ਬਰਨਾਲਾ, 12 ਜਨਵਰੀ (ਨਿਰਮਲ ਸਿੰਘ ਪੰਡੋਰੀ) ਪੰਜਾਬ ਸਰਕਾਰ ਵੱਲੋਂ ਪੰਜ ਸਾਲ ਠੇਕਾ ਮੁਲਾਜ਼ਮਾਂ ਅਤੇ ਮਾਣ-ਭੱਤਾ ਵਰਕਰਾਂ ਨੂੰ ਨਿਗੂਣੀਆਂ ਤਨਖਾਹਾਂ, ਵਿਭਾਗਾਂ ਵਿੱਚ ਪੱਕੇ ਨਾ ਕਰਨ,ਰੈਗੂਲਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਹੱਲ ਕਰਨ ਦੀ ਬਜਾਏ ਗਿਣ ਮਿੱਥ ਕੇ ਲਟਕਾਉਣ ਖ਼ਿਲਾਫ਼ ਮੁਲਾਜ਼ਮਾਂ ਅਤੇ ਵਰਕਰਾਂ ਵਿੱਚ ਤਿੱਖੇ ਰੋਸ ਅਤੇ ਗੁੱਸੇ ਦੀ ਲਹਿਰ ਹੈ। ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ ਸਾਂਝਾ ਫਰੰਟ ਵੱਲੋਂ ਚੋਣ ਜਾਬਤੇ ਵਿੱਚ ਵੀ ਸੰਘਰਸ਼ ਨੂੰ ਜਾਰੀ ਰੱਖਣ ਅਤੇ ਲੋਕਾਂ ਵਿੱਚ ਸਰਕਾਰ ਦੇ ਕਾਰਪੋਰੇਟ ਪੱਖੀ ਅਤੇ ਲੋਕ ਵਿਰੋਧੀ ਕਿਰਦਾਰ ਨੂੰ ਨੰਗਿਆਂ ਕਰਨ ਲਈ ਪੰਜਾਬ ਅਤੇ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ ਫਰੰਟ ਬਰਨਾਲਾ ਦੀਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਪਿੱਛਲੇ ਪੰਜ ਸਾਲਾਂ ਦੌਰਾਨ ਕੀਤੇ ਝੂਠੇ ਵਾਅਦਿਆਂ ਅਤੇ ਲਾਰਿਆਂ ਦੀ ਪੰਡ ਡਿਪਟੀ ਕਮਿਸ਼ਨਰ ਦਫ਼ਤਰ ਦੇ ਕੰਪਲੈਕਸ ਵਿੱਚ ਫੂਕੀ ਗਈ। ਫਰੰਟ ਦੇ ਕਨਵੀਨਰ ਅਨਿਲ ਕੁਮਾਰ, ਖੁਸ਼ਮਿੰਦਰਪਾਲ ਹੰਡਿਆਇਆ, ਗੁਰਮੀਤ ਸੁਖਪੁਰ, ਕਰਮਜੀਤ ਸਿੰਘ ਬੀਹਲਾ, ਦਰਸ਼ਨ ਚੀਮਾ, ਹਰਿੰਦਰ ਮੱਲੀਆਂ, ਬਲਵੰਤ ਸਿੰਘ ਭੁੱਲਰ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਤਨਖਾਹ ਕਮਿਸ਼ਨ ਦੀਆਂ ਅਨਾਮਲੀਆਂ ਦੂਰ ਕਰਨ ਦੀ ਬਜਾਏ 1 ਜਨਵਰੀ 2016 ਤੋਂ ਬਾਅਦ ਏ.ਸੀ.ਪੀ. ,ਪਰੋਬੇਸ਼ਨ ਪੀਰੀਅਡ ਦੌਰਾਨ ਬਕਾਇਆ ਦਬਣ ਅਤੇ ਮੁਲਾਜ਼ਮਾਂ ਦੇ ਪੇਂਡੂ ਭੱਤੇ ਸਮੇਤ ਹੋਰਨਾ ਭੱਤਿਆਂ ਤੇ ਕੱਟ ਮਾਰ ਕੇ ਮੁਲਾਜ਼ਮ ਮਾਰੂ ਪੱਤਰ ਜਾਰੀ ਕੀਤੇ ਗਏ। ਇਸ ਲਈ ਮੁਲਾਜ਼ਮ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ 16 ਜਨਵਰੀ ਨੂੰ ਕਨਵੈਨਸ਼ਨ ਕਰਕੇ ਚੋਣ ਜਾਬਤੇ ਦੌਰਾਨ ਮੁੱਖ ਮੰਤਰੀ ਅਤੇ ਵਿਤ ਮੰਤਰੀ ਦੇ ਹਲਕਿਆਂ ਵਿੱਚ ਵੱਡੇ ਐਕਸ਼ਨ ਉਲੀਕੇ ਜਾਣਗੇ। ਇਸ ਮੌਕੇ ਚਮਕੌਰ ਸਿੰਘ ਕੈਰੇ, ਕੰਪਿਊਟਰ ਯੂਨੀਅਨ ਵੱਲੋਂ ਪਰਦੀਪ ਸਿੰਘ, ਦਰਸ਼ਨ ਸਿੰਘ ਨਾਈਵਾਲਾ, ਬੂਟਾ ਸਿੰਘ, ਬਲਵਿੰਦਰ ਸਿੰਘ ਧਨੇਰ, ਹਰਪਾਲ ਸਿੰਘ ਆਦਿ ਵੱਡੀ ਗਿਣਤੀ ’ਚ ਮੁਲਾਜ਼ਮ ਹਾਜ਼ਰ ਸਨ।









