ਬਰਨਾਲਾ, 10 ਮਾਰਚ (ਨਿਰਮਲ ਸਿੰਘ ਪੰਡੋਰੀ) : ਸੂਬੇ ’ਚ ਕਾਂਗਰਸ ਪਾਰਟੀ ਦੀ ਕਰਾਰੀ ਹਾਰ ਉੱਪਰ ਤਿੱਖਾ ਪ੍ਰਤੀਕਰਮ ਦਿੰਦੇ ਹੋਏ ਬਰਨਾਲਾ ਤੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਇਸ ਹਾਰ ਲਈ ਹਾਈਕਮਾਂਡ ਦੀਆਂ ਚੋਣ ਲੜਨ ਦੀਆਂ ਯੋਜਨਾਵਾਂ ਅਤੇ ਟਿਕਟ ਵੰਡ ਨੀਤੀ ਨੂੰ ਜ਼ਿੰਮੇਵਾਰ ਦੱਸਿਆ । ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਇੱਕ ਸੈਕੂਲਰ ਸੂਬਾ ਹੈ ਜਿੱਥੇ ਲੋਕ ਆਪਸੀ ਸਾਂਝ ਕਾਇਮ ਰੱਖਦੇ ਹੋਏ ਰਹਿ ਰਹੇ ਹਨ ਪ੍ਰੰਤੂ ਕਾਂਗਰਸ ਨੇ ਜਾਤ ਅਧਾਰਿਤ ਸਿਆਸੀ ਖੇਡ ਨਾਲ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਸੂਬੇ ਦੇ ਲੋਕਾਂ ਨੇ ਕਾਂਗਰਸ ਨੂੰ ਬੁਰੀ ਤਰਾਂ ਨਕਾਰ ਦਿੱਤਾ। ਢਿੱਲੋਂ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਦੀ ਟਿਕਟਾਂ ਵੰਡਣ ਦੀ ਨੀਤੀ ਵੀ ਬਹੁਤੀਆਂ ਸੀਟਾਂ ਉੱਪਰ ਹੋਈ ਹਾਰ ਲਈ ਜ਼ਿੰਮੇਵਾਰ ਹੈ। ਕੇਵਲ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ,ਭਗਵੰਤ ਮਾਨ ਨੂੰ ਸ਼ਾਨਦਾਰ ਜਿੱਤ ’ਤੇ ਵਧਾਈ ਦਿੰਦੇ ਹੋਏ ਆਸ ਪ੍ਰਗਟਾਈ ਕਿ ਆਮ ਆਦਮੀ ਪਾਰਟੀ ਸੂਬੇ ਦੇ ਲੋਕਾਂ ਦੇ ਬਿਹਤਰੀ ਲਈ ਕੰਮ ਕਰੇਗੀ।










