–ਬਰਨਾਲਾ ਦੇ ਪਿੰਡ ਗਹਿਲ ਦੇ ਇੱਕ ਪਰਿਵਾਰ ਨੇ ਪੇਸ਼ ਕੀਤੀ ਭਾਵਨਾਤਮਿਕ ਮਿਸਾਲ
ਬਰਨਾਲਾ, 13 ਅਪ੍ਰੈਲ (ਨਿਰਮਲ ਸਿੰਘ ਪੰਡੋਰੀ) : ਜ਼ਿਲ੍ਹੇ ਦੇ ਪਿੰਡ ਗਹਿਲ ਦੇ ਇੱਕ ਪਰਿਵਾਰ ਨੇ ਆਪਣੇ 4 ਸਾਲ ਦੇ ਮਿ੍ਤਕ ਪੁੱਤਰ ਦੇ 4 ਅੰਗ ਦਾਨ ਕਰਕੇ ਤਿੰਨ ਲੋਕਾਂ ਦੀ ਖ਼ੁਰ ਰਹੀ ਜ਼ਿੰਦਗੀ ਨੂੰ ਜੀਵਨ ਦੇ ਰਾਹ ’ਤੇ ਪਾਇਆ। ਪ੍ਰਾਪਤ ਵੇਰਵੇ ਅਨੁਸਾਰ 2 ਅਪ੍ਰੈਲ ਨੂੰ ਗੁਰਜੋਤ ਸਿੰਘ ਖੇਡਦੇ ਹੋਏ ਉਚਾਈ ਤੋਂ ਡਿੱਗ ਪਿਆ ਅਤੇ ਬੇਹੋਸ਼ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਸਿਵਲ ਹਸਪਤਾਲ ਬਰਨਾਲਾ ਲਿਜਾਇਆ ਗਿਆ। ਡਾਕਟਰਾਂ ਨੇ ਗੁਰਜੋਤ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਪੀਜੀਆਈ, ਐਮਈਆਰ ਚੰਡੀਗੜ ਵਿਖੇ ਭੇਜ ਦਿੱਤਾ ਜਿੱਥੇ ਇੱਕ ਹਫ਼ਤੇ ਦੇ ਜ਼ਿੰਦਗੀ-ਮੌਤ ਦੇ ਸੰਘਰਸ਼ ਦੌਰਾਨ ਗੁਰਜੋਤ ਜ਼ਿੰਦਗੀ ਦੀ ਲੜਾਈ ਹਾਰ ਗਿਆ। ਇਸ ਤੋਂ ਬਾਅਦ ਉਸ ਦੇ ਅੰਗ ਦਾਨ ਕਰਨ ਸੰਬੰਧੀ ਡਾਕਟਰਾਂ ਅਤੇ ਗੁਰਜੋਤ ਦੇ ਪਿਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਦਾ ਵਿਚਾਰ-ਵਟਾਂਦਰਾ ਸ਼ੁਰੂ ਹੋਇਆ। ਆਖਿਰਕਾਰ ! ਗੁਰਜੋਤ ਦੇ ਪਰਿਵਾਰ ਨੇ ਉਸ ਦੇ ਅੰਗ ਦਾਨ ਕਰਨ ਸੰਬੰਧੀ ਸਹਿਮਤੀ ਦੇ ਦਿੱਤੀ। ਜਿਸ ਤੋਂ ਬਾਅਦ ਪੀਜੀਆਈ ਦੀ ਟੀਮ ਨੇ ਗੁਰਜੋਤ ਦਾ ਲਿਵਰ, ਗੁਰਦੇ ਅਤੇ ਪੈਨਕ੍ਰੀਅਸ ਦੀ ਲੋੜ ਵਾਲੇ ਮਰੀਜ਼ਾਂ ਦੀ ਪੜਤਾਲ ਸ਼ੁਰੂ ਕੀਤੀ । ਪੜਤਾਲ ਦੌਰਾਨ (ਨੈਸ਼ਨਲ ਆਰਗਨ ਐਂਡ ਟਿਸ਼ੂ ਟਰਾਂਸਪਲਾਂਟ ਆਰਗੇਨਾਈਜੇਸ਼ਨ) ਦੇ ਸਹਿਯੋਗ ਨਾਲ ਦੂਜੇ ਟਰਾਂਸਪਲਾਂਟ ਹਸਪਤਾਲਾਂ ਨਾਲ ਸੰਪਰਕ ਕੀਤਾ ਗਿਆ। ਜਿਸ ਤੋਂ ਬਾਅਦ ਆਈਐਲਬੀਐਸ ਨਵੀਂ ਦਿੱਲੀ ਵਿੱਚ ਦਾਖ਼ਲ ਇੱਕ ਮਰੀਜ਼ ਨੂੰ ਜਿਗਰ ਅਲਾਟ ਕੀਤਾ ਗਿਆ, ਜਿਸ ਨੂੰ ਪੀਜੀਆਈ ਐਮਈਆਰ ਤੋਂ ਇੱਕ ਹਰੇ ਕੋਰੀਡੋਰ ਰਾਹੀ ਸੜਕ ਦੁਆਰਾ ਦਿੱਲੀ ਭੇਜਿਆ ਗਿਆ। ਇਸੇ ਤਰਾਂ ਨੈਫਰੋਲੋਜੀ ਵਿਭਾਗ ਵੱਲੋਂ ਕੀਤੀ ਪੜਤਾਲ ਦੌਰਾਨ ਗੁਰਜੋਤ ਦੇ ਗੁਰਦੇ ਅਤੇ ਪੈਨਕ੍ਰੀਅਸ 2 ਲੋੜਵੰਦਾਂ ਨੂੰ ਦਿੱਤੇ ਗਏ। ਗੁਰਜੋਤ ਦੀ ਮੌਤ 9 ਅਪ੍ਰੈਲ ਨੂੰ ਹੋਈ ਅਤੇ ਉਸ ਦੇ ਦਾਨ ਕੀਤੇ ਅੰਗਾਂ ਦੇ ਟਰਾਂਸਪਲਾਂਟ ਦਾ ਕੰਮ 10 ਅਪ੍ਰੈਲ ਦੇ ਸ਼ੁਰੂਆਤੀ ਘੰਟਿਆਂ ਵਿੱਚ ਪੂਰਾ ਕੀਤਾ ਗਿਆ। ਪੀਜੀਆਈ, ਐਮਈਆਰ ਦੇ ਮੈਡੀਕਲ ਸੁਪਰਡੈਂਟ- ਕਮ- ਨੋਡਲ ਅਫਸਰ ਪ੍ਰੋ: ਵਿਪਿਨ ਕੌਸ਼ਲ ਅਨੁਸਾਰ ਚੰਡੀਗੜ ਤੋਂ ਦਿੱਲੀ ਤੱਕ ਸਾਰੇ ਜ਼ਿਲਿਆਂ ਦੇ ਪੁਲਿਸ ਪ੍ਰਸਾਸ਼ਨ ਦੇ ਸ਼ਾਨਦਾਰ ਸਹਿਯੋਗ ਨਾਲ ਇੱਕ ਗਰੀਨ ਕੋਰੀਡੋਰ ਬਣਾਇਆ ਗਿਆ ਸੀ ਤਾਂ ਜੋ ਦਾਨ ਕੀਤੇ ਅੰਗਾਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਦਿੱਲੀ ਤੱਕ ਪਹੁੰਚਾਇਆ ਜਾ ਸਕੇ। ਗੁਰਜੋਤ ਸਿੰਘ ਦੇ ਪਿਤਾ ਹਰਦੀਪ ਸਿੰਘ ਨੇ ਕਿਹਾ ਕਿ ‘‘ਅੰਗ ਦਾਨ ਕਰਨ ਲਈ ਹਾਮੀ ਭਰਨਾ ਬਹੁਤ ਔਖਾ ਸੀ ਪਰ ਫਿਰ ਅਸੀਂ ਸੋਚਿਆ ਜੇਕਰ ਉਸ ਸਮੇਂ ਕੋਈ ਗੁਰਜੋਤ ਦੀ ਜਾਨ ਬਚਾਉਣ ਲਈ ਸਾਨੂੰ ਸਹਾਇਤਾ ਦੀ ਪੇਸ਼ਕਸ਼ ਕਰਦਾ ਤਾਂ ਅਸੀਂ ਹਰ ਹੀਲੇ ਕਿਸੇ ਦੀ ਵੀ ਸਹਾਇਤਾ ਲੈਦੇ ਤਾਂ ਜੋ ਸਾਡੇ ਗੁਰਜੋਤ ਦੀ ਜਾਨ ਬਚ ਜਾਂਦੀ’’। ਇਸ ਲਈ ਅਸੀਂ ਆਪਣੇ ਬੱਚੇ ਨੂੰ ਗਵਾਉਣ ਦੇ ਦਰਦ ਨੂੰ ਘੱਟ ਕਰਨ ਵਾਰੇ ਸੋਚਿਆ ਅਤੇ ਉਸ ਦੇ ਅੰਗ ਦਾਨ ਕਰਕੇ ਕਿਸੇ ਹੋਰ ਦੀ ਜਾਨ ਬਚਾਉਣ ਦੇ ਫ਼ੈਸਲੇ ਵੱਲ ਵਧੇ, ਹੁਣ ਇਹ ਅਹਿਸਾਸ ਕਿ ਸਾਡੇ ਪਿਆਰੇ ਬੇਟੇ ਗੁਰਜੋਤ ਦੇ ਕਾਰਨ ਕਿਸੇ ਹੋਰ ਨੂੰ ਜ਼ਿੰਦਗੀ ਜਿਉਣ ਦਾ ਮੌਕਾ ਮਿਲਿਆ ਹੈ, ਸਾਨੂੰ ਦਿਲਾਸਾ ਦਿੰਦਾ ਹੈ। ਸਮਾਜ ਵਿੱਚ ਜਿੱਥੇ ਗੁਰਜੋਤ ਦੇ ਮਾਤਾ ਪਿਤਾ ਨਾਲ ਲੋਕਾਂ ਦੀ ਹਮਦਰਦੀ ਦੇ ਢੇਰ ਲੱਗ ਰਹੇ ਹਨ, ਉੱਥੇ ਗੁਰਜੋਤ ਦੇ ਮਾਤਾ ਪਿਤਾ ਦੀ ਬਹਾਦਰੀ ਅਤੇ ਕਿਸੇ ਹੋਰ ਦੀ ਜ਼ਿੰਦਗੀ ਬਚਾਉਣ ਲਈ ਪੈਦਾ ਹੋਈਆਂ ਭਾਵਨਾਵਾਂ ਦੀ ਸ਼ਲਾਘਾ ਹੋ ਰਹੀ ਹੈ ।
