ਬਰਨਾਲਾ, 27 ਦਸੰਬਰ (ਨਿਰਮਲ ਸਿੰਘ ਪੰਡੋਰੀ) : ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਹੁਣ ਤੱਕ ਕੁੱਲ 73 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਆਪਣੀ ਪਹਿਲੀ ਸੂਚੀ ਵਿੱਚ 10, ਦੂਜੀ ਸੂਚੀ ਵਿੱਚ 30 ਤੀਜੀ ਸੂਚੀ ਵਿੱਚ 18 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਸੀ ਅਤੇ ਚੌਥੀ ਸੂਚੀ ਵਿੱਚ 15 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਆਮ ਆਦਮੀ ਪਾਰਟੀ ਨੇ ਅਗਲੀਆਂ ਚੋਣਾਂ ’ਚ ਜਿੱਤ ਪ੍ਰਾਪਤ ਕਰਨ ਲਈ ਕਿਸਾਨ ਜਥੇਬੰਦੀਆ ਉੱਪਰ ਵੱਡੀ ਟੇਕ ਰੱਖੀ ਹੋਈ ਸੀ ਪ੍ਰੰਤੂ 22 ਦੇ ਕਰੀਬ ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਸਮਾਜ ਮੋਰਚਾ ਬਣਾ ਕੇ 117 ਸੀਟਾਂ ਉਪਰ ਚੋਣਾਂ ਲੜਨ ਦੇ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ ਬਿਨਾਂ ਗੱਠਜੋੜ ਤੋਂ ਸਾਰੀਆਂ ਸੀਟਾਂ ਉਪਰ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ।

ਵੈਸੇ ਵੀ 73 ਸੀਟਾਂ ਉਪਰ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਸੰਯੁਕਤ ਸਮਾਜ ਮੋਰਚੇ ਨਾਲ ਗੱਠਜੋੜ ਦੀ ਕੋਈ ਤੁਕ ਨਹੀਂ ਬਣਦੀ ਕਿਉਂਕਿ ਜਿਨਾਂ ਹਲਕਿਆਂ ਤੋਂ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ,ਉਨਾਂ ਵਿੱਚੋਂ ਕੁਝ ਕੁ ਹਲਕਿਆਂ ’ਤੇ ਕਿਸਾਨ ਜਥੇਬੰਦੀਆਂ ਦੇ ਵੱਡੇ ਆਗੂ ਚੋਣ ਲੜਨ ਦੇ ਮਜ਼ਬੂਤ ਦਾਅਵੇਦਾਰ ਹਨ। ਜੇਕਰ ‘ਆਪ’ ਅਤੇ ਕਿਸਾਨ ਜਥੇਬੰਦੀਆਂ ਦਾ ਗੱਠਜੋੜ ਹੁੰਦਾ ਹੈ ਤਾਂ ਆਮ ਆਦਮੀ ਪਾਰਟੀ ਨੂੰ ਆਪਣੇ ਐਲਾਨ ਕੀਤੇ ਉਮੀਦਵਾਰਾਂ ਦੇ ਨਾਮ ਵਾਪਸ ਲੈਣੇ ਪੈਣਗੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਵਾਪਸ ਲਏ ਉਮੀਦਵਾਰਾਂ ਦੇ ਮੂੰਹ ਮੋਟਾ ਕਰਨ ਦੀ ਸੰਭਾਵਨਾ ਬਣ ਜਾਵੇਗੀ। ਵੈਸੇ ਵੀ ਆਪ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਵਿੱਚ ਕੀਤੀ ਜਾ ਰਹੀ ਦੇਰੀ ਕਾਰਨ ਵਲੰਟੀਅਰਾਂ ਦੇ ਮਨ ਵਿੱਚ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਮਾਲਵਾ ਖੇਤਰ ਦੇ ਬਹੁਤੇ ਵਾਲੰਟੀਅਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਵੇਖਣਾ ਚਾਹੁੰਦੇ ਹਨ । ਆਮ ਆਦਮੀ ਪਾਰਟੀ ਦੇ ਵੱਡੇ ਕੱਦ ਦੇ ਆਗੂ ‘ਆਫ਼ ਦੀ ਰਿਕਾਰਡ’ ਗੱਲਬਾਤ ਕਰਦੇ ਹੋਏ ਇਸ ਗੱਲ ਦਾ ਰੋਸਾ ਵੀ ਜ਼ਾਹਰ ਕਰ ਰਹੇ ਹਨ ਕਿ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਅਤੇ ਸਹਿ ਇੰਚਾਰਜ ਰਾਘਵ ਚੱਢਾ ਆਪ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਰਾਜਨੀਤਕ ਅਤੇ ਭੂਗੋਲਿਕ ਹਾਲਾਤਾਂ ਦੀ ਸਹੀ ਜਾਣਕਾਰੀ ਨਹੀਂ ਦੇ ਰਹੇ ਕਿਉਂਕਿ ਖ਼ੁਦ ਜਰਨੈਲ ਸਿੰਘ ਅਤੇ ਰਾਘਵ ਚੱਢਾ ਵਿੱਚ ਪੰਜਾਬੀਆਂ ਦੇ ਮਨਾਂ ਨੂੰ ਟੋਹਣ ਦੀ ਕਾਬਲੀਅਤ ਨਹੀਂ ਹੈ।

ਜ਼ਿਕਰਯੋਗ ਹੈ ਕਿ ਸੁਖਪਾਲ ਸਿੰਘ ਖਹਿਰਾ ਨੇ ਵੀ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੂੰ ਖੁਦਮੁਖਤਿਆਰੀ ਦੇ ਨਾਮ ’ਤੇ ਹੀ ਪਾਰਟੀ ਛੱਡ ਦਿੱਤੀ ਸੀ ਅਤੇ ਖੁਦਮੁਖਤਿਆਰੀ ਦੀ ਇਹ ਅੱਗ ‘ਆਪ’ ਦੀ ਪੰਜਾਬ ਇਕਾਈ ਦੇ ਵਿੱਚ ਕਿਤੇ ਨਾ ਕਿਤੇ ਅਜੇ ਵੀ ਸੁਲਗ਼ ਰਹੀ ਹੈ । ਆਪ ਦੇ ਕੁਝ ਆਗੂ ਤਾਂ ਇੱਥੋਂ ਤੱਕ ਵੀ ਆਖ ਰਹੇ ਹਨ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਕੇਜਰੀਵਾਲ ਵੱਲੋਂ ਦਿੱਲੀ ਤੋਂ ਭੇਜੇ ਗਏ ‘ਦੋ ਦੂਤਾਂ’ ਨੇ ਬੇੜਾ ਗਰਕ ਕੀਤਾ ਸੀ ਅਤੇ ਹੁਣ ਵੀ ਅਰਵਿੰਦ ਕੇਜਰੀਵਾਲ ਦੇ ‘ਦੋ ਦੂਤ’ ਆਪਣੀਆਂ ਮਨਮਾਨੀਆਂ ਕਰ ਰਹੇ ਹਨ। ਆਮ ਆਦਮੀ ਪਾਰਟੀ ਦੇ ਜਨਮ ਤੋਂ ਲੈ ਕੇ ਪਾਰਟੀ ਨਾਲ ਜੁੜੇ ਕੁਝ ਆਗੂ ਇਸ ਗੱਲ ਤੋਂ ਵੀ ਦੁਖ਼ੀ ਹਨ ਕਿ ਜਰਨੈਲ ਸਿੰਘ ਅਤੇ ਰਾਘਵ ਚੱਢਾ ਵੱਲੋਂ ਭਗਵੰਤ ਮਾਨ ਅਤੇ ਪੰਜਾਬ ਦੇ ਹੋਰ ਵੱਡੇ ਆਗੂਆਂ ਨੂੰ ਭਰੋਸੇ ਵਿੱਚ ਲਏ ਤੋਂ ਬਿਨਾਂ ਹੀ ਕਾਂਗਰਸ ਅਤੇ ਅਕਾਲੀ ਦਲ ਛੱਡ ਚੁੱਕੇ ਦਾਗ਼ੀ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਇਨਾਂ ਵਿੱਚੋਂ ਕੁਝ ਆਗੂਆਂ ਨੂੰ ਤਾਂ ਟਿਕਟਾਂ ਵੀ ਦੇ ਦਿੱਤੀਆਂ ਗਈਆਂ ਹਨ । ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਨੂੰ ਭਾਵੇਂ ਪੰਜਾਬ ਦੀ ਸੱਤਾ ਦੀ ਦੌੜ ਦਾ ਤੇਜ਼ ਦੌੜਾਕ ਮੰਨਿਆ ਜਾ ਰਿਹਾ ਹੈ ਪ੍ਰੰਤੂ ਪਾਰਟੀ ਦੇ ਅੰਦਰ ਝਾਕਿਆ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਵਿੱਚ ‘ਸਭ ਅੱਛਾ’ ਨਹੀਂ ਹੈ ।
