ਹਮਲਾਵਰ ਨਿਹੰਗ ਨੇ ਸੁਖਬੀਰ ਬਾਦਲ ਦੀ ਛਾਤੀ ‘ਚ ਕੀਤਾ ਸੀ ਵਾਰ ਪਰ…!
ਚੰਡੀਗੜ੍ਹ,14 ਅਗਸਤ, Gee98 news service-
-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਨਾਂਦੇੜ ਵਿਖੇ ਬੀਤੇ ਕੱਲ੍ਹ ਹੋਏ ਹਮਲੇ ਸਬੰਧੀ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਨਾਂਦੇੜ ਦੇ ਐਸਪੀ ਨਿਲਾਭ ਰੋਹਨ ਦੇ ਅਨੁਸਾਰ ਪੁਲਿਸ ਵੱਲੋਂ ਹੁਣ ਤੱਕ ਦੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਕਰਨ ਵਾਲੇ ਨਿਹੰਗ ਜਸਪਾਲ ਸਿੰਘ ਦਾ ਮਕਸਦ ਸੁਖਬੀਰ ਸਿੰਘ ਬਾਦਲ ਦੀ ਛਾਤੀ ਵਿੱਚ ਸਿੱਧਾ ਵਾਰ ਕਰਕੇ ਉਸਦੀ ਹੱਤਿਆ ਕਰਨਾ ਸੀ। ਪੁਲਿਸ ਅਨੁਸਾਰ ਨਿਹੰਗ ਜਸਪਾਲ ਸਿੰਘ ਨੇ ਪਹਿਲਾ ਵਾਰ ਸੁਖਬੀਰ ਸਿੰਘ ਬਾਦਲ ਦੀ ਛਾਤੀ ‘ਚ ਹੀ ਕੀਤਾ ਸੀ ਪ੍ਰੰਤੂ ਸੁਖਬੀਰ ਸਿੰਘ ਬਾਦਲ ਨੇ ਆਪਣੀ ਬਾਂਹ ਅੱਗੇ ਕਰ ਲਈ ਅਤੇ ਉਸ ਦਾ ਬਚਾਅ ਹੋ ਗਿਆ। ਜਿਸ ਤੋਂ ਬਾਅਦ ਨਿਹੰਗ ਜਸਪਾਲ ਸਿੰਘ ਨੇ ਤੁਰੰਤ ਦੂਜਾ ਵਾਰ ਕੀਤਾ ਤਾਂ ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਵਿੱਚ ਤਾਇਨਾਤ ਨਾਂਦੇੜ ਪੁਲਿਸ ਦੇ ਇੰਸਪੈਕਟਰ ਸੰਤੋਸ਼ ਬੈਜਨਾਥ ਨੇ ਆਪਣਾ ਹੱਥ ਅੱਗੇ ਕਰ ਲਿਆ, ਜਿਸ ਨਾਲ ਇੰਸਪੈਕਟਰ ਦੇ ਹੱਥ ‘ਤੇ ਵੀ ਗਹਿਰਾ ਜ਼ਖਮ ਹੋਇਆ ਹੈ। ਇਸ ਤੋਂ ਬਾਅਦ ਅੱਖ ਦੇ ਝਪਕ ਨਾਲ ਹੀ ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਵਿੱਚ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਨਿਹੰਗ ਜਸਪਾਲ ਸਿੰਘ ਨੂੰ ਕਾਬੂ ਕਰ ਲਿਆ। ਨਾਂਦੇੜ ਦੇ ਐਸਪੀ ਨੇ ਨਿਲਭ ਰੋਹਨ ਨੇ ਇਹ ਵੀ ਕਿਹਾ ਕਿ ਮੁੱਢਲੀ ਪੁੱਛਗਿੱਛ ਦੌਰਾਨ ਹਮਲਾਵਰ ਨਿਹੰਗ ਜਸਪਾਲ ਸਿੰਘ ਨੇ ਕਿਹਾ ਕਿ ਉਹ ਪੰਜਾਬ ‘ਚ ਨਸ਼ੇ ਦੇ ਮਾਮਲੇ ਕਰਕੇ ਗੁੱਸੇ ਵਿੱਚ ਸੀ ਜਿਸ ਕਰਕੇ ਉਸਨੇ ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਕੀਤਾ। ਜ਼ਿਕਰਯੋਗ ਹੈ ਕਿ ਜਿਹੜੇ ਗੁਰਦੁਆਰਾ ਮਾਤਾ ਸਾਹਿਬ ਦੇਵਾਂ ‘ਚ ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਹੋਇਆ ਉਸ ਦਾ ਪ੍ਰਬੰਧ ਵੀ ਨਿਹੰਗ ਸਿੰਘਾਂ ਦੇ ਕੋਲ ਹੀ ਹੈ। ਦੂਜੇ ਪਾਸੇ ਇੱਕ ਮਾਣਹਾਨੀ ਦੇ ਮੁਕੱਦਮੇ ‘ਚ ਸੁਖਬੀਰ ਸਿੰਘ ਬਾਦਲ ਦੀ ਚੰਡੀਗੜ੍ਹ ਅਦਾਲਤ ਵਿੱਚ 14 ਅਗਸਤ ਪੇਸ਼ੀ ਸੀ ਜਿੱਥੇ ਸੁਖਬੀਰ ਸਿੰਘ ਬਾਦਲ ਦੇ ਵਕੀਲ ਨੇ ਪੇਸ਼ ਹੋ ਕੇ ਨਾਂਦੇੜ ਵਾਲੀ ਘਟਨਾ ਦਾ ਵੇਰਵਾ ਦੇ ਕੇ ਨਿੱਜੀ ਤੌਰ ‘ਤੇ ਪੇਸ਼ੀ ਤੋਂ ਛੋਟ ਸਬੰਧੀ ਅਰਜ਼ੀ ਦਿੱਤੀ ਹੈ।