Gee 98News

ਚੋਣ ਕਮਿਸ਼ਨ ਦੇ ਹੁਕਮਾਂ ਦਾ ਸਵਾਗਤ ਵੀ ਤੇ ਉਲੰਘਣਾ ਵੀ, ‘ਆਪ’ ਨੂੰ ਨੋਟਿਸ ਜਾਰੀ

ਬਰਨਾਲਾ,13 ਜਨਵਰੀ (ਨਿਰਮਲ ਸਿੰਘ ਪੰਡੋਰੀ) : ਚੋਣ ਜ਼ਾਬਤੇ ਦੀ ਉਲੰਘਣਾ ਸੰਬੰਧੀ ਚੋਣ ਕਮਿਸ਼ਨ ਵੱਲੋਂ ਆਮ ਆਦਮੀ ਪਾਰਟੀ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਅਤੇ ਸੂਬਾ ਪ੍ਰਧਾਨ ਭਗਵੰਤ ਮਾਨ ਵੱਲੋਂ ਬੀਤੇ ਕੱਲ ਖਰੜ ਵਿਖੇ ਆਪਣੇ ਉਮੀਦਵਾਰ ਦੇ ਹੱਕ ’ਚ ਡੋਰ-ਟੂ-ਡੋਰ ਮੁਹਿੰਮ ਕੀਤੀ ਗਈ ਸੀ। ਜਿਸ ਵਿੱਚ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਕੀਤੀ ਗਿਣਤੀ ਪੰਜ ਵਿਅਕਤੀਆਂ ਤੋਂ ਜ਼ਿਆਦਾ ਇਕੱਠ ਸੀ। ਇਸ ਸੰਬੰਧੀ ਵੀਡੀਓ ਅਤੇ ਫੋਟੋਆਂ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਹਨ, ‘ਆਪ’ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਹਰਜੋਤ ਸਿੰਘ ਬੈਂਸ ਨੂੰ ਵੀ ਚੋਣ ਕਮਿਸ਼ਨ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ, ਬੈਂਸ ਨੇ ਇੱਕ ਸਿਆਸੀ ਇਕੱਠ ਕੀਤਾ ਸੀ ਜਿਸ ਵਿੱਚ ਵੱਡੀ ਗਿਣਤੀ ਵਿਅਕਤੀਆਂ ਦੀ ਸ਼ਮੂਲੀਅਤ ਸੀ। ਸਿਸਟਮ ਵਿੱਚ ਬਦਲਾਅ ਲਿਆਉਣ ਦੇ ਦਾਅਵੇ ਕਰਨ ਵਾਲੀ ਪਾਰਟੀ ਨੂੰ ਸਿਸਟਮ ਦੀਆਂ ਉਲੰਘਣਾ ਕਰਨ ਦੇ ਨੋਟਿਸ ਜਾਰੀ ਹੋਣਾ ਸਵਾਲ ਖੜੇ ਕਰਦਾ ਹੈ। ਇੱਕ ਪਾਸੇ ‘ਆਪ’ ਆਗੂ ਚੋਣ ਕਮਿਸ਼ਨ ਦੀਆਂ ਪਾਬੰਦੀਆਂ ਦਾ ਸਵਾਗਤ ਕਰ ਰਹੇ ਹਨ ਪ੍ਰੰਤੂ ਦੂਜੇ ਪਾਸੇ ਉਲੰਘਣਾ ਵੀ ਖ਼ੁਦ ਹੀ ਕਰ ਰਹੇ ਹਨ। ਚੋਣ ਅਧਿਕਾਰੀਆਂ ਅਨੁਸਾਰ ‘ਆਪ’ ਨੇ 24 ਘੰਟਿਆ ਦੇ ਅੰਦਰ-ਅੰਦਰ ਨੋਟਿਸ ਦਾ ਜਵਾਬ ਨਾ ਦਿੱਤਾ ਤਾਂ ਪਾਰਟੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

error: Content is protected !!