Skip to main content

Gee 98News

ਪਰਿਵਾਰ ਦੀ ਗਰੀਬੀ ਕਾਰਨ ਰੇਪ ਪੀੜ੍ਹਤ ਬੱਚੀ ਦਾ ਡਾਕਟਰਾਂ ਨੇ ਨਹੀਂ ਕੀਤਾ ਇਲਾਜ…ਤੁਹਾਨੂੰ ਡਾਕਟਰ ਕਹਾਉਣ ਦਾ ਹੱਕ ਨਹੀਂ…ਸੁਪਰੀਮ ਕੋਰਟ ਦੀ ਟਿੱਪਣੀ

ਚੰਡੀਗੜ੍ਹ,17 ਜੁਲਾਈ, Gee98 News service-

-ਅਕਸਰ ਲੋਕ ਡਾਕਟਰਾਂ ਨੂੰ ਰੱਬ ਦਾ ਰੂਪ ਮੰਨਦੇ ਹਨ ਪਰੰਤੂ ਪਿਛਲੇ ਦਿਨੀਂ ਸੁਪਰੀਮ ਕੋਰਟ ਵਿੱਚ ਇੱਕ ਅਜਿਹਾ ਮਾਮਲਾ ਆਇਆ ਜਿਸ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਵੱਲੋਂ ਕੀਤੀਆਂ ਟਿੱਪਣੀ ਨੇ ਡਾਕਟਰਾਂ ਨੂੰ ਰੱਬ ਦਾ ਰੂਪ ਮੰਨੇ ਜਾਣ ਦੀ ਧਾਰਨਾ ‘ਤੇ ਸਵਾਲੀਆ ਚਿੰਨ੍ਹ ਲਗਾਇਆ ਹੈ।ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਗਾਜ਼ੀਆਬਾਦ ਦੇ ਦੋ ਨਿੱਜੀ ਹਸਪਤਾਲਾਂ ਅਤੇ ਉਨਾਂ ਦੇ ਡਾਕਟਰਾਂ ਨੂੰ 4 ਸਾਲ ਦੀ ਇੱਕ ਜਬਰਜਨਾਹ ਪੀੜ੍ਹਤ ਬੱਚੀ ਦਾ ਸਮੇਂ ਸਿਰ ਇਲਾਜ ਨਾ ਕਰਨ ‘ਤੇ ਸਖ਼ਤ ਫਟਕਾਰ ਲਗਾਈ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਹਸਪਤਾਲਾਂ ਨੇ ਪੀੜ੍ਹਤ ਬੱਚੀ ਦੇ ਪਰਿਵਾਰ ਦੀ ਗਰੀਬੀ ਕਾਰਨ ਉਸ ਦੀ ਜਾਨ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਹ ਘਟਨਾ 16 ਮਾਰਚ ਨੂੰ ਗਾਜ਼ੀਆਬਾਦ ਵਿੱਚ ਵਾਪਰੀ ਸੀ ਜਦੋਂ ਇੱਕ ਗੁਆਂਢੀ 4 ਸਾਲ ਦੀ ਬੱਚੀ ਨੂੰ ਚਾਕਲੇਟ ਦੇਣ ਦੇ ਬਹਾਨੇ ਘਰੋਂ ਲੈ ਗਿਆ ਪ੍ਰੰਤੂ ਜਦੋਂ ਦੇਰ ਤੱਕ ਬੱਚੀ ਘਰ ਨਹੀਂ ਆਈ ਤਾਂ ਪਰਿਵਾਰ ਵਾਲਿਆਂ ਨੂੰ ਭਾਲ ਕਰਦੇ ਹੋਏ ਉਹ ਬੇਹੋਸ਼ ਅਤੇ ਖੂਨ ਨਾਲ ਲੱਥ ਪੱਥ ਹਾਲਤ ਵਿੱਚ ਮਿਲੀ ਸੀ। ਪਰਿਵਾਰ ਵਾਲੇ ਉਸ ਨੂੰ ਦੋ ਨਿੱਜੀ ਹਸਪਤਾਲਾਂ ਵਿੱਚ ਲੈ ਕੇ ਗਏ ਪਰ ਦੋਵਾਂ ਹਸਪਤਾਲਾਂ ਨੇ ਕਥਿਤ ਤੌਰ ‘ਤੇ ਉਸਨੂੰ ਦਾਖ਼ਲ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਪਰਿਵਾਰ ਵਾਲੇ ਬੱਚੀ ਨੂੰ ਗਾਜ਼ੀਆਬਾਦ ਦੇ ਜ਼ਿਲ੍ਹਾ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਸੀ। ਬੱਚੀ ਦੇ ਪਿਤਾ ਨੇ ਦਾਅਵਾ ਕੀਤਾ ਸੀ ਕਿ ਹਸਪਤਾਲ ਪਹੁੰਚਣ ਤੋਂ ਬਾਅਦ ਵੀ ਉਹ ਕਰੀਬ ਦੋ ਘੰਟੇ ਜ਼ਿੰਦਾ ਸੀ ਜੇਕਰ ਉਹਦਾ ਸਮੇਂ ਸਿਰ ਇਲਾਜ ਹੋ ਜਾਂਦਾ ਤਾਂ ਉਸਦੀ ਜਾਨ ਬਚ ਸਕਦੀ ਸੀ। ਸੁਪਰੀਮ ਕੋਰਟ ਵੱਲੋਂ ਗਠਿਤ ਕੀਤੀ ਜਾਂਚ ਟੀਮ ਨੇ ਵੀ ਇਹ ਮੰਨਿਆ ਕਿ ਨਿੱਜੀ ਹਸਪਤਾਲਾਂ ਨੇ ਸਮੇਂ ਸਿਰ ਦੇਖਭਾਲ ਨਹੀਂ ਕੀਤੀ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸੂਰਯਕਾਂਤ ਦੇ ਬੈਂਚ ਦੀ ਸੁਣਵਾਈ ਦੌਰਾਨ ਚੀਫ਼ ਜਸਟਿਸ ਨੇ ਹਸਪਤਾਲ ਪ੍ਰਸ਼ਾਸਨ ਨੂੰ ਕਿਹਾ “ਜੇਕਰ ਤੁਸੀਂ ਆਪਣੀ ਡਿਊਟੀ ਨਹੀਂ ਨਿਭਾਉਂਦੇ ਤਾਂ ਤੁਹਾਨੂੰ ਆਪਣੇ ਨਾਮ ਨਾਲ ਡਾਕਟਰ ਲਿਖਣ ਦਾ ਕੋਈ ਅਧਿਕਾਰ ਨਹੀਂ ਹੈ”। ਸੁਪਰੀਮ ਕੋਰਟ ਨੇ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨੂੰ ਕਿਹਾ ਕਿ ਤੁਸੀਂ ਜਬਰ ਜਨਾਹ ਦੀ ਪੀੜ੍ਹਤ ਬੱਚੀ ਨੂੰ ਇਸ ਕਰਕੇ ਦਾਖਲ ਨਹੀਂ ਕੀਤਾ ਕਿ ਉਸ ਦਾ ਪਰਿਵਾਰ ਤੁਹਾਡੀਆਂ ਫੀਸਾਂ ਦਾ ਭੁਗਤਾਨ ਨਹੀਂ ਕਰ ਸਕਦਾ ਸੀ।‌ ਇਸ ਮਾਮਲੇ ਦੀ ਸੁਣਵਾਈ ਮੁਕੰਮਲ ਕਰਦੇ ਹੋਏ ਸੁਪਰੀਮ ਕੋਰਟ ਨੇ ਨਿੱਜੀ ਹਸਪਤਾਲਾਂ ਨੂੰ ਪੀੜਤ ਪਰਿਵਾਰ ਨੂੰ ਸਵੈ ਇੱਛਾ ਨਾਲ ਦਾਨ ਕਰਨ ਦੇ ਹੁਕਮ ਦਿੱਤੇ ਅਤੇ ਨਾਲ ਹੀ ਚੇਤਾਵਨੀ ਵੀ ਦਿੱਤੀ ਕਿ ਜੇਕਰ ਹੁਕਮਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਜੁਰਮਾਨਾ ਲਗਾਇਆ ਜਾਵੇਗਾ।

error: Content is protected !!