Gee 98News

ਬੀਕੇਯੂ ਡਕੌਂਦਾ ਨੇ ਸੰਯੁਕਤ ਸਮਾਜ ਮੋਰਚਾ ਸੰਬੰਧੀ ਸਪੱਸ਼ਟ ਕੀਤੀ ਆਪਣੀ ਰਣਨੀਤੀ

ਬਰਨਾਲਾ, 28 ਦਸੰਬਰ (ਨਿਰਮਲ ਸਿੰਘ ਪੰਡੋਰੀ) : ਬੀਕੇਯੂ ਡਕੌਂਦਾ ਨੇ ਸਥਾਨਕ ਤਰਕਸ਼ੀਲ ਭਵਨ ’ਚ ਆਪਣੀ ਸੂਬਾ ਪੱਧਰੀ ਮੀਟਿੰਗ ਕਰਕੇ ਸਪੱਸ਼ਟ ਕਰ ਦਿੱਤਾ ਹੈ ਕਿ ਚੋਣ ਮੈਦਾਨ ਵਿੱਚ ਨਿੱਤਰਨ ਵਾਲੀਆਂ ਕਿਸਾਨ ਜਥੇਬੰਦੀਆਂ ਦਾ ਨਾ ਤਾਂ ਵਿਰੋਧ ਕੀਤਾ ਜਾਵੇਗਾ ਅਤੇ ਨਾ ਹੀ ਹਮਾਇਤ ਕੀਤੀ ਜਾਵੇਗੀ। ਜਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਰਵਾਇਤੀ ਸਿਆਸੀ ਜਥੇਬੰਦੀਆਂ ਨੂੰ ਚੋਣ ਪ੍ਰਚਾਰ ਦੌਰਾਨ ਉਨਾਂ ਦੀ ਪਿਛਲੀ ਕਾਰਗੁਜਾਰੀ ਦੇ ਆਧਾਰ ’ਤੇ ਸਵਾਲ ਕੀਤੇ ਜਾਣਗੇ ਪ੍ਰੰਤੂ ਸੰਯੁਕਤ ਸਮਾਜ ਮੋਰਚੇ ਦੇ ਆਗੂਆਂ ਨੂੰ ਸਵਾਲ-ਜਵਾਬ ਨਹੀਂ ਕੀਤੇ ਜਾਣਗੇ ਕਿਉਂਕਿ ਮੋਰਚਾ ਨਵਾਂ ਹੋਂਦ ਵਿੱਚ ਆਇਆ ਹੈ ਅਤੇ ਇਸ ਦਾ ਕੋਈ ਸਿਆਸੀ ਪਿਛੋਕੜ ਨਹੀਂ ਹੈ । ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ , ਮਜ਼ਦੂਰਾਂ ਨਾਲ ਕੀਤੇ ਵਾਅਦੇ ਪੂਰੇ ਕਰਵਾਉਣ ਲਈ ਅਤੇ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਅਲਟੀਮੇਟਮ ਦੇਣ ਲਈ 10 ਜਨਵਰੀ ਨੂੰ ਬਰਨਾਲਾ ਦੀ ਅਨਾਜ ਮੰਡੀ ਵਿੱਚ ਜਥੇਬੰਦੀ ਦਾ ਸੂਬਾ ਪੱਧਰੀ ਇਕੱਠ ਕੀਤਾ ਜਾਵੇਗਾ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ 5 ਏਕੜ ਤੱਕ 2 ਲੱਖ ਦਾ ਕਰਜ਼ਾ ਤੁਰੰਤ ਮੁਆਫ਼ ਨਾ ਕੀਤਾ ਗਿਆ, ਨਰਮਾ ਖ਼ਰਾਬੀ ਦਾ ਮੁਆਵਜ਼ਾ ਨਾ ਦਿੱਤਾ ਗਿਆ ਅਤੇ ਕਿਸਾਨ ਅੰਦੋਲਨ ਦੌਰਾਨ, ਪਰਾਲੀ ਸਾੜਨ ਸੰਬੰਧੀ ਦਰਜ ਮੁਕੱਦਮੇ ਰੱਦ ਨਾ ਕੀਤੇ ਗਏ ਤਾਂ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ ਦਿੱਤਾ ਜਾਵੇਗਾ। ਇਸ ਮੌਕੇ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਕੁਝ ਕਿਸਾਨ ਜਥੇਬੰਦੀਆ ਵੱਲੋਂ ਬਣਾਏ ਸੰਯੁਕਤ ਸਮਾਜ ਮੋਰਚੇ ਬਾਰੇ ਜਥੇਬੰਦੀ ਦੀ ਸਪੱਸ਼ਟ ਰਣਨੀਤੀ ਹੈ ਕਿ ਜਥੇਬੰਦੀ ਆਪਣੇ ਸੰਵਿਧਾਨ ਤੋਂ ਬਾਹਰ ਨਹੀਂ ਜਾਵੇਗੀ। ਉਨਾਂ ਕਿਹਾ ਕਿ ਅਸੀਂ ਆਪਣੇ ਕਿਸੇ ਵਰਕਰ ਅਤੇ ਇੱਥੋ ਤੱਕ ਕਿ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਸੰਯੁਕਤ ਸਮਾਜ ਮੋਰਚੇ ਨੂੰ ਵੋਟ ਪਾਉਣ ਲਈ ਪ੍ਰੇਰਿਤ ਨਹੀਂ ਕਰਾਂਗੇ ਪਰ ਮੋਰਚੇ ਦਾ ਚੋਣ ਪ੍ਰਚਾਰ ਦੌਰਾਨ ਵਿਰੋਧ ਵੀ ਨਹੀਂ ਕਰਾਂਗੇ। ਇਸ ਮੌਕੇ ਜਗਮੋਹਨ ਸਿੰਘ ਪਟਿਆਲਾ, ਗੁਰਦੀਪ ਸਿੰਘ ਰਾਮਪੁਰਾ, ਗੁਰਮੀਤ ਸਿੰਘ ਭੱਟੀਵਾਲ, ਰਾਮ ਸਿੰਘ ਮਟੋਰੜਾ, ਕੁਲਵੰਤ ਸਿੰਘ ਕਿਸਨਗੜ ਅਤੇ 13 ਜ਼ਿਲਿਆਂ ਦੇ ਪ੍ਰਧਾਨ , ਸੈਕਟਰੀ ਤੇ ਖ਼ਜਾਨਚੀ ਹਾਜ਼ਰ ਸਨ।

error: Content is protected !!