ਬਰਨਾਲਾ 19 ਮਾਰਚ (Gee98 news)-ਪੰਜਾਬ ਪੁਲੀਸ ਨੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਦਾ ਮਾਮਲਾ ਹੱਲ ਕਰਦੇ ਹੋਏ ਇਸ ਮਾਮਲੇ ‘ਚ ਲੋੜੀਂਦੇ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਦੋਸ਼ੀਆਂ ਦੀ ਪਹਿਚਾਣ ਫਤਿਹ ਸਿੰਘ ਉਰਫ ਯੁਵਰਾਜ ਵਾਸੀ ਸੰਗਰੂਰ, ਕੌਸ਼ਲ ਚੌਧਰੀ ਵਾਸੀ ਨਾਹਰਪੁਰ ਰੂਪਾ (ਗੁਰੂਗ੍ਰਾਮ) ਅਮਿਤ ਡਾਗਰ ਵਾਸੀ ਮਹੇਸ਼ਪੁਰ ਪਾਲਵਾਂ (ਹਰਿਆਣਾ) ਸਿਮਰਨਜੀਤ ਸਿੰਘ ਉਰਫ਼ ਜੁਝਾਰ ਸਿੰਘ ਉਰਫ ਗੈਂਗਸਟਰ ਵਾਸੀ ਮਾਧੋਪੁਰ ਪੀਲੀਭੀਤ (ਯੂ ਪੀ) ਵਜੋਂ ਦੱਸੀ ਗਈ ਹੈ। ਡੀਜੀਪੀ ਪੰਜਾਬ ਸ੍ਰੀ ਵੀ ਕੇ ਭਾਵੜਾ ਨੇ ਉਕਤ ਮਾਮਲੇ ‘ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਦੋਸ਼ੀ ਕ੍ਰਾਈਮ ਦੀ ਦੁਨੀਆ ਵਿੱਚ ਹਿਸਟਰੀ ਸ਼ੀਟਰ ਹਨ ਅਤੇ ਇਨ੍ਹਾਂ ਉੱਪਰ 20 ਤੋਂ ਜ਼ਿਆਦਾ ਕਤਲ ਅਤੇ ਇਰਾਦਾ ਕਤਲ ਦੇ ਮਾਮਲੇ ਚੱਲ ਰਹੇ ਹਨ। ਉਕਤ ਦੋਸ਼ੀਆਂ ਤੋਂ ਇਲਾਵਾ ਪੁਲੀਸ ਨੇ ਇਸ ਮਾਮਲੇ ਦੇ ਵਿੱਚ ਤਿੰਨ ਹੋਰ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਹੈ ਜੋ ਇਸ ਵੇਲੇ ਵਿਦੇਸ਼ਾਂ ਵਿਚ ਰਹਿ ਰਹੇ ਹਨ ਜਿਨ੍ਹਾਂ ਵਿੱਚ ਸਨਾਵਰ ਢਿੱਲੋਂ ਕੈਨੇਡਾ ਸੁਖਵਿੰਦਰ ਸਿੰਘ ਉਰਫ ਸੁੱਖਾ ਦੁਨੇਕੇ ਕੈਨੇਡਾ ਅਤੇ ਜਗਜੀਤ ਸਿੰਘ ਉਰਫ ਗਾਂਧੀ ਇਸ ਵੇਲੇ ਮਲੇਸ਼ੀਆ ਵਿੱਚ ਰਹਿ ਰਹੇ ਹਨ। ਇਸ ਮਾਮਲੇ ਸਬੰਧੀ ਹੋਰ ਵਿਸਥਾਰਤ ਜਾਣਕਾਰੀ ਦਿੰਦੇ ਹੋਏ ਮਾਣਯੋਗ ਡੀਜੀਪੀ ਨੇ ਦੱਸਿਆ ਕਿ ਸਨਾਵਰ ਢਿਲੋਂ ਨੇ “ਨੈਸ਼ਨਲ ਕਬੱਡੀ ਫੈਡਰੇਸ਼ਨ ਆਫ ਉਂਟਾਰੀਓ” ਦਾ ਗਠਨ ਕੀਤਾ ਹੋਇਆ ਹੈ ਅਤੇ ਉਹ ਵਿਸ਼ਵ ਦੇ ਚੋਟੀ ਦੇ ਕਬੱਡੀ ਖਿਡਾਰੀਆਂ ਨੂੰ ਆਪਣੀ ਫੈਡਰੇਸ਼ਨ ਨਾਲ ਜੋੜਨਾ ਚਾਹੁੰਦਾ ਸੀ ਪ੍ਰੰਤੂ ਵਿਸ਼ਵ ਦੇ ਚੋਟੀ ਦੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ “ਮੇਜਰ ਲੀਗ ਕਬੱਡੀ” ਨਾਲ ਜੁੜੇ ਹੋਏ ਸਨ ਜਾਂ ਜੁੜ ਰਹੇ ਸਨ ਜਿਸ ਕਰਕੇ ਸਨਾਵਰ ਢਿੱਲੋਂ ਦੀ ਕਬੱਡੀ ਫੈਡਰੇਸ਼ਨ ਕਾਮਯਾਬ ਨਹੀਂ ਹੋ ਰਹੀ ਸੀ,ਇਸੇ ਕਾਰਨ ਹੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਦਾ ਤਾਣਾ ਬਾਣਾ ਬੁਣਿਆ ਗਿਆ ਅਤੇ 14 ਮਾਰਚ ਨੂੰ ਸ਼ਾਮ ਸਮੇਂ ਜਲੰਧਰ ਨੇੜਲੇ ਪਿੰਡ ਮੱਲੀਆਂ ‘ਚ ਇਕ ਕਬੱਡੀ ਟੂਰਨਾਮੈਂਟ ਦੌਰਾਨ ਸੰਦੀਪ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ।