Skip to main content

Gee 98News

ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਛੋਟੀ ਮੋਟੀ ਗੱਲ ਨਹੀ, ਇਹ ਇਤਿਹਾਸਕ ਫ਼ੈਸਲਾ ਹੈ: ਰਾਹੁਲ ਗਾਂਧੀ

-ਕਾਂਗਰਸੀ ਉਮੀਦਵਾਰਾਂ ਦੇ ਹੱਕ ’ਚ ਪ੍ਰਚਾਰ ਕਰਨ ਬਰਨਾਲਾ ਪੁੱਜੇ ਰਾਹੁਲ ਗਾਂਧੀ

ਬਰਨਾਲਾ, 15 ਫਰਵਰੀ (ਨਿਰਮਲ ਸਿੰਘ ਪੰਡੋਰੀ) : ਕਾਂਗਰਸੀ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਬਰਨਾਲਾ ਪੁੱਜੇ ਕਾਂਗਰਸ ਪਾਰਟੀ ਦਾ ਕੌਮੀ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਭਾਜਪਾ ਆਗੂ ਗ੍ਰਹਿ ਮੰਤਰੀ ਅਮਿੱਤ ਸ਼ਾਹ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਜੰਮ ਕੇ ਰਗੜੇ ਲਗਾਉਂਦਿਆਂ ਕੀਤੀ। ਉਨਾਂ ਕਿਹਾ ਕਿ ‘‘2013 ’ਚ ਜਦ ਮੈਂ ਪੰਜਾਬ ਯੂਨੀਵਰਸਿਟੀ ’ਚ ਸੂਬੇ ਅੰਦਰ ਨਸ਼ਾਖੋਰੀ ਦੀ ਸਮੱਸਿਆ ਦਾ ਜਿਕਰ ਕੀਤਾ ਤਾਂ ਭਾਜਪਾ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਸਮੇਤ ਹੋਰ ਸਾਰੀਆਂ ਪਾਰਟੀਆਂ ਨੇ ਮੇਰਾ ਮਜ਼ਾਕ ਉਡਾਇਆ ਅਤੇ ਕਿਹਾ ਕਿ ਰਾਹੁਲ ਗਾਂਧੀ ਪੰਜਾਬ ਨੂੰ ਬਦਨਾਮ ਕਰ ਰਿਹਾ ਹੈ, ਪ੍ਰੰਤੂ ਹੁਣ ਕੁੱਝ ਦਿਨ ਪਹਿਲਾਂ ਪੰਜਾਬ ਫੇਰੀ ’ਤੇ ਆਏ ਗ੍ਰਹਿ ਮੰਤਰੀ ਅਮਿੱਤ ਸ਼ਾਹ ਨੇ ਖੁਦ ਕਿਹਾ ਕਿ ਸੂਬੇ ’ਚ ਨਸ਼ਾਖੋਰੀ ਸਬੰਧੀ ਇੱਕ ਇੰਸਟੀਚਿਊਟ ਦੀ ਸਥਾਪਨਾ ਕੀਤੀ ਜਾਵੇਗੀ।’’ ਉਨਾਂ ਕਿਹਾ ਕਿ ਉਸ ਵੇਲੇ ਪੰਜਾਬ ’ਚ ਅਕਾਲੀ/ਭਾਜਪਾ ਦੀ ਸਰਕਾਰ ਸੀ ਅਤੇ ਇੰਨਾਂ ਦੇ ਆਪਣੇ ਆਗੂ ਨਸ਼ਾ ਤਸਕਰੀ ਵਿੱਚ ਸ਼ਾਮਲ ਸਨ। ਇਸ ਲਈ ਇਨਾਂ ਨੂੰ ਸਾਡੀ ਗੱਲ ਬੁਰੀ ਲੱਗੀ ਅਤੇ ਇੰਨਾਂ ਪਾਰਟੀਆਂ ਨੇ ਮੇਰੇ ਬਿਆਨ ਨੂੰ ਅਧਾਰ ਬਣਾ ਕੇ ਕਾਂਗਰਸ ਨੂੰ ਪੰਜਾਬ ਵਿਰੋਧੀ ਦਰਸਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਹੁਣ ਖੁਦ ਕਿਹੜੇ ਮੂੰਹ ਨਾਲ ਪੰਜਾਬ ’ਚ ਨਸ਼ਾਖੋਰੀ ਦਾ ਜਿਕਰ ਕਰ ਰਹੇ ਹਨ। ਉਨਾਂ ਕਿਹਾ ਕਿ ਰਾਹੁਲ ਗਾਂਧੀ ਨੇ ਬਿਕਰਮ ਮਜੀਠੀਆ ਕੋਲੋਂ ਹੱਥ ਜੋੜ ਕੇ ਮੁਆਫ਼ੀ ਨਹੀਂ ਮੰਗੀ ਸਗੋਂ ‘ਆਪ’ ਸੁੁਪਰੀਮੋ ਅਰਵਿੰਦ ਕੇਜਰੀਵਾਲ ਨੇ ਮਜੀਠੀਆ ਕੋਲੋਂ ਮੁਆਫੀ ਮੰਗ ਕੇ ਅਕਾਲੀਆਂ ਨੂੰ ਨਸ਼ਾ ਤਸਕਰੀ ਦੇ ਦੋਸਾਂ ’ਚੋਂ ਬਰੀ ਕਰ ਦਿੱਤਾ ਪ੍ਰੰਤੂ ਹੁਣ ਆਮ ਆਦਮੀ ਪਾਰਟੀ ਦੇ ਆਗੂ ਸੂਬੇ ’ਚ ਨਸ਼ਾਖੋਰੀ ਦੀ ਗੱਲ ਕਰ ਰਹੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਅਕਾਲੀ, ਭਾਜਪਾ ਅਤੇ ਆਮ ਆਦਮੀ ਪਾਰਟੀ ਦੀ ਦੋਗਲੀ, ਸੌੜੀ ਰਾਜਨੀਤੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਲੋਕ ਸਭਾ ਦੇ ਅੰਦਰ ਅਤੇ ਬਾਹਰ ਭਿਆਨਕ ਸਮੱਸਿਆਵਾਂ ਤੋਂ ਦੇਸ਼ ਨੂੰ ਹੋਣ ਵਾਲੇ ਨੁਕਸਾਨ ਸਬੰਧੀ ਸੁਚੇਤ ਕਰਦਾ ਰਿਹਾਂ ਹਾਂ ਪ੍ਰੰਤੂ ਮੇਰਾ ਮਜ਼ਾਕ ਉਡਾਇਆ ਜਾਂਦਾ ਰਿਹਾ ਹੈ। ਉਨਾਂ ਕਿਹਾ ਕਿ ਕਰੋਨਾ ਦੀ ਸ਼ੁਰੂਆਤੀ ਦਿਨਾਂ ’ਚ ਮੈਂ ਲੋਕ ਸਭਾ ਅੰਦਰ ਕਿਹਾ ਸੀ ਕਿ ਦਿੱਲੀ ’ਚ ਵਧੇਰੇ ਨੁਕਸਾਨ ਹੋ ਸਕਦਾ ਹੈ ਪ੍ਰੰਤੂ ਮੇਰੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ, ਫ਼ਿਰ ਜੋ ਜਾਨੀ ਤੇ ਮਾਲੀ ਨੁਕਸਾਨ ਹੋਇਆ ਉਹ ਸਭ ਦੇ ਸਾਹਮਣੇ ਹੈ ਕਿਉਂਕਿ ਕੇਜਰੀਵਾਲ ਸਰਕਾਰ ਦਿੱਲੀ ’ਚ ਅਤੇ ਭਾਜਪਾ ਸਰਕਾਰ ਦੇਸ਼ ਵਿੱਚ ਬਿਹਤਰ ਸਿਹਤ ਸੇਵਾਵਾਂ ਦਾ ਪ੍ਰਬੰਧ ਨਹੀਂ ਕਰ ਸਕੀਆਂ। ਉਨਾਂ ਕਿਹਾ ਕਿ ਕਾਂਗਰਸ ਵਿਰੋਧੀ ਪਾਰਟੀਆਂ ਮੇਰੇ ਬਾਰੇ ਝੂਠਾ ਪ੍ਰਚਾਰ ਕਰਦੀਆਂ ਰਹੀਆਂ ਹਨ ਕਿ ਰਾਹੁਲ ਗਾਂਧੀ ਦੇਸ਼ ਦੇ ਲੋਕਾਂ ਨੂੰ ਡਰਾ ਰਿਹਾ ਹੈ ਜਦਕਿ ਕੋਰੋਨਾ ਕਾਲ ਦੌਰਾਨ ਭਾਜਪਾ ਦੇ ਦੇਸ਼ ਦੇ ਲੋਕਾਂ ਨੂੰ ਮੌਤ ਦੇ ਡਰਾਵੇ ਦੇ ਕੇ ਉਨਾਂ ਦੇ ਆਪਣੇ ਘਰਾਂ ਅੰਦਰ ਹੀ ਬੰਦ ਕਰੀ ਰੱਖਿਆ। ਉਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦਿੱਲੀ ’ਚ ਮੁਹੱਲਾ ਕਲੀਨਿਕ ਖੋਲਣ ਦੇ ਝੂਠੇ ਦਾਅਵੇ ਕਰ ਰਿਹਾ ਹੈ ਜਦਕਿ ਦਿੱਲੀ ’ਚ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਮਰਹੂਮ ਨੇਤਾ ਸ਼ੀਲਾ ਦੀਕਸ਼ਿਤ ਦੀ ਸਰਕਾਰ ਨੇ ਕੀਤੀ ਸੀ। ਉਨਾਂ ਕਿਹਾ ਕਿ ਕਰੋਨਾ ਕਾਲ ’ਚ ਪੰਜਾਬ ਅੰਦਰ ਕਾਂਗਰਸ ਸਰਕਾਰ ਨੇ ਹਾਲਾਤਾਂ ਨੂੰ ਕਾਬੂ ਹੇਠ ਰੱਖਿਆ ਕਿਉਂਕਿ ਸਾਡੀ ਸਰਕਾਰ ਨੇ ਕੇਜਰੀਵਾਲ ਦੀ ਸਰਕਾਰ ਵਾਂਗੂ ਕਰੋੜਾਂ ਰੁਪਏ ਇਸ਼ਤਿਹਾਰਾਂ ਉਪਰ ਖਰਚ ਨਹੀ ਕੀਤੇ। ਖੇਤੀ ਕਾਨੂੰਨਾਂ ਸਬੰਧੀ ਗਾਂਧੀ ਨੇ ਕਿਹਾ ਕਿ ਭਾਜਪਾ ਨੇ ਦੇਸ਼ ਦੇ ਕਿਸਾਨਾਂ ਨੂੰ ਇੱਕ ਸਾਲ ਤੋਂ ਵੱਧ ਸਮਾਂ ਸੜਕਾਂ ’ਤੇ ਰੋਲਿਆ ਅਤੇ ਹੁਣ ਇਹ ਕਿਸਾਨ ਹਿਤੈਸੀ ਹੋਣ ਦੇ ਝੂਠੇ ਦਾਅਵੇ ਕਰ ਰਹੇ ਹਨ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ ’ਤੇ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਦੀ ਦੁਰਦਸ਼ਾ ਕੀਤੀ। ਫ਼ਿਰ ਵੀ ਲੋਕਾਂ ਦੀ ਸ਼ਕਤੀ ਅੱਗੇ ਪ੍ਰਧਾਨ ਮੰਤਰੀ ਨੂੰ ਮੁਆਫ਼ੀ ਮੰਗ ਕੇ ਖੇਤੀ ਕਾਨੂੰਨ ਵਾਪਸ ਲੈਣੇ ਪਏ। ਜਿਸ ਤੋਂ ਭਾਜਪਾ ਦੀ ਵੱਡੀ ਨਾਕਾਮੀ ਸਾਹਮਣੇ ਆਉਂਦੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਸਰਹੱਦੀ ਸੂਬੇ ਪੰਜਾਬ ਲਈ ਸੁਰੱਖਿਆ, ਸ਼ਾਂਤੀ ਅਤੇ ਸਥਿਰਤਾ ਸਭ ਤੋਂ ਅਹਿਮ ਹਨ। ਉਨਾਂ ਕਿਹਾ ਕਿ ਭਾਜਪਾ ਪੰਜਾਬ ’ਚ ਤਜਰਬੇ ਕਰ ਰਹੀ ਹੈ ਪ੍ਰੰਤੂ ਪੰਜਾਬ ਤਜਰਬੇ ਕਰਨ ਵਾਲੀ ਸਟੇਟ ਨਹੀਂ ਹੈ ਕਿਉਂਕਿ ਪੰਜਾਬ ਸਰਹੱਦੀ ਸਟੇਟ ਹੈ। ਅਰਵਿੰਦ ਕੇਜਰੀਵਾਲ ਉੱਪਰ ਵਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਕੇਜਰੀਵਾਲ ਦੇ ਸਬੰਧ ਪੰਜਾਬ ਵਿਰੋਧੀ ਤਾਕਤਾਂ ਨਾਲ ਹਨ ਕਿਉਂਕਿ ਕੇਜਰੀਵਾਲ ਦੇ ਨੇ ਇੱਕ ਅੱਤਵਾਦੀ ਦੇ ਘਰ ਠਹਿਰ ਕੀਤੀ। ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਹਿਮ ਜਿੰਮੇਵਾਰੀ ਇਸੇ ਕਰਕੇ ਦਿੱਤੀ ਗਈ ਹੈ ਕਿਉਂਕਿ ਉਨਾਂ ’ਚ ਸੁਰੱਖਿਆ, ਸ਼ਾਂਤੀ ਅਤੇ ਸਥਿਰਤਾ ਨੂੰ ਕਾਇਮ ਰੱਖਣ ਦੀ ਕਾਬਲੀਅਤ ਹੈ। ਉਨਾਂ ਮੁੱਖ ਮੰਤਰੀ ਚੰਨੀ ਵੱਲੋਂ ਸਿਰਫ਼ 111 ਦਿਨਾਂ ਵਿੱਚ ਕੀਤੇ ਕੰਮਾਂ ਦੀ ਸਲਾਘਾ ਕਰਦੇ ਹੋਏ ਦਾਅਵਾ ਕੀਤਾ ਕਿ ਸੂਬੇ ’ਚ ਚੰਨੀ ਦੀ ਅਗਵਾਈ ਹੇਠ ਫਿਰ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ਕੈਪਟਨ ਅਮਰਿੰਦਰ ਸਿੰਘ ਸਬੰਧੀ ਵੱਡੀ ਗੱਲ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਜਿਹੜੇ ਕੰਮ ਮੁੱਖ ਮੰਤਰੀ ਚੰਨੀ ਨੇ ਕੀਤੇ ਹਨ, ਇਹ ਕੰਮ ਕਾਂਗਰਸ ਹਾਈਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਰਨ ਲਈ ਕਿਹਾ ਸੀ ਪਰ ਉਨਾਂ ਨੇ ਨਹੀਂ ਕੀਤੇ, ਜਿਸ ਤੋਂ ਬਾਅਦ ਕੈਪਟਨ ਨੂੰ ਬਦਲਣ ਦੀ ਮੰਗ ਉਠੀ ਅਤੇ ਕਾਂਗਰਸ ਨੇ ਆਪਣੇ ਵਰਕਰਾਂ ਦੀਆਂ ਭਾਵਨਾਵਾਂ ਅਨੁਸਾਰ ਕੈਪਟਨ ਨੂੰ ਬਦਲ ਦਿੱਤਾ। ਉਨਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਕੋਈ ਛੋਟੀ ਗੱਲ ਨਹੀਂ ਸਗੋਂ ਇਹ ਇੱਕ ਇਤਿਹਾਸਕ ਫੈਸਲਾ ਹੈ। ਰਾਹਲ ਗਾਂਧੀ ਨੇ ਦਾਅਵਾ ਕੀਤਾ ਕਿ ਪੰਜਾਬ ’ਚ ਗਰੀਬ ਪ੍ਰੀਵਾਰ ਦੇ ਵਿਅਕਤੀ ਦੀ ਅਗਵਾਈ ਹੇਠ ਕਾਂਗਰਸ ਦੀ ਸਰਕਾਰ ਬਣੇਗੀ।
ਇਸ ਮੌਕੇ ਪਾਰਟੀ ਦੇ ਪੰਜਾਬ ਇੰਚਾਰਜ ਹਰੀਸ ਚੌਧਰੀ, ਸਾਬਕਾ ਕੇਂਦਰੀ ਰੇਲ ਮੰਤਰੀ ਪਵਨ ਬਾਂਸਲ, ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ, ਸੁਰਿੰਦਰਪਾਲ ਸਿੰਘ ਸਿਬੀਆ, ਪਾਰਟੀ ਦੇ ਹਲਕਾ ਬਰਨਾਲਾ ਤੋਂ ਉਮੀਦਵਾਰ ਮਨੀਸ਼ ਬਾਂਸਲ, ਹਲਕਾ ਮਹਿਲ ਕਲਾਂ ਤੋਂ ਹਰਚੰਦ ਕੌਰ ਘਨੌਰੀ, ਜ਼ਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਤੇ ਪਾਰਟੀ ਦੇ ਸਥਾਨਕ ਲੀਡਰਸਿੱਪ ਹਾਜ਼ਰ ਸੀ।

Gee98 Ads
error: Content is protected !!