Gee 98News

ਵਿਧਾਨ ਸਭਾ ਚੋਣਾਂ ’ਚ ਝਾੜੂ ਫੇਰਨ ਵਾਲੇ ‘ਕਾਂਗਰਸੀਆਂ’ ਲਈ ਉਪ ਚੋਣ ਬਣੀ ਮੁੱਛ ਦਾ ਸਵਾਲ

ਬਰਨਾਲਾ,14 ਜੂਨ (ਨਿਰਮਲ ਸਿੰਘ ਪੰਡੋਰੀ) :

ਲੋਕ ਸਭਾ ਹਲਕਾ ਸੰਗਰੂਰ ਦੀ ਉੱਪ ਚੋਣ ਦਾ ਨਤੀਜਾ ਭਾਵੇਂ ਕੁਝ ਵੀ ਹੋਵੇ ਪਰ ਚੋਣ ਪ੍ਰਚਾਰ ਦੌਰਾਨ ਪੰਜਾਬ ’ਚ ਵਿਰੋਧੀ ਧਿਰ ਕਾਂਗਰਸ ਦੇ ਚੋਣ ਪ੍ਰਚਾਰ ਦੇ ਦੋ ਪੱਖ ਸਿਆਸੀ ਮਾਹਿਰਾਂ ਦਾ ਧਿਆਨ ਖਿੱਚ ਰਹੇ ਹਨ। ਇੱਕ ਤਾਂ ਇਹ ਕਿ ਕਾਂਗਰਸ ਦੇ ਸੂਬਾ ਪੱਧਰੀ ਆਗੂ, ਸਾਬਕਾ ਮੰਤਰੀ, ਮੌਜੂਦਾ ਤੇ ਸਾਬਕਾ ਵਿਧਾਇਕ ਪੂਰੀ ਯੋਜਨਾ ਤਹਿਤ ਪਿਛਲੇ ਸਮੇਂ ਦੌਰਾਨ ਕਿਸੇ ਕਾਰਨ ਰੁੱਸੇ ਹੋਏ ਕਾਂਗਰਸੀਆਂ ਨੂੰ ਮਨਾਉਣ ਲਈ ਸਿਰਤੋੜ ਯਤਨ ਕਰ ਰਹੇ ਹਨ ਅਤੇ ਦੇਖਣ ਵਿੱਚ ਆਇਆ ਹੈ ਕਿ ਕਾਂਗਰਸ ਦਾ ਇਹ ਯਤਨ ਕਿਸੇ ਹੱਦ ਤੱਕ ਕਾਮਯਾਬ ਵੀ ਹੋ ਰਿਹਾ ਹੈ ਕਿਉਂਕਿ ਅਜੇ ਤਿੰਨ ਕੁ ਮਹੀਨੇ ਪਹਿਲਾਂ ਵਿਧਾਨ ਸਭਾ ਚੋਣਾਂ ’ਚ ਦੱਬ ਕੇ ਝਾੜੂ ਫੇਰਨ ਵਾਲੇ ਨਾਰਾਜ਼ ਕਾਂਗਰਸੀ, ਦਲਵੀਰ ਸਿੰਘ ਗੋਲਡੀ ਦੀ ਚੋਣ ਮੁਹਿੰਮ ’ਚ ਮੂਹਰਲੀਆਂ ਸਫਾਂ ’ਚ ਨਿੱਤਰੇ ਹੋਏ ਹਨ। ਦੂਜਾ ਪੱਖ ਇਹ ਹੈ ਕਿ ਕਾਂਗਰਸ ਜ਼ਿਮਨੀ ਚੋਣ ਦੌਰਾਨ ਬੂਥ ਪੱਧਰ ’ਤੇ ਵਰਕਰਾਂ ਦੀਆਂ ਕਮੇਟੀਆਂ ਬਣਾ ਕੇ ਡੋਰ-ਟੂ-ਡੋਰ ਚੋਣ ਪ੍ਰਚਾਰ ਕਰ ਰਹੀ ਹੈ ਅਤੇ ਇਨ੍ਹਾਂ ਕਮੇਟੀਆਂ ਦੀ ਅਗਵਾਈ ਸੂਬਾ ਪੱਧਰੀ ਆਗੂ ਦੇ ਹੱਥ ਵਿੱਚ ਹੈ। ਜਦ ਹੇਠਲੇ ਪੱਧਰ ’ਤੇ ਕੰਮ ਕਰਨ ਵਾਲੇ ਵਰਕਰਾਂ ਦੇ ਨਾਲ ਪਾਰਟੀ ਦਾ ਕੋਈ ਸੀਨੀਅਰ ਆਗੂ ਚੱਲ ਕੇ ਵੋਟਰਾਂ ਦੇ ਦਰਵਾਜ਼ੇ ’ਤੇ ਜਾ ਖੜੇ ਤਾਂ ਵਰਕਰਾਂ ਦਾ ਹੌਂਸਲਾ ਯਕੀਨਨ ਵਧ ਜਾਂਦਾ ਹੈ। ਕਾਂਗਰਸ ਦੀ ਚੋਣ ਮੁਹਿੰਮ ਦਾ ਇੱਕ ਪੱਖ ਹੋਰ ਵੀ ਹੈ ਕਿ ਪਿਛਲੇ ਦਿਨਾਂ ਦੌਰਾਨ ਸੀਨੀਅਰ ਕਾਂਗਰਸੀ ਆਗੂਆਂ ਵੱਲੋਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਕਾਰਨ ਨਵੇ ਕੇਡਰ ਦੇ ਆਗੂਆਂ ਨੂੰ ਆਪਣੀ ਸਿਆਸੀ ਕਾਬਲੀਅਤ ਸਿੱਧ ਕਰਨ ਦਾ ਮੌਕਾ ਮਿਲ ਰਿਹਾ ਹੈ।

ਸੂਬਾ ਪ੍ਰਧਾਨ ਰਾਜਾ ਵੜਿੰਗ ਵੱਲੋਂ ਨਵੇ ਦੌਰ ਦੀ ਕਾਂਗਰਸ ਦੀ ਸਥਾਪਨਾ ਦੀਆਂ ਗੱਲਾਂ ਚੋਣ ਪ੍ਰਚਾਰ ਵਿੱਚ ਕੁੱਦੇ ਵਰਕਰਾਂ ਦੇ ਪੱਬ ਹੋਰ ਚੱਕ ਰਹੀਆਂ ਹਨ। ਬਰਨਾਲਾ ਜ਼ਿਲ੍ਹੇ ਦੀ ਜੇਕਰ ਗੱਲ ਕਰੀਏ ਤਾਂ ਪਿਛਲੀਆਂ ਚੋਣਾਂ ਦੌਰਾਨ ਕੇਵਲ ਸਿੰਘ ਢਿੱਲੋਂ ਤੇ ਬੀਬੀ ਹਰਚੰਦ ਕੌਰ ਘਨੌਰੀ ਨਾਲ 36 ਦਾ ਅੰਕੜਾ ਰੱਖ ਕੇ ਪੰਜੇ ਦੀਆਂ ਉਂਗਲਾਂ ਮਰੋੜਨ ਵਾਲੇ ਕਾਂਗਰਸੀ ਆਗੂਆਂ ਲਈ ਇਹ ਉਪ ਚੋਣ ਵਕਾਰ ਦਾ ਸਵਾਲ ਬਣੀ ਹੋਈ ਹੈ ਕਿਉਂਕਿ ਕਾਂਗਰਸ ਹਾਈਕਮਾਂਡ ਨੇ ਇਨ੍ਹਾਂ ਆਗੂਆਂ ਦੀ ਮੰਗ ਅਨੁਸਾਰ ਢਿੱਲੋਂ ਤੇ ਘਨੌਰੀ ਨੂੰ ਪਾਰਟੀ ’ਚੋਂ ਕੱਢ ਦਿੱਤਾ ਹੈ ਅਤੇ ਹੁਣ ਇਨ੍ਹਾਂ ਆਗੂਆਂ ਕੋਲ ਕਾਂਗਰਸ ਪਾਰਟੀ ਲਈ ਮਿਹਨਤ ਨਾ ਕਰਨ ਦਾ ਕੋਈ ਬਹਾਨਾ ਨਹੀਂ ਹੈ। ਕੇਵਲ ਸਿੰਘ ਢਿੱਲੋਂ ਦਾ ਵਿਰੋਧ ਕਰਕੇ ਕਾਂਗਰਸ ਪਾਰਟੀ ਦੀ ਹਾਈਕਮਾਂਡ ਨੂੰ ਸੂਲੀ ’ਤੇ ਟੰਗੀ ਰੱਖਣ ਵਾਲੇ ਬਰਨਾਲਾ ਸ਼ਹਿਰ ਨਾਲ ਸੰਬੰਧਿਤ ਕਾਂਗਰਸੀ ਆਗੂਆਂ ਦੇ ਵਾਰਡਾਂ ਵਿੱਚੋਂ ਜੇਕਰ ਹੁਣ ਵੀ ਕਾਂਗਰਸ ਦੀ ਕਾਰਗੁਜਾਰੀ ਨਾ ਸੁਧਰੀ ਤਾਂ ਇਨ੍ਹਾਂ ਆਗੂੁਆਂ ਦੇ ਚਿਹਰੇ ਹਾਈਕਮਾਂਡ ਅੱਗੇ ਧੁੰਦਲੇ ਹੋਣ ਦੇ ਆਸਾਰ ਬਣੇ ਰਹਿਣਗੇ । ਬਹਰਹਾਲ ! ਉਪਰ ਲਿਖੇ ਮੁਤਾਬਕ ਉਪ ਚੋਣ ਦਾ ਨਤੀਜਾ ਸਮੇਂ ਦੀ ਬੁੱਕਲ ਵਿੱਚ ਹੈ ਪ੍ਰੰਤੂ ਸੂਬਾ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਹੇਠ ਕਾਂਗਰਸ ਦੀ ਸਰਗਰਮੀ ਧਿਅਨ ਖਿੱਚ ਰਹੀ ਹੈ ਅਤੇ ਹੁਣ ਤੱਕ ਚੋਣ ਪ੍ਰਚਾਰ ’ਚ ਕਾਂਗਰਸ ਸੱਤਾਧਾਰੀ ਪਾਰਟੀ ਤੋਂ ਵੀ ਅੱਗੇ ਚੱਲ ਰਹੀ ਹੈ।

Gee98 Ads
error: Content is protected !!