ਬਰਨਾਲਾ,12 ਅਗਸਤ (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ‘ਚ ਆਮ ਆਦਮੀ ਪਾਰਟੀ ਦੇ ਇੱਕ ਮੌਜੂਦਾ ਕੌਂਸਲਰ ਵੱਲੋਂ ਵਿਸ਼ਵ ਪ੍ਰਸਿੱਧ ਉਦਯੋਗਿਕ ਘਰਾਣੇ ਟਰਾਈਡੈਂਟ ਦੇ ਖ਼ਿਲਾਫ਼ ਟੈਕਸ ਸਬੰਧੀ ਲਾਏ ਦੋਸ਼ਾਂ ਦੀ ਇੱਕ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਬੀਤੇ ਦਿਨੀਂ ਨਗਰ ਨਿਗਮ ਦੇ ਵਿਹੜੇ ਲੋੜਵੰਦ ਲੋਕਾਂ ਨੂੰ ਮਕਾਨ ਬਣਾਉਣ ਲਈ ਵਿੱਤੀ ਸਹਾਇਤਾ ਦੇ ਮਨਜ਼ੂਰੀ ਪੱਤਰ ਵੰਡਣ ਸਬੰਧੀ ਹੋਏ ਇੱਕ ਸਮਾਗਮ ਦੌਰਾਨ aap ਕੌਂਸਲਰ ਜਸਪ੍ਰੀਤ ਸਿੰਘ ਜੱਸਾ ਨੇ ਟਰਾਈਡੈਂਟ ਵੱਲੋਂ ਕੀਤੇ ਜਾਂਦੇ ਲੋਕ ਭਲਾਈ ਕੰਮਾਂ ‘ਤੇ ਹੀ ਵੱਡੇ ਸਵਾਲ ਖੜੇ ਕਰਦੇ ਹੋਏ ਟਰਾਈਡੈਂਟ ਵੱਲੋਂ ਭਰੇ ਜਾਂਦੇ ਟੈਕਸ ਸੰਬੰਧੀ ਵੀ ਟਿੱਪਣੀਆਂ ਕੀਤੀਆਂ। ਉੰਝ ਭਾਵੇਂ ਕੋਈ ਆਮ ਨਾਗਰਿਕ ਕਿਸੇ ਵੀ ਉਦਯੋਗਿਕ ਘਰਾਣੇ ਦੇ ਟੈਕਸ ਅਤੇ ਪ੍ਰਬੰਧਾਂ ‘ਤੇ ਸਵਾਲ ਖੜੇ ਕਰ ਸਕਦਾ ਹੈ ਪ੍ਰੰਤੂ ਜੇਕਰ ਨਗਰ ਨਿਗਮ ਦਾ ਚੁਣਿਆ ਹੋਇਆ ਮੌਜੂਦਾ ਕੌਂਸਲਰ ਨਗਰ ਨਿਗਮ ਦੇ ਵਿਹੜੇ ‘ਚ ਖੜ ਕੇ ਹੀ ਕਿਸੇ ਉਦਯੋਗਿਕ ਘਰਾਣੇ ਦੇ ਟੈਕਸ ਮਾਮਲਿਆਂ ‘ਤੇ ਸਵਾਲ ਖੜੇ ਕਰੇ ਤਾਂ ਇਹ ਗੱਲ ਆਪਣੇ ਆਪ ਵਿੱਚ ਮਹੱਤਵਪੂਰਨ ਬਣ ਜਾਂਦੀ ਹੈ। ਇਹ ਦੋਸ਼ ਅਜਿਹੇ ਹਾਲਾਤਾਂ ‘ਚ ਹੋਰ ਵੀ ਧਿਆਨ ਮੰਗਦੇ ਹਨ ਕਿ ਜੇਕਰ ਨਗਰ ਨਿਗਮ ਦਾ ਟਰਾਈਡੈਂਟ ਵੱਲ ਕੋਈ ਟੈਕਸ ਬਕਾਇਆ ਹੀ ਨਹੀਂ ਤਾਂ ਨਿਗਮ ਦੇ ਮੌਜੂਦਾ ਕੌਂਸਲਰ ਵੱਲੋਂ ਕਿਹੜੇ ਸੰਦਰਭ ਵਿੱਚ ਅਜਿਹੇ ਦੋਸ਼ ਲਗਾਏ ਗਏ ? ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਚਰਚਾ ਇਹ ਵੀ ਸਾਹਮਣੇ ਆ ਰਹੀ ਹੈ ਕਿ ਪਦਮਸ੍ਰੀ ਰਾਜਿੰਦਰ ਗੁਪਤਾ ਵੱਲੋਂ aap ਛੱਡ ਕੇ ਭਾਜਪਾ ਜੁਆਇਨ ਕਰਨ ਤੋਂ ਬਾਅਦ ਹੀ ਉਹਨਾਂ ਨੂੰ ਗਿਣੀ ਮਿਥੀ ਸਾਜਿਸ਼ ਤਹਿਤ ਨਿਸ਼ਾਨਾ ਬਣਾਇਆ ਗਿਆ ਹੈ। ਦੂਜੇ ਪਾਸੇ aap ਕੌਂਸਲਰ ਵੱਲੋਂ ਲਾਏ ਦੋਸ਼ਾਂ ਤਹਿਤ ਲੋਕਾਂ ਦੀ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਟਰਾਈਡੈਂਟ ਵਰਗਾ ਵਿਸ਼ਵ ਪ੍ਰਸਿੱਧ ਉਦਯੋਗਿਕ ਘਰਾਣਾ ਸਰਕਾਰ ਜਾਂ ਨਿਗਮ ਦਾ ਟੈਕਸ ਡਿਫਾਲਟਰ ਹੋਵੇਗਾ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਜਿਸ ਵੇਲੇ ਆਪ ਕੌਂਸਲਰ ਵੱਲੋਂ ਟਰਾਈਡੈਂਟ ‘ਤੇ ਟੈਕਸ ਸਬੰਧੀ ਦੋਸ਼ ਲਗਾਏ ਜਾ ਰਹੇ ਸਨ ਉਸ ਵੇਲੇ ਸਮਾਗਮ ਵਿੱਚ ਆਪ ਦੇ ਉੱਚ ਆਗੂ ਵੀ ਹਾਜ਼ਰ ਸਨ ਜਿਨਾਂ ਦੀ ਚੁੱਪ ਵੀ ਸੱਤਾਧਾਰੀ ਕੌਂਸਲਰ ਵੱਲੋਂ ਟਰਾਈਡੈਂਟ ‘ਤੇ ਲਾਏ ਦੋਸ਼ਾਂ ਸਬੰਧੀ ਵੱਡੇ ਸਵਾਲ ਖੜੇ ਕਰਦੀ ਹੈ। ਦੂਜੇ ਪਾਸੇ ਇਹ ਵੀ ਸਾਹਮਣੇ ਆਇਆ ਹੈ ਕਿ ਨਗਰ ਨਿਗਮ ਦਾ ਟਰਾਈਡੈਂਟ ਵੱਲ ਕੋਈ ਟੈਕਸ ਬਕਾਇਆ ਨਹੀਂ ਹੈ ਫਿਰ ਨਗਰ ਨਿਗਮ ਦੇ ਵਿਹੜੇ ਖੜ ਕੇ ਇਹੀ ਮੌਜੂਦਾ ਕੌਂਸਲਰ ਵੱਲੋਂ ਲਗਾਏ ਇਹ ਦੋਸ਼ ਕਿਤੇ ਟਰਾਈਡੈਂਟ ਦੇ ਮਾਲਕਾਂ ਵੱਲੋਂ ਸਿਆਸੀ ਪਲੇਟਫਾਰਮ ਬਦਲਣ ਕਰਕੇ ਰੰਜਿਸ਼ੋ ਤਾਂ ਨਹੀਂ ਨਿਕਲੇ, ਕਿਉਂਕਿ ਸੱਤਾਧਾਰੀ ਪਾਰਟੀ ਦੇ ਸਥਾਨਿਕ ਆਗੂ ਅਜੇ ਕੁਝ ਮਹੀਨੇ ਪਹਿਲਾਂ ਤੱਕ ਟਰਾਈਡੈਂਟ ਦੀ ਮਹਿਮਾਨ ਨਿਵਾਜ਼ੀ ਦਾ ਲੁਤਫ਼ ਉਠਾਉਂਦੇ ਰਹੇ ਹਨ, ਜੇਕਰ ਉਦੋਂ ਟਰਾਈਡੈਂਟ ਟੈਕਸ ਮਾਮਲਿਆਂ ‘ਚ ਦੋਸ਼ ਮੁਕਤ ਸੀ ਫਿਰ ਅਚਾਨਕ ਅਜਿਹੇ ਕਿਹੜੇ ਹਾਲਾਤ ਪੈਦਾ ਹੋ ਗਏ ਕਿ ਸਥਾਨਕ ਸੱਤਾਧਾਰੀਆਂ ਨੂੰ ਵਿਸ਼ਵ ਪ੍ਰਸਿੱਧ ਉਦਯੋਗਿਕ ਘਰਾਣੇ ‘ਤੇ ਟੈਕਸ ਸਬੰਧੀ ਦੋਸ਼ ਲਗਾਉਣੇ ਪਏ ਹਨ। ਬਹਰਹਾਲ ! ਸਥਾਨਕ ਆਪ ਕੌਂਸਲਰ ਵੱਲੋਂ ਟਰਾਈਡੈਂਟ ‘ਤੇ ਟੈਕਸ ਸਬੰਧੀ ਲਗਾਏ ਇਹਨਾਂ ਦੋਸ਼ਾਂ ਸਬੰਧੀ ਸਥਾਨਕ ਆਪ ਆਗੂਆਂ ਨਾਲ ਗੱਲ ਕਰਨ ਦਾ ਯਤਨ ਕੀਤਾ ਤਾਂ ਕਿਸੇ ਨੇ ਵੀ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ਫਿਰ ਵੀ ਇੱਕ ਸਥਾਨਕ ਆਗੂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਕਿਹਾ ਕਿ ਇਹ ਸਬੰਧਤ ਕੌਂਸਲਰ ਦੇ ਨਿੱਜੀ ਦੋਸ਼ ਹੋ ਸਕਦੇ ਹਨ। ‘ਆਪ’ ਕੌਂਸਲਰ ਦੀ ਵਾਇਰਲ ਹੋ ਰਹੀ ਵੀਡੀਓ ‘ਤੇ ਟਿੱਪਣੀਆਂ ‘ਚ ਲੋਕ ਟਰਾਈਡੈਂਟ ‘ਤੇ ਸੱਤਾਧਾਰੀਆਂ ਦੇ ਦੋਸ਼ਾਂ ਨੂੰ “ਯਾਰੀ ਟੁੱਟੀ ਤੋਂ ਚੁਗਾਠ ਪੁੱਟਣ ਦੀ ਧਾਰਨਾ” ਨਾਲ ਤੁਲਨਾ ਕਰ ਰਹੇ ਹਨ।