-ਜਥੇਬੰਦੀਆਂ ਨੇ ਦਿੱਤੀ ਸੀ ਵਿਰੋਧ ਦੀ ਚਿਤਾਵਨੀ
ਬਰਨਾਲਾ, 30 ਦਸੰਬਰ (ਨਿਰਮਲ ਸਿੰਘ ਪੰਡੋਰੀ)- ਬਰਨਾਲਾ ਦੇ ਸਿਵਲ ਸਰਜਨ ਰਹੇ ਡਾ. ਜਸਵੀਰ ਸਿੰਘ ਔਲਖ ਦੀ ਬਦਲੀ ਅਤੇ ਡਾ. ਔਲਖ ਦੀ ਰਿਪੋਰਟ ਦੇ ਆਧਾਰ ’ਤੇ ਨੌਕਰੀ ਤੋਂ ਹਟਾਏ ਸਿਵਲ ਹਸਪਤਾਲ ਦੇ ਦੋ ਡਾਕਟਰਾਂ ਨੂੰ ਬਹਾਲ ਕਰਨ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਇਸ ਮਾਮਲੇ ’ਚ ਸਿਵਲ ਹਸਪਤਾਲ ਬਚਾਓ ਕਮੇਟੀ ਦੇ ਸੱਦੇ ’ਤੇ ਇਨਸਾਫਪਸੰਦ ਜਥੇਬੰਦੀਆਂ ਨੇ ਧਰਨਾ ਦੇ ਕੇ ਚਿਤਾਵਨੀ ਦਿੱਤੀ ਕਿ ਜੇਕਰ ਡਾ. ਔਲਖ ਦੀ ਬਦਲੀ ਰੱਦ ਨਾ ਕੀਤੀ ਗਈ ਅਤੇ ਬਹਾਲ ਕੀਤੇ ਡਾਕਟਰਾਂ ਨੂੰ ਵਿਭਾਗੀ ਸਜ਼ਾ ਨਾ ਦਿੱਤੀ ਗਈ ਤਾਂ ਆਮ ਲੋਕਾਂ ਦੇ ਸਹਿਯੋਗ ਨਾਲ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਜਨਤਕ ਆਗੂ ਬਲਵੰਤ ਸਿੰਘ ਉੱਪਲੀ, ਮੇਲਾ ਸਿੰਘ ਕੱਟੂ, ਪ੍ਰੇਮਪਾਲ ਕੌਰ, ਨਰੈਣ ਦੱਤ ਅਤੇ ਗੁਰਪ੍ਰੀਤ ਸਿੰਘ ਰੂੜੇਕੇ ਆਦਿ ਆਗੂਆਂ ਨੇ ਡਾ. ਔਲਖ ਵੱਲੋਂ ਬਹਾਲ ਕੀਤੇ ਡਾਕਟਰਾਂ ਸੰਬੰਧੀ ਰਿਪੋਰਟ ਅਤੇ ਸਮੁੱਚੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਵੀ ਮੰਗ ਕੀਤੀ। ਆਗੂਆਂ ਨੇ ਦੋਸ਼ ਲਗਾਇਆ ਕਿ ਡਾ. ਔਲਖ ਦੀ ਬਦਲੀ ਬਦਲਾਖ਼ੋਰੀ ਤਹਿਤ ਕੀਤੀ ਗਈ ਹੈ, ਜੋ ਉਕਤ ਦੋਵਂੇ ਡਾਕਟਰਾਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਹੀ ਬਹਾਲ ਕਰਨ ਤੋਂ ਸਾਫ਼ ਝਲਕਦੀ ਹੈ। ਆਗੂਆਂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਇੱਕ ਸਿਵਲ ਸਰਜਨ ਨੂੰ ਸਿੱਧਾ ਡਾਇਰੈਕਟਰ ਦਫ਼ਤਰ ਤਾਇਨਾਤ ਕਰਨ ਦੇਣਾ ਅਤੇ ਦੋਸ਼ਾਂ ਦਾ ਸਾਹਮਣਾ ਕਰਕੇ ਸਜ਼ਾ ਪਾ ਚੁੱਕੇ ਡਾਕਟਰਾਂ ਨੂੰ ਪਹਿਲਾਂ ਵਾਲੇ ਸਟੇਸ਼ਨ ’ਤੇ ਹੀ ਬਹਾਲ ਕੀਤੇ ਜਾਣ ਦੀ ਕਾਰਵਾਈ ਵਿੱਚੋਂ ਭਿ੍ਰਸ਼ਟਾਚਾਰ ਦੀ ਬੋਅ ਮਾਰ ਰਹੀ ਹੈ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਕਤ ਮਾਮਲੇ ਵਿੱਚ ਧੱਕੇਸ਼ਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਬਾਕਸ ਆਈਟਮ
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਕਤ ਮਾਮਲੇ ’ਚ ਜਥੇਬੰਦੀਆਂ ਦੇ ਵਿਰੋਧ ਦੇ ਐਲਾਨ ਤੋਂ ਬਾਅਦ ਉਪ ਮੁੱਖ ਮੰਤਰੀ ਨੇ ਸਿਵਲ ਹਸਪਤਾਲ ਬਰਨਾਲਾ ਦਾ ਪ੍ਰਸਤਾਵਿਤ ਦੌਰਾ ਰੱਦ ਕਰ ਦਿੱਤਾ ਹੈ। ਡਾ. ਜਸਵੀਰ ਸਿੰਘ ਔਲਖ ਦੀ ਬਦਲੀ ਤੋਂ ਰੋਹ ਵਿੱਚ ਆਈਆਂ ਜਥੇਬੰਦੀਆਂ ਨੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੰਦੇ ਹੋਏ ਉਪ ਮੁੱਖ ਮੰਤਰੀ ਦੇ ਸਿਵਲ ਹਸਪਤਾਲ ਦੇ ਦੌਰੇ ਦੌਰਾਨ ਰੋਸ ਕਰਨ ਦੀ ਵਿਉਤਬੰਦੀ ਉਲੀਕੀ ਸੀ।
