ਬਰਨਾਲਾ 11 ਦਸੰਬਰ (ਨਿਰਮਲ ਸਿੰਘ ਪੰਡੋਰੀ)- ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਹੋਰ ਮੰਗਾਂ ਮਨਵਾਉਣ ਤੋਂ ਬਾਅਦ ਕਿਸਾਨ ਅੰਦੋਲਨ ਮੁਲਤਵੀ ਕਰਕੇ ਕਿਸਾਨਾਂ ਦਾ ਜੇਤੂ ਕਾਫ਼ਲਾ ਦਿੱਲੀ ਤੋਂ ਬਰਨਾਲਾ ਪੁੱਜਿਆ, ਜਿੱਥੇ ਵੱਡੀ ਗਿਣਤੀ ‘ਚ ਇਕੱਤਰ ਹੋਏ ਜ਼ਿਲ੍ਹੇ ਭਰ ਤੋਂ ਕਿਸਾਨਾਂ ਨੇ ਜੇਤੂ ਕਾਫ਼ਲੇ ਦਾ ਜ਼ੋਰਦਾਰ ਸਵਾਗਤ ਕੀਤਾ। ਇਸ ਕਾਫ਼ਲੇ ਵਿਚ ਵਿਸ਼ੇਸ਼ ਖਿੱਚ ਦਾ ਕਾਰਨ ਰਿਹਾ ਪਿੰਡ ਛੀਨੀਵਾਲ ਕਲਾਂ ਦਾ ਬਾਪੂ ਮੇਜਰ ਸਿੰਘ ਜੋ 26 ਨਵੰਬਰ 2020 ਤੋਂ ਲੈ ਕੇ ਅੱਜ ਤਕ ਦਿੱਲੀ ਦੀਆਂ ਬਰੂਹਾਂ ‘ਤੇ ਅੰਦੋਲਨ ਵਿੱਚ ਲਗਾਤਾਰ ਡਟਿਆ ਰਿਹਾ। ਦਿੱਲੀ ਤੋਂ ਚੱਲੇ ਇਸ ਜੇਤੂ ਕਾਫ਼ਲੇ ਦੀ ਅਗਵਾਈ ਕਰ ਰਹੇ ਬੀਕੇਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਅਤੇ ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ ਨੇ ਕਿਹਾ ਕਿ ਲੰਮੇ ਸੰਘਰਸ਼ ਦੀ ਬਦੌਲਤ ਮਿਲੀ ਇਹ ਜਿੱਤ ਇਤਿਹਾਸ ਦੇ ਪੰਨਿਆਂ ‘ਤੇ ਸੁਨਹਿਰੀ ਅੱਖਰਾਂ ਵਿੱਚ ਲਿਖੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਖਤਮ ਨਹੀਂ ਹੋਇਆ, ਫਿਲਹਾਲ ਮੁਲਤਵੀ ਕੀਤਾ ਗਿਆ ਹੈ ਅਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਬਕਾਇਆ ਰਹਿੰਦੀਆਂ ਮੰਗਾਂ ਪੂਰੀਆਂ ਕਰਨ ਲਈ ਸਮਾਂ ਦਿੱਤਾ ਗਿਆ ਹੈ।

ਜੇਕਰ ਕੇਂਦਰ ਸਰਕਾਰ ਬੇਈਮਾਨੀ ਕਰੇਗੀ ਤਾਂ ਫਿਰ ਦੁਬਾਰਾ ਜ਼ੋਰਦਾਰ ਤਰੀਕੇ ਨਾਲ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਬਰਨਾਲਾ ਤੋਂ ਚੱਲ ਕੇ ਇਹ ਕਾਫਲਾ ਪਿੰਡਾਂ ਵਿਚ ਦੀ ਹੁੰਦਾ ਹੋਇਆ ਵਾਇਆ ਮਹਿਲ ਕਲਾਂ ਪਿੰਡ ਛੀਨੀਵਾਲ ਕਲਾਂ ਦੇ ਸਕੂਲ ਦੀ ਗਰਾਊਂਡ ਵਿੱਚ ਜਾ ਕੇ ਸਮਾਪਤ ਹੋਇਆ ਜਿਥੇ ਵੱਡੀ ਗਿਣਤੀ ‘ਚ ਇਕੱਤਰ ਹੋਏ ਪਿੰਡ ਵਾਸੀਆਂ ਨੇ ਦਿੱਲੀ ਸੰਘਰਸ਼ ਵਿੱਚ ਪਹਿਲੇ ਦਿਨ ਤੋਂ ਲੈ ਕੇ ਅੱਜ ਤਕ ਹਾਜ਼ਰ ਰਹਿਣ ਵਾਲੇ ਪਿੰਡ ਛੀਨੀਵਾਲ ਕਲਾਂ ਦੇ ਬਾਪੂ ਮੇਜਰ ਸਿੰਘ ਦਾ ਫੁੱਲਾਂ ਦੀ ਵਰਖਾ ਕਰਕੇ ਜ਼ੋਰਦਾਰ ਸਵਾਗਤ ਕੀਤਾ। ਪਿੰਡ ਵਾਸੀਆਂ ਨੇ ਬਾਪੂ ਮੇਜਰ ਸਿੰਘ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਵੀ ਕੀਤਾ। ਇਸ ਮੌਕੇ ਜਗਸੀਰ ਸਿੰਘ ਸੀਰਾ ਅਤੇ ਗਿਆਨੀ ਨਿਰਭੈ ਸਿੰਘ ਦਾ ਵੀ ਵਿਸ਼ੇਸ ਸਨਮਾਨ ਕੀਤਾ ਗਿਆ। ਬਾਪੂ ਮੇਜਰ ਸਿੰਘ ਦਾ ਇਕ ਸਾਲ ਬਾਅਦ ਪਿੰਡ ਛੀਨੀਵਾਲ ਪੁੱਜਣ ਤੇ ਪੂਰੇ ਪਿੰਡ ਵਿੱਚ ਮੇਲੇ ਵਰਗਾ ਮਾਹੌਲ ਬਣਿਆ ਹੋਇਆ ਸੀ। ਇਸ ਮੌਕੇ ਬੀ ਕੇ ਯੂ ਕਾਦੀਆਂ ਅਤੇ ਬੀਕੇਯੂ ਰਾਜੇਵਾਲ ਦੀ ਸਮੁੱਚੀ ਲੀਡਰਸ਼ਿਪ ਵੀ ਹਾਜ਼ਰ ਸੀ।










