Gee 98News

ਚੰਨੀ ਨੂੰ ਹਰਾ ਕੇ ਚਮਕੇ ਲਾਭ ਸਿੰਘ ਦੀਆਂ ਸਰਗਰਮੀਆਂ ਬਣੀਆਂ ਖਿੱਚ ਦਾ ਕੇਂਦਰ

-ਭਦੌੜ ਹਲਕੇ ਦੇ ਲੋਕਾਂ ਨਾਲ ਘਿਉ-ਖਿਚੜੀ ਬਣਕੇ ਵਿਚਰ ਰਿਹਾ ਹੈ ਵਿਧਾਇਕ ਲਾਭ ਸਿਹੁੰ

ਬਰਨਾਲਾ, 02 ਮਈ (ਨਿਰਮਲ ਸਿੰਘ ਪੰਡੋਰੀ) :

ਪੰਜਾਬ ਵਿਧਾਨ ਸਭਾ ਚੋਣਾਂ ’ਚ ਹਲਕਾ ਭਦੌੜ ਤੋਂ ਚਰਨਜੀਤ ਸਿੰਘ ਚੰਨੀ (ਮੁੁੱਖ ਮੰਤਰੀ) ਨੂੰ ਹਰਾ ਕੇ ਵਿਸ਼ਵ ਪੱਧਰ ’ਤੇ ਚਰਚਾ ’ਚ ਆਏ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਦੀਆਂ ਸਰਗਰਮੀਆਂ ਧਿਆਨ ਖਿੱਚ ਰਹੀਆਂ ਹਨ। ਵਿਧਾਇਕ ਲਾਭ ਸਿੰਘ ਉੱਗੋਕੇ ਨੇ ਚੁਣੇ ਜਾਣ ਤੋਂ ਬਾਅਦ ਲਗਾਤਾਰ ਹਲਕਾ ਭਦੌੜ ਅੰਦਰ ਲੋਕਾਂ ਨਾਲ ਰਾਬਤਾ ਕਾਇਮ ਰੱਖਿਆ ਹੋਇਆ ਹੈ। ਭਦੌੜ ਹਲਕੇ ਲਈ ਇੱਕ ਵੱਡੀ ਪ੍ਰਾਪਤੀ ਵਜੋਂ 2 ਫਾਇਰ ਬਿ੍ਰਗੇਡ ਦੀਆਂ ਗੱਡੀਆਂ ਲੈ ਕੇ ਆਉਣੀਆਂ ਲਾਭ ਸਿੰਘ ਉੱਗੋਕੇ ਦੀ ਹਲਕੇ ਦੇ ਵਿਕਾਸ ਪ੍ਰਤੀ ਸਰਗਰਮੀ ਦੀ ਮੂੰਹ ਬੋਲਦੀ ਤਸਵੀਰ ਹੈ। ਹਲਕਾ ਭਦੌੜ ਦੇ ਪਿੰਡਾਂ ਦੀਆਂ ਸੱਥਾਂ ਵਿੱਚ ਲੋਕ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵਿਧਾਇਕ ਲਾਭ ਸਿੰਘ ਦੀ ਮਿਲਣ ਆਏ ਲੋਕਾਂ ਪ੍ਰਤੀ ਸਦਭਾਵਨਾ ਦੀ ਤਾਰੀਫ਼ ਕਰ ਰਹੇ ਹਨ। ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਨੇ ਭਾਵੇਂ ਸਮੇਤ ਪਰਿਵਾਰ ਚੰਡੀਗੜ ਡੇਰੇ ਲਗਾ ਲਏ ਹਨ ਜੋ ਹਫ਼ਤੇ ’ਚ 2-3 ਦਿਨ ਜਾਂ ਲੋੜ ਪੈਣ ’ਤੇ ਹਲਕੇ ਵਿੱਚ ਗੇੜਾ ਮਾਰਦੇ ਹਨ ਪ੍ਰੰਤੂ ਇਸ ਦੇ ਉੱਲਟ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਹਲਕਾ ਭਦੌੜ ’ਚ ਡੇਰਾ ਲਗਾਇਆ ਹੋਇਆ ਹੈ ਤੇ ਉਸ ਵੱਲੋਂ ਰੋਜ਼ਾਨਾ ਸਮਾਜਿਕ, ਰਾਜਨੀਤਿਕ , ਧਾਰਮਿਕ ਅਤੇ ਆਪਣੇ ਵਰਕਰਾਂ ਦੇ ਘਰੇਲੂ ਸਮਾਗਮਾਂ ਵਿੱਚ ਹਾਜ਼ਰੀ ਭਰੀ ਜਾ ਰਹੀ ਹੈ।

Gee98 Ads

ਵਿਧਾਇਕ ਉੱਗੋਕੇ ਵੱਲੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕਾਂ ਨੂੰ ਮਿਲਣਾ ਅਤੇ ਉਨਾਂ ਦੀਆਂ ਸਮੱਸਿਆਵਾਂ ਸੁਣਨ ਦਾ ਤਰੀਕਾ ਵੀ ਲੋਕਾਂ ਦਾ ਮਨ ਜਿੱਤ ਰਿਹਾ ਹੈ। ਵਿਧਾਇਕ ਉੱਗੋਕੇ ਨੇ ਹਲਕਾ ਭਦੌੜ ਦੇ ਕਸਬਾ ਤਪਾ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਆਪਣਾ ਦਫ਼ਤਰ ਖੋਲਿਆ ਹੈ, ਧਿਆਨਦੇਣ ਯੋਗ ਹੈ ਕਿ ਉਸ ਦੇ ਦਫ਼ਤਰ ਦਾ ਉਦਘਾਟਨ ਉਸ ਦੀ ਮਾਤਾ ਸ੍ਰੀਮਤੀ ਬਲਦੇਵ ਕੌਰ ਅਤੇ ਮਹਿਲਾ ਵਿੰਗ ਦੀਆਂ ਆਗੂਆਂ ਵੱਲੋਂ ਕੀਤਾ ਗਿਆ ਜਿਸ ਤੋਂ ਵਿਧਾਇਕ ਲਾਭ ਸਿੰਘ ਦੀ ਬਹੁਮੁਖੀ ਸੋਚ ਦਾ ਪ੍ਰਗਟਾਵਾ ਵੀ ਹੁੰਦਾ ਹੈ। ਵਿਧਾਇਕ ਉੱਗੋਕੇ ਦੇ ਇਸ ਦਫ਼ਤਰ ਵਿੱਚ ਉਹ ਖ਼ੁਦ ਬੈਠੇਗਾ ਅਤੇ ਪਾਰਟੀ ਦੇ ਪੰਜ ਮੈਂਬਰ ਰੋਜ਼ਾਨਾ ਬੈਠਿਆ ਕਰਨਗੇ। ਅਜਿਹਾ ਹੀ ਇੱਕ ਦਫਤਰ ਭਦੌੜ ਵਿਖੇ ਵੀ ਜਲਦੀ ਹੀ ਖੋਲੇ ਜਾਣ ਦੀ ਯੋਜਨਾ ਹੈ। ਇਸ ਤੋਂ ਇਲਾਵਾ ਵੀ ਵਿਧਾਇਕ ਲਾਭ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਈ ਵਾਰ ਨਿੱਜੀ ਤੌਰ ’ਤੇ ਮਿਲ ਕੇ ਭਦੌੜ ਹਲਕੇ ਦੀਆਂ ਸਿੱਖਿਆ, ਸਿਹਤ , ਟਰਾਂਸਪੋਰਟ, ਗੰਦੇ ਪਾਣੀ ਦੇ ਨਿਕਾਸ ਅਤੇ ਪੀਣ ਵਾਲੇ ਪਾਣੀ ਨਾਲ ਸੰਬੰਧਿਤ ਲੋਕਾਂ ਦੀਆਂ ਕਈ ਵਰਿਆਂ ਤੋਂ ਲਟਕਦੀਆਂ ਮੰਗਾਂ ਦੀ ਸੂਚੀ ਸਾਂਝੀ ਕੀਤੀ ਹੈ, ਜਿਸ ਸੰਬੰਧੀ ਮੁੱਖ ਮੰਤਰੀ ਵੱਲੋਂ ਵੀ ਉਨਾਂ ਨੂੰ ਹਾਂ ਪੱਖੀ ਹੰਗਾਰਾ ਮਿਲਿਆ ਹੈ। ਵਿਧਾਇਕ ਲਾਭ ਸਿੰਘ ਉੱਗੋਕੇ ਦੇ ਇਸ ਪੱਖ ਨੇ ਮੁੱਖ ਮੰਤਰੀ ਤੋਂ ਲੈ ਕੇ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਤੱਕ ਆਗੂਆਂ ਨੂੰ ਪ੍ਰਭਾਵਿਤ ਕੀਤਾ ਹੈ ਕਿ ਉਨਾਂ ਨੇ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਭਦੌੜ ਹਲਕੇ ਤੋਂ ਜਿੱਤ ਨਸੀਬ ਨਹੀਂ ਹੋਣ ਦਿੱਤੀ। ਇਸ ਜਿੱਤ ਨੇ ਲਾਭ ਸਿੰਘ ਦਾ ਕੱਦ ਪਾਰਟੀ ਵਿੱਚ ਉੱਚਾ ਕੀਤਾ ਹੈ। ਭਦੌੜ ਹਲਕੇ ਦੇ ਲੋਕਾਂ ਨੂੰ ਉਮੀਦ ਜਾਗੀ ਹੈ ਕਿ ਆਮ ਆਦਮੀ ਪਾਰਟੀ ਵਿੱਚ ਉਨਾਂ ਦੇ ਵਿਧਾਇਕ ਦਾ ਰੁਤਬਾ ਹਲਕੇ ਦਾ ਪਛੜਿਆਪਣ ਦੂਰ ਕਰਨ ਵਿੱਚ ਸਹਾਈ ਹੋਵੇਗਾ।

error: Content is protected !!