ਬਰਨਾਲਾ, 19 ਮਾਰਚ (ਨਿਰਮਲ ਸਿੰਘ ਪੰਡੋਰੀ) : ਭਗਵੰਤ ਮਾਨ ਵਜ਼ਾਰਤ ਦੇ 10 ਕੈਬਨਿਟ ਮੰਤਰੀਆਂ ਦੀ ਚੋਣ ਤੋਂ ਬਾਅਦ ਪਾਰਟੀ ਦੇ ਕੈਬਨਿਟ ਤੋਂ ਬਾਹਰ ਰੱਖੇ ਸੀਨੀਅਰ ਵਿਧਾਇਕਾਂ ਦਾ ਦਰਦ ਉਬਾਲੇ ਮਾਰਨ ਲੱਗ ਪਿਆ ਹੈ। ਤਲਵੰਡੀ ਸਾਬੋ ਤੋਂ ਵਿਧਾਇਕ ਬੀਬੀ ਬਲਜਿੰਦਰ ਕੌਰ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਪਾ ਕੇ ਆਪਣੀ ਨਾਰਾਜ਼ਗੀ ਵੀ ਜ਼ਾਹਿਰ ਕਰ ਦਿੱਤੀ ਹੈ ਭਾਵੇਂ ਕਿ ਬੀਬੀ ਨੇ ਇਹ ਪੋਸਟ ਚਰਚਾ ਹੋਣ ਤੋਂ ਬਾਅਦ ਡਿਲੀਟ ਕਰ ਦਿੱਤੀ ਪ੍ਰੰਤੂ ਬੀਬੀ ਬਲਜਿੰਦਰ ਕੌਰ ਨੂੰ ਮਿਲਣ ਵਾਲੇ ਦੱਸ ਰਹੇ ਹਨ ਕਿ ਬੀਬੀ ਜੀ ਆਪਣੇ ਮੱਥੇ ਦੀਆਂ ਤਿਊੜੀਆਂ ਡਿਲੀਟ ਨਹੀਂ ਕਰ ਸਕੇ। ਦੂਜੇ ਸੀਨੀਅਰ ਵਿਧਾਇਕ ਅਮਨ ਅਰੋੜਾ ਨੇ ਵੀ ਨਵੀਂ ਕੈਬਨਿਟ ਦੇ ਗਠਨ ’ਤੇ ਕੋਈ ਚੰਗਾ ਪ੍ਰਤੀਕਰਮ ਨਹੀਂ ਦਿੱਤਾ। ਅਮਨ ਅਰੋੜਾ ਦੀ ਚੁੱਪ ਨੂੰ ਵੀ ਨਾਰਾਜ਼ਗੀ ਦਾ ਸੰਕੇਤ ਸਮਝਿਆ ਜਾ ਰਿਹਾ ਹੈ। ਇਸੇ ਤਰਾਂ ਪ੍ਰਿੰਸੀਪਲ ਬੁੱਧਰਾਮ , ਸਰਬਜੀਤ ਕੌਰ ਮਾਣੂੰਕੇ ਦੇ ਸਮਰਥਕਾਂ ਨੇ ਵੀ ਨਾਰਾਜ਼ਗੀ ਪ੍ਰਗਟ ਕੀਤੀ ਹੈ। ਭਾਵੇਂ ਕਿ ਕੈਬਨਿਟ ਵਿੱਚ ਅਜੇ 7 ਮੰਤਰੀ ਹੋਰ ਸ਼ਾਮਲ ਕੀਤੇ ਜਾ ਸਕਦੇ ਹਨ ਪ੍ਰੰਤੂ ਪਹਿਲੀ ਸੂਚੀ ਵਿੱਚ ਆਪਣਾ ਨਾਮ ਨਾ ਸ਼ਾਮਲ ਹੋਣ ’ਤੇ ਸੀਨੀਅਰ ਵਿਧਾਇਕ ਮਾਯੂਸ ਹਨ, ਇਨਾਂ ਵਿਧਾਇਕਾਂ ਦੇ ਸਮਰਥਕ ਇਸ ਮਾਯੂਸੀ ਨੂੰ ਬੇਇੱਜ਼ਤੀ ਦਾ ਨਾਮ ਵੀ ਦੇ ਰਹੇ ਹਨ।