਸ਼ਰਦ ਸਤਿਆ ਚੌਹਾਨ ਹਨ, ਜਿਨ੍ਹਾਂ ਤੋਂ ਬਾਅਦ ਕ੍ਰਮਵਾਰ ਹਰਪ੍ਰੀਤ ਸਿੰਘ ਸਿੱਧੂ, ਗੌਰਵ ਯਾਦਵ ਅਤੇ ਕੁਲਦੀਪ ਸਿੰਘ ਦਾ ਨਾਮ ਆਉਂਦਾ ਹੈ। ਸਰਕਾਰ ਵੱਲੋਂ ਭੇਜੇ ਗਏ ਇਸ ਪ੍ਰਸਤਾਵ ਵਿੱਚ 1993 ਬੈਚ ਦੇ 3 ਅਤੇ 1994 ਬੈਚ ਦੇ 7 ਹੋਰ ਉੱਚ ਅਧਿਕਾਰੀਆਂ ਦੇ ਨਾਮ ਵੀ ਸ਼ਾਮਲ ਕੀਤੇ ਗਏ ਹਨ।
ਪੰਜਾਬ ਸਰਕਾਰ ਵੱਲੋਂ UPSC ਨੂੰ ਭੇਜੇ ਗਏ ਬੈਚ ‘ਚ ਸ਼ਾਮਲ IPS ਅਧਿਕਾਰੀਆਂ ਦੇ ਨਾਮ
1992 ਦੇ ਬੈਚ ਸ੍ਰੀ ਗੌਰਵ ਯਾਦਵ, ਡਾ. ਸ਼ਰਦ ਸਤਿਆ ਚੌਹਾਨ, ਕੁਲਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਸਿੱਧੂ ਦੇ ਨਾਮ ਸ਼ਾਮਿਲ ਹਨ ਜਦਕਿ 1993 ਬੈਚ ਵਿੱਚ ਗੁਰਪ੍ਰੀਤ ਕੌਰ ਦਿਓ, ਜਤਿੰਦਰ ਕੁਮਾਰ ਜੈਨ ਅਤੇ ਸ਼ਸ਼ੀ ਪ੍ਰਭਾ ਦ੍ਰਿਵੇਦੀ ਅਤੇ 1994 ਬੈਚ ਵਿੱਚ ਸੁਧਾਂਸ਼ੂ ਸ਼ੇਖਰ ਸ੍ਰੀਵਾਸਤਵ, ਪ੍ਰਵੀਨ ਕੁਮਾਰ ਸਿਨਹਾ, ਅਮਰਦੀਪ ਸਿੰਘ ਰਾਏ, ਵੀ. ਨੀਰਜਾ, ਅਨੀਤਾ ਪੁੰਜ, ਨਰੇਸ਼ ਕੁਮਾਰ ਅਤੇ ਰਾਮ ਸਿੰਘ ਦੇ ਨਾਮ ਸ਼ਾਮਲ ਹਨ। ਪੰਜਾਬ ਦੇ ਪੱਕੇ ਡੀਜੀਪੀ ਦੀ ਨਿਯੁਕਤੀ ਪ੍ਰਕਿਰਿਆ ਤੋਂ ਪਹਿਲਾਂ 1989 ਬੈਚ ਦੇ ਸਾਮੰਤ ਗੋਇਲ ਨੇ ਇਸ ਅਹੁਦੇ ਲਈ ਆਪਣੀ ਅਸਮਰੱਥਾ ਪ੍ਰਗਟਾਈ ਸੀ, ਜਦਕਿ ਅਰਪਿਤ ਸ਼ੁਕਲਾ ਅਤੇ ਈਸ਼ਵਰ ਸਿੰਘ ਆਪਣੀ ਸੇਵਾਮੁਕਤੀ ਦੇ ਬਿਲਕੁਲ ਨੇੜੇ ਹੋਣ ਕਾਰਨ ਇਸ ਚੋਣ ਪ੍ਰਕਿਰਿਆ ਤੋਂ ਬਾਹਰ ਹੋ ਗਏ ਹਨ।ਯੂਪੀਐਸਸੀ ਵੱਲੋਂ 14 ਅਧਿਕਾਰੀਆਂ ਦੀ ਸੂਚੀ ਵਿੱਚੋਂ ਤਿੰਨ ਅਧਿਕਾਰੀਆਂ ਦੇ ਨਾਵਾਂ ਦੀ ਸੂਚੀ ਪੰਜਾਬ ਸਰਕਾਰ ਨੂੰ ਭੇਜੇ ਜਾਣੀ ਹੈ। ਪੰਜਾਬ ਦੇ ਡੀਜੀਪੀ ਦੀ ਨਿਯੁਕਤੀ ਦੀ ਦੌੜ ਵਿੱਚ 1992 ਬੈਚ ਦੇ ਅਧਿਕਾਰੀਆਂ ਦੇ ਨਾਮ ਸਭ ਤੋਂ ਅੱਗੇ ਚੱਲ ਰਹੇ ਹਨ। ਜੇਕਰ ਯੂਪੀਐਸਸੀ ਵੱਲੋਂ ਸਭ ਤੋਂ ਸੀਨੀਅਰ ਤਿੰਨ ਅਧਿਕਾਰੀਆਂ ਦਾ ਪੈਨਲ ਤਿਆਰ ਕੀਤਾ ਜਾਂਦਾ ਹੈ, ਤਾਂ ਉਸ ਵਿੱਚਸ਼ਰਦ ਸਤਿਆ ਚੌਹਾਨ, ਹਰਪ੍ਰੀਤ ਸਿੰਘ ਸਿੱਧੂ ਦੇ ਨਾਲ ਮੌਜੂਦਾ ਕਾਰਜਕਾਰੀ ਮੁਖੀ ਗੌਰਵ ਯਾਦਵ ਦਾ ਨਾਮ ਸ਼ਾਮਲ ਰਹਿਣ ਦੀ ਪੂਰੀ ਉਮੀਦ ਹੈ, ਜਿਸ ਨਾਲ ਪੰਜਾਬ ਸਰਕਾਰ ਉਨ੍ਹਾਂ ਨੂੰ ਹੀ ਪੱਕੇ ਡੀਜੀਪੀ ਵਜੋਂ ਨਿਯੁਕਤ ਕਰ ਸਕਦੀ ਹੈ।

error: Content is protected !!