ਚੰਡੀਗੜ੍ਹ,4 ਅਗਸਤ, Gee98 news service-
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇੰਚਾਰਜ ਭੁਪੇਸ਼ ਬਘੇਲ ਅੱਜ ਕੱਲ੍ਹ ਪੰਜਾਬ ਦੌਰੇ ‘ਤੇ ਹਨ ਜੋ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚ ਪਾਰਟੀ ਦੇ ਜ਼ਿਲ੍ਹਾ ਪੱਧਰੀ ਅਤੇ ਬਲਾਕ ਪੱਧਰੀ ਅਹੁਦੇਦਾਰਾਂ ਤੇ ਵੱਖ-ਵੱਖ ਸੰਗਠਨਾਂ ਦੇ ਇੰਚਾਰਜਾਂ ਨਾਲ ਮੀਟਿੰਗਾਂ ਕਰ ਰਹੇ ਹਨ। ਇਹਨਾਂ ਮੀਟਿੰਗਾਂ ‘ਚ ਭੂਪੇਸ ਬਘੇਲ ਅਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹਾਜ਼ਰੀ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਹੋ ਰਹੀ ਨਾਅਰੇਬਾਜ਼ੀ ਕਾਰਨ ਪੰਜਾਬ ਕਾਂਗਰਸ ਦਾ ਅੰਦਰੂਨੀ ਮਾਹੌਲ ਭਖਿਆ ਹੋਇਆ ਹੈ ਤੇ ਮੀਡੀਆ ਵੱਲੋਂ ਵੀ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਨਸ਼ਰ ਕੀਤਾ ਜਾ ਰਿਹਾ ਹੈ ਕਿ ਭੂਪੇਸ਼ ਬਘੇਲ ਅਤੇ ਰਾਜਾ ਵੜਿੰਗ ਦੀ ਹਾਜ਼ਰੀ ਵਿੱਚ ਪੰਡਾਲ ਵਿੱਚ ਬੈਠੇ ਕਾਂਗਰਸੀ ਵਰਕਰਾਂ ਵੱਲੋਂ ਚੰਨੀ ਲਿਆਓ ਕਾਂਗਰਸ ਬਚਾਓ ਦੇ ਨਾਅਰੇ ਲਗਾਏ ਜਾ ਰਹੇ ਹਨ। ਦੂਜੇ ਪਾਸੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਇਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਕਾਂਗਰਸ ਦੀਆਂ ਮੀਟਿੰਗਾਂ ਵਿੱਚ ਚੰਨੀ ਦੇ ਨਾਅਰੇ ਲਾਉਣ ਵਾਲੇ ਕਾਂਗਰਸ ਦੇ ਵਰਕਰ ਨਹੀਂ ਹਨ ਤੇ ਉਹਨਾਂ ਨੂੰ ਦੂਜੀਆਂ ਪਾਰਟੀਆਂ ਵੱਲੋਂ ਮਾਹੌਲ ਖਰਾਬ ਕਰਨ ਲਈ ਭੇਜਿਆ ਜਾ ਰਿਹਾ ਹੈ, ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਇਹ ਦਾਅਵਾ ਉਸ ਵੇਲੇ ਸੱਚ ਹੁੰਦਾ ਜਾਪਿਆ ਜਦੋਂ ਬੀਤੇ ਕੱਲ੍ਹ ਬਠਿੰਡਾ ਵਿਖੇ ਕਾਂਗਰਸ ਦੀ ਇੱਕ ਮੀਟਿੰਗ ‘ਚ ਭਪੇਸ਼ ਬਘੇਲ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹਾਜ਼ਰੀ ‘ਚ ਇਕ ਨੌਜਵਾਨ ਨੇ ਚੰਨੀ ਜ਼ਿੰਦਾਬਾਦ ਦੇ ਨਾਅਰੇ ਲਗਾਏ ਤਾਂ ਰਾਜਾ ਵੜਿੰਗ ਨੇ ਉਸ ਨੌਜਵਾਨ ਨੂੰ ਮੰਚ ‘ਤੇ ਬੁਲਾਇਆ। ਰਾਜਾ ਵੜਿੰਗ ਨੇ ਖੁਦ ਇਸ ਨੌਜਵਾਨ ਤੋਂ ਮੰਚ ‘ਤੇ ਚੰਨੀ ਜ਼ਿੰਦਾਬਾਦ ਦੇ ਅਤੇ ਕਾਂਗਰਸ ਦੇ ਹੋਰ ਆਗੂਆਂ ਦੇ ਜ਼ਿੰਦਾਬਾਦ ਦੇ ਨਾਅਰੇ ਲਗਵਾਏ ਅਤੇ ਬਾਅਦ ਵਿੱਚ ਰਾਜਾ ਵੜਿੰਗ ਨੇ ਇਸ ਨੌਜਵਾਨ ਨੂੰ ਕਿਹਾ ਕਿ ਉਹ ਚਰਨਜੀਤ ਚੰਨੀ ਨੂੰ ਫੋਨ ਲਗਾਵੇ ਪਰੰਤੂ ਜਦੋਂ ਆਪਣੇ ਮੋਬਾਇਲ ਤੋਂ ਨੌਜਵਾਨ ਨੇ ਚੰਨੀ ਨੂੰ ਫੋਨ ਲਗਾਇਆ ਤਾਂ ਅੱਗੋਂ ਚੰਨੀ ਨੇ ਫੋਨ ਨਹੀਂ ਚੁੱਕਿਆ ਜਿਸ ਤੋਂ ਬਾਅਦ ਰਾਜਾ ਵੜਿੰਗ ਨੇ ਕਿਹਾ ਕਿ “ਕੋਈ ਗੱਲ ਨਹੀਂ ਚੰਨੀ ਸਾਹਿਬ ਬਿਜੀ ਹੋਣਗੇ ਤੂੰ ਮੇਰਾ ਨੰਬਰ ਲੈ ਜਾ ਮੈਨੂੰ ਜਦੋਂ ਮਰਜ਼ੀ ਫੋਨ ਲਗਵਾ ਲਵੀ”, ਪਰ ਹੁਣ ਇਸ ਮਾਮਲੇ ਵਿੱਚ ਇੱਕ ਅਹਿਮ ਅਤੇ ਹੈਰਾਨੀਜਨਕ ਖੁਲਾਸਾ ਸਾਹਮਣੇ ਆਇਆ ਹੈ ਕਿ ਉਕਤ ਨੌਜਵਾਨ ਇੱਕ ਨਸ਼ਾ ਤਸਕਰ ਹੈ ਜਿਸ ‘ਤੇ 2025 ਵਿੱਚ 500 ਗ੍ਰਾਮ ਤੋਂ ਵਧੇਰੇ ਚਿੱਟੇ ਦਾ ਮੁਕੱਦਮਾ ਦਰਜ ਹੋ ਚੁੱਕਿਆ ਹੈ ਤੇ ਇਸ ਤੋਂ ਇਲਾਵਾ ਉਸ ‘ਤੇ ਕਿਸੇ ਨੂੰ ਖੁਦਕੁਸ਼ੀ ਲਈ ਉਕਸਾਉਣ ਸਬੰਧੀ ਵੀ ਇੱਕ ਹੋਰ ਮਾਮਲਾ ਦਰਜ ਹੈ।
ਦੂਜੇ ਪਾਸੇ ਇਸ ਸਬੰਧੀ ਚਰਨਜੀਤ ਸਿੰਘ ਚੰਨੀ ਨੇ ਵੀ ਕਿਹਾ ਕਿ ਨੌਜਵਾਨ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੈ ਤੇ ਉਹ ਇਸ ਨੂੰ ਜਾਣਦੇ ਤੱਕ ਵੀ ਨਹੀਂ ਹਨ। ਇੱਥੇ ਇਹ ਵੀ ਦੱਸ ਦੇਈਏ ਕਿ ਉਕਤ ਨੌਜਵਾਨ ਕਮਲਦੀਪ ਸਿੰਘ ਮਾਨਸਾ ਜ਼ਿਲ੍ਹੇ ਨਾਲ ਸੰਬੰਧਿਤ ਹੈ ਪ੍ਰੰਤੂ ਉਹ ਬਠਿੰਡਾ ਜ਼ਿਲ੍ਹੇ ਦੀ ਕਾਂਗਰਸ ਮੀਟਿੰਗ ਵਿੱਚ ਕਿਵੇਂ ਗਿਆ, ਉਸ ਨੂੰ ਕਿਸੇ ਨੇ ਭੇਜਿਆ ਤੇ ਉਹ ਕਿਸ ਮਕਸਦ ਲਈ ਗਿਆ, ਇਹ ਵੱਡੇ ਸਵਾਲ ਖੜੇ ਹੁੰਦੇ ਹਨ। ਇਸ ਮਾਮਲੇ ਸੰਬੰਧੀ ਇੱਕ ਅਹਿਮ ਖੁਲਾਸਾ ਇਹ ਵੀ ਸਾਹਮਣੇ ਆਇਆ ਹੈ ਕਿ ਉਕਤ ਨੌਜਵਾਨ ਮਾਨਸਾ ਜ਼ਿਲ੍ਹੇ ਦੀ ਕਾਂਗਰਸ ਦੀ ਰੈਲੀ ਵਿੱਚ ਵੀ ਸ਼ਾਮਿਲ ਹੋਇਆ ਸੀ ਪ੍ਰੰਤੂ ਉੱਥੇ ਉਸਨੇ ਕਿਸੇ ਵੀ ਆਗੂ ਦੇ ਜ਼ਿੰਦਾਬਾਦ ਦੇ ਨਾਅਰੇ ਨਹੀਂ ਲਗਾਏ ਅਤੇ ਉਹ ਚੁੱਪਚਾਪ ਸਾਰੇ ਸਮਾਗਮ ਵਿੱਚ ਬੈਠਾ ਰਿਹਾ ਪਰੰਤੂ ਦੂਜੇ ਜਿਲ੍ਹੇ ਬਠਿੰਡਾ ਵਿੱਚ ਜਾ ਕੇ ਉਸਨੇ ਚੰਨੀ ਦੇ ਨਾਅਰੇ ਲਗਾਏ ਜਿਸ ਨਾਲ ਕਾਂਗਰਸ ਦੀ ਮੀਟਿੰਗ ਦਾ ਮਾਹੌਲ ਵੀ ਗੜਬੜ ਹੋਇਆ ਸੀ। ਹੁਣ ਇਹ ਵੱਡੇ ਸਵਾਲ ਖੜੇ ਹੁੰਦੇ ਹਨ ਕਿ ਆਖਰ ਕਾਂਗਰਸ ਦੀਆਂ ਮੀਟਿੰਗਾਂ ਵਿੱਚ ਨਾਅਰੇਬਾਜ਼ੀ ਕਰਨ ਵਾਲੇ ਇਹ ਨੌਜਵਾਨ ਕੌਣ ਹਨ ? ਕੀ ਇਹ ਸੱਚਮੁੱਚ ਹੀ ਕਾਂਗਰਸੀ ਪਿਛੋਕੜ ਵਾਲੇ ਹਨ ਜਾਂ ਫਿਰ ਇਹਨਾਂ ਨੂੰ ਕਿਸੇ ਖਾਸ ਮਿਸ਼ਨ ਲਈ ਕਾਂਗਰਸ ਦੀਆਂ ਮੀਟਿੰਗਾਂ ਵਿੱਚ ਭੇਜਿਆ ਜਾਂਦਾ ਹੈ। ਇਹ ਸਵਾਲ ਉਸ ਵੇਲੇ ਜਿਆਦਾ ਤਵੱਜੋਂ ਮੰਗਦੇ ਹਨ ਜਦੋਂ ਚਰਨਜੀਤ ਸਿੰਘ ਚੰਨੀ ਨੇ ਉਕਤ ਨੌਜਵਾਨ ਸੰਬੰਧੀ ਖੁਦ ਆਖ ਦਿੱਤਾ ਕਿ ਉਹ ਇਸ ਨੂੰ ਜਾਣਦੇ ਤੱਕ ਵੀ ਨਹੀਂ ਹਨ।