ਬਰਨਾਲਾ, 26 ਜਨਵਰੀ (ਨਿਰਮਲ ਸਿੰਘ ਪੰਡੋਰੀ) : ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਲਈ ਦੂਜੀ ਸੂਚੀ ਜਾਰੀ ਕਰਨ ਤੋਂ ਬਾਅਦ ਕਈ ਵੱਡੇ ਚਿਹਰਿਆਂ ਨੇ ਟਿਕਟ ਨਾ ਮਿਲਣ ਕਰਕੇ ਬਗ਼ਾਵਤ ਦਾ ਝੰਡਾ ਚੁੱਕ ਲਿਆ ਹੈ। ਕਾਗਰਸ ਦੀ ਦੂਜੀ ਸੂਚੀ ’ਚ ਪਾਰਟੀ ਨੇ ਹੈਰਾਨੀਜਨਕ ਫ਼ੈਸਲਾ ਲੈਦੇ ਹੋਏ ਕੁਝ ਅਜਿਹੇ ਆਗੂਆਂ ਨੂੰ ਟਿਕਟ ਨਹੀਂ ਦਿੱਤੀ ਜੋ ਜਿੱਤ ਦੇ ਤਕੜੇ ਦਾਅਵੇਦਾਰ ਸਨ। ਸੁਨਾਮ ਹਲਕੇ ਤੋਂ ਦਮਨ ਥਿੰਦ ਬਾਜਵਾ ਪਿਛਲੇ ਪੰਜ ਵਰਿਆਂ ਤੋਂ ਲੋਕਾਂ ’ਚ ਲਗਾਤਾਰ ਵਿਚਰ ਰਹੀ ਸੀ, ਪ੍ਰੰਤੂ ਪਾਰਟੀ ਨੇ ਉਸ ਦੇ ਦਾਅਵੇ ਨੂੰ ਅੱਖੋ-ਪਰੋਖੇ ਕਰ ਦਿੱਤਾ। ਇਸੇ ਤਰਾਂ ਸਾਹਨੇਵਾਲ ਹਲਕੇ ਤੋਂ ਸਤਵਿੰਦਰ ਬਿੱਟੀ ਨੇ ਪਿਛਲੇ ਪੰਜਾਂ ਸਾਲਾਂ ’ਚ ਆਪਣਾ ਚੰਗਾ ਜਨਆਧਾਰ ਕਾਇਮ ਕਰ ਲਿਆ ਸੀ। ਸਰਵੇ ਅਨੁਸਾਰ ਸਤਵਿੰਦਰ ਬਿੱਟੀ ਮੁੱਖ ਮੁਕਾਬਲੇ ਵਿੱਚ ਸੀ ਪਰ ਹਾਈਕਮਾਂਡ ਨੇ ਬਿੱਟੀ ਦੀਆਂ ਉਮੀਦਾਂ ਉੱਪਰ ਪਾਣੀ ਫੇਰ ਦਿੱਤਾ। ਸਮਰਾਲਾ ਹਲਕੇ ਤੋਂ ਮੌਜੂਦਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਟਿਕਟ ਵੀ ਕੱਟ ਦਿੱਤੀ ਗਈ, ਜਿੱਥੇ ਢਿੱਲੋਂ ਮੁੱਖ ਮੁਕਾਬਲੇ ਵਿੱਚ ਸੀ ਉੱਥੇ ਢਿੱਲੋਂ ਉੱਪਰ ਬਤੌਰ ਵਿਧਾਇਕ ਕੋਈ ਅਜਿਹਾ ਦੋਸ਼ ਵੀ ਨਹੀਂ ਸੀ ਕਿ ਉਸ ਦੀ ਟਿਕਟ ਕੱਟ ਦਿੱਤੀ ਜਾਵੇ। ਟਿਕਟ ਤੋਂ ਵਾਂਝੇ ਇਨਾਂ ਆਗੂੁਆਂ ਨੇ ਸੋਸ਼ਲ ਮੀਡੀਆ ਉੱਪਰ ਆ ਕੇ ਕਾਂਗਰਸ ਪਾਰਟੀ ਦੇ ਫ਼ੈਸਲੇ ਖ਼ਿਲਾਫ਼ ਕਦਮ ਚੁੱਕਣ ਦਾ ਐਲਾਨ ਕਰ ਦਿੱਤਾ ਹੈ ਜੋ ਇਨਾਂ ਹਲਕਿਆਂ ਵਿੱਚ ਕਾਂਗਰਸ ਲਈ ਸ਼ੁਭ ਸੰਕੇਤ ਨਹੀਂ ਹੈ। ਹਲਕਾ ਜਗਰਾਓ ਤੋਂ ਜੱਗਾ ਹਿੱਸੋਵਾਲ, ਅਮਰਗੜ ਤੋਂ ਸੁਮਿਤ ਸਿੰਘ ਨੂੰ ਟਿਕਟ ਦੇਣ ਦਾ ਫ਼ੈਸਲਾ ਵੀ ਹੈਰਾਨੀਜਨਕ ਮੰਨਿਆ ਜਾ ਰਿਹਾ ਹੈ।








