ਚੰਡੀਗੜ੍ਹ, 18 ਸਤੰਬਰ, Gee98 News service-
-ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਫ ਇੰਡੀਆ FSSAI ਨੇ ਨੈਸ਼ਲੇ ਇੰਡੀਆ ਦੇ ਖ਼ਿਲਾਫ਼ ਬੱਚਿਆਂ ਦੇ ਖਾਣ ਪੀਣ ਦੀਆਂ ਚੀਜ਼ਾਂ ਅਤੇ ਉਹਨਾਂ ਦੇ ਵਿਗਿਆਪਨਾਂ ‘ਚ ਗੜਬੜੀ ਪਾਈ ਜਾਣ ‘ਤੇ ਕਾਰਵਾਈ ਕੀਤੀ ਹੈ। FSSAI ਨੇ ਇੰਸਟਾਗਰਾਮ ‘ਤੇ ਜਾਰੀ ਇੱਕ ਨੋਟਿਸ ਵਿੱਚ ਦੱਸਿਆ ਕਿ ਨੈਸਲੇ ਕੰਪਨੀ ਦੇ ਬੱਚਿਆਂ ਦੇ ਭੋਜਨ ਵਿੱਚ ਪੌਸ਼ਕ ਤੱਤਾਂ ਦੀ ਕਮੀ ਅਤੇ ਗੁੰਮਰਾਹ ਕਰਨ ਵਾਲੇ ਦਾਅਵਿਆਂ ਸਬੰਧੀ ਤਿੰਨ ਵੱਖ ਵੱਖ ਕੇਸ ਦਰਜ ਕੀਤੇ ਗਏ ਹਨ। FSSAI ਦੱਸਿਆ ਕਿ ਈ-ਕਮਰਸ ਸਾਈਟਾਂ ‘ਤੇ ਵਿਕਣ ਵਾਲੇ ਨੈਸਲੇ ਦੇ ਬੱਚਿਆਂ ਦੇ ਖਾਣ ਪੀਣ ਨਾਲ ਸੰਬੰਧਿਤ ਉਤਪਾਦਨਾਂ ਅਤੇ ਉਹਨਾਂ ਦੇ ਪ੍ਰਚਾਰ ਪ੍ਰਸਾਰ ਦੇ ਵਿਗਿਆਪਨਾ ਦੀ ਜਾਂਚ ਕੀਤੀ ਗਈ ਸੀ। ਇਸ ਜਾਂਚ ਵਿੱਚ ਪਾਇਆ ਗਿਆ ਕਿ ਕੰਪਨੀ ਨਿਯਮਾਂ ਦਾ ਪਾਲਣ ਨਹੀਂ ਕਰ ਰਹੀ ਅਤੇ ਆਪਣੇ ਵਿਗਿਆਪਨਾਂ ‘ਚ ਅਜਿਹੇ ਦਾਅਵੇ ਕਰ ਰਹੀ ਹੈ ਜੋ ਕਾਨੂੰਨ ਦੇ ਖ਼ਿਲਾਫ਼ ਹਨ।
-ਨੈਸਲੇ ਵੱਲੋਂ ਆਪਣੇ ਵਿਗਿਆਪਨਾਂ ‘ਚ ਮਾਪਿਆਂ ਨੂੰ ਕਿਵੇਂ ਗੁੰਮਰਾਹ ਕੀਤਾ ਜਾਂਦਾ ਹੈ :-
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਥਾਰਿਟੀ ਨੇ ਦੱਸਿਆ ਕਿ ਫੂਡ ਸੇਫਟੀ ਦੇ ਨਿਯਮ ਅਨੁਸਾਰ ਬੱਚਿਆਂ ਨਾਲ ਸੰਬੰਧਿਤ ਖਾਣ ਪੀਣ ਦੀਆਂ ਚੀਜ਼ਾਂ ਵੇਚਣ ਸਮੇਂ ਅਜਿਹਾ ਨਹੀਂ ਕਿਹਾ ਜਾ ਸਕਦਾ ਕਿ “ਇਹ ਆਸਾਨੀ ਨਾਲ ਪਚਦਾ ਹੈ ਜਾਂ ਇਹ ਸੁਪਰ ਨਿਊਟਰੀਸ਼ਨ ਹੈ”। FSSAI ਦਾ ਦਾਅਵਾ ਹੈ ਕਿ ਭਾਰਤ ਵਿੱਚ 1992 ਦੇ ਵਿੱਚ ਇੱਕ ਸਖ਼ਤ ਕਾਨੂੰਨ ਪਾਸ ਕੀਤਾ ਗਿਆ ਜੋ ਦੋ ਸਾਲ ਤੱਕ ਦੇ ਬੱਚਿਆਂ ਦੇ ਦੁੱਧ ਜਾਂ ਬੇਬੀ ਫੂਡ ਸਬੰਧੀ ਕਿਸੇ ਵੀ ਤਰ੍ਹਾਂ ਦੇ ਵਿਗਿਆਪਨ ਟੀਵੀ, ਇੰਟਰਨੈਟ ‘ਤੇ ਪ੍ਰਚਾਰ ਜਾਂ ਵੱਡੇ ਵੱਡੇ ਦਾਅਵਿਆਂ ਤੇ ਪੂਰੀ ਤਰ੍ਹਾਂ ਰੋਕ ਲਗਾਉਂਦਾ ਹੈ। FSSAI ਨੇ ਦੱਸਿਆ ਕਿ ਇਸ ਕਾਨੂੰਨ ਦਾ ਮਕਸਦ ਇਹ ਹੈ ਕਿ ਲੋਕ ਵਿਗਿਆਪਨਾਂ ਦੇ ਝਾਂਸੇ ਵਿੱਚ ਆ ਕੇ ਮਾਂ ਦੇ ਦੁੱਧ ਦਾ ਬਦਲ ਨਾ ਲੱਭਣ ਪ੍ਰੰਤੂ ਨੈਸ਼ਲੇ ਦੇ ਵਿਗਿਆਪਨਾਂ ‘ਚ ਇਸ ਕਾਨੂੰਨ ਦੀ ਧਾਰਾ 3 ਦਾ ਉਲੰਘਣ ਕੀਤਾ ਗਿਆ ਹੈ। FSSAI ਨੇ ਇਹ ਵੀ ਦੱਸਿਆ ਕਿ ਜਦ ਨੈਸ਼ਲੇ ਦੇ ਬੱਚਿਆਂ ਦੇ ਦੁੱਧ ਦੇ ਪਾਊਡਰ ਦੇ ਸੈਂਪਲ ਦੀ ਲੈਬ ‘ਚ ਜਾਂਚ ਕਰਵਾਈ ਗਈ ਤਾਂ ਉਸ ਵਿੱਚ ਬੱਚਿਆਂ ਦੀ ਸਿਹਤ ਲਈ ਜਰੂਰੀ ਬਾਓਟਿਨ (ਵਿਟਾਮਨ ਬੀ7) ਮਾਪਦੰਡਾਂ ਤੋਂ ਘੱਟ ਪਾਇਆ ਗਿਆ। ਅਥਾਰਿਟੀ ਨੇ ਨੈਸਲੇ ਕੰਪਨੀ ਦੇ ਖ਼ਿਲਾਫ਼ ਤਿੰਨ ਵੱਖ ਵੱਖ ਕੇਸ ਦਰਜ ਕਰਕੇ ਅਗਲੇਰੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਨੈਸਲੇ ਇੰਡੀਆ ਨੇ ਅਥਾਰਿਟੀ ਦੇ ਨੋਟਿਸ ਜਾਂ ਦਾ ਆਪਣੇ ਖ਼ਿਲਾਫ਼ ਦਰਜ ਹੋਏ ਮਾਮਲਿਆਂ ਸਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਫ਼ ਇੰਡੀਆ ਦੀ ਨੈਸ਼ਲੇ ਦੇ ਖ਼ਿਲਾਫ਼ ਇਸ ਕਾਰਵਾਈ ਤੋਂ ਬਾਅਦ ਮਾਪਿਆਂ ‘ਚ ਚਿੰਤਾ ਜ਼ਰੂਰ ਹੋਵੇਗੀ ਕਿਉਂਕਿ ਇਹ ਮਾਮਲਾ ਸਿੱਧੇ ਤੌਰ ‘ਤੇ ਬੱਚਿਆਂ ਦੀ ਸਿਹਤ ਨਾਲ ਜੁੜਿਆ ਹੋਇਆ ਹੈ। ਅਥਾਰਿਟੀ ਦਾ ਮਕਸਦ ਵੀ ਇਹੋ ਹੈ ਕਿ ਕੰਪਨੀਆਂ ਮਾਤਾ ਪਿਤਾ ਨੂੰ ਵਿਗਿਆਪਨਾਂ ਦੇ ਰਾਹੀਂ ਗੁੰਮਰਾਹ ਨਾ ਕਰਨ ਅਤੇ ਬੱਚਿਆਂ ਨਾਲ ਸਬੰਧਿਤ ਭੋਜਨ ਵਿੱਚ ਸਾਰੇ ਜ਼ਰੂਰੀ ਪੋਸ਼ਕ ਤੱਤ ਤੈਅ ਮਾਤਰਾ ‘ਚ ਹੋਣੇ ਚਾਹੀਦੇ ਹਨ।