Gee 98News

ਡਿਪਟੀ ਕਮਿਸ਼ਨਰ ਵੱਲੋਂ ਈ ਸੇਵਾ ਅਰਜ਼ੀਆਂ ਦੇ ਨਿਬੇੜੇ ’ਚ ਤੇਜ਼ੀ ਲਿਆਉਣ ਦੀ ਹਦਾਇਤ

-ਸਕੂਲਾਂ ’ਚ ਸਬਜ਼ੀ ਬਗੀਚੀਆਂ ਲਗਾਉਣ ਦੀ ਬਣ ਰਹੀ ਹੈ ਯੋਜਨਾ

–ਮਹੀਨਾਵਾਰ ਮੀਟਿੰਗ ਦੌਰਾਨ ਵੱਖ ਵੱਖ ਵਿਭਾਗਾਂ ਦੀਆਂ ਸਕੀਮਾਂ ਦਾ ਜਾਇਜ਼ਾ

ਬਰਨਾਲਾ, 19 ਜੁਲਾਈ (ਨਿਰਮਲ ਸਿੰਘ ਪੰਡੋਰੀ )

Gee98 Ads

ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਨੇ ਕਿਹਾ ਕਿ ਆਮ ਲੋਕਾਂ ਨੂੰ ਸੇਵਾ ਕੇਂਦਰਾਂ ਵਿੱਚ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਵਾਸਤੇ ਈ-ਸੇਵਾ ਅਰਜ਼ੀਆਂ ਨੂੰ ਵੱਖ ਵੱਖ ਵਿਭਾਗਾਂ ਵੱਲੋਂ ਪਹਿਲ ਦੇ ਆਧਾਰ ’ਤੇ ਅਤੇ ਸਮਾਂਬੱਧ ਤਰੀਕੇ ਨਾਲ ਨਿਬੇੜਿਆ ਜਾਵੇ ਤਾਂ ਲੋਕਾਂ ਨੂੰ ਪਾਰਦਰਸ਼ੀ, ਬਿਹਤਰੀਨ ਤੇ ਤੇਜ਼ੀ ਨਾਲ ਸੇਵਾਵਾਂ ਦਿੱਤੀਆਂ ਜਾ ਸਕਣ। ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ’ਚ ਵੱਖ ਵੱਖ ਵਿਭਾਗਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਜਿੱਥੇ ਦਫਤਰਾਂ ਦੀ ਪ੍ਰਕਿਰਿਆ ਨੂੰ ਕਾਗਜ਼ ਰਹਿਤ ਕਰਨ ਲਈ ‘ਈ ਆਫਿਸ’ ਸਾਫਟਵੇਅਰ ਰਾਹੀਂ ਵੱਧ ਤੋਂ ਵੱਧ ਕੰਮ ਕਰਨ ’ਤੇ ਜ਼ੋਰ ਦਿੱਤਾ, ਉਥੇ ਫਾਈਲਾਂ ਬਕਾਇਆ ਨਾ ਰੱਖਣ ਲਈ ਵੀ ਆਖਿਆ। ਉਨ੍ਹਾਂ ਕਿਹਾ ਕਿ ਵਿਭਾਗ ‘ਈ ਆਫਿਸ’ ਰਾਹੀਂ ਹੀ ਫਾਈਲਾਂ ਅੱਗੇ ਤੋਰਨ ਤਾਂ ਜੋ ਦਫ਼ਤਰੀ ਪ੍ਰਕਿਰਿਆ ਨੂੰ ਪੇਪਰਲੈੱਸ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਮਾਲ ਵਿਭਾਗ ਤੋਂ ਕੋਰਟ ਕੇਸਾਂ ਅਤੇ ਵੱਖ ਵੱਖ ਰਿਕਵਰੀ ਕੇਸਾਂ ਦਾ ਜਾਇਜ਼ਾ ਲਿਆ ਅਤੇ ਰਿਕਵਰੀ ਤੇਜ਼ੀ ਨਾਲ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਮੰਡੀ ਬੋਰਡ ਤੇ ਲੋਕ ਨਿਰਮਾਣ ਵਿਭਾਗ ਤੋਂ ਜਿੱਥੇ ਸੜਕਾਂ ਦੇ ਨਿਰਮਾਣ ਦਾ ਜਾਇਜ਼ਾ ਲਿਆ, ਉਥੇ ਸਬੰਧਤ ਵਿਭਾਗਾਂ ਨੂੰ ਡਰੇਨਾਂ, ਨਾਲਿਆਂ ਆਦਿ ਦੀ ਸਫਾਈ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ, ਉਪ ਮੰਡਲ ਮੈਜਿਸਟ੍ਰੇਟ ਗੋਪਾਲ ਸਿੰਘ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸੁਖਪਾਲ ਸਿੰਘ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

-ਬਾਕਸ ਆਈਟਮ

ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਨੇ ਕਿਹਾ ਕਿ ਦਫਤਰੀ ਕੰਮ ਨੂੰ ਪੇਪਰਲੈੱਸ ਕਰਨ ਲਈ ਵਰਤੇ ਜਾਂਦੇ ‘ਈ ਆਫਿਸ’ ਸਾਫਟਵੇਅਰ ਦੀ ਕੁਸ਼ਲ ਵਰਤੋਂ ਲਈ ਇਸ ਦੇ ਨਵੇਂ ਫੀਚਰਜ਼ ਬਾਰੇ ਵਿਭਾਗ ਮੁਖੀਆਂ ਤੇ ਹੋਰ ਅਮਲੇ ਨੂੰ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਇਸ ਦਾ ਵੱੱਧ ਤੋਂ ਵੱਧ ਢੁਕਵਾਂ ਉਪਯੋਗ ਕੀਤਾ ਜਾ ਸਕੇ।

Gee98 Ads

-ਬਾਕਸ ਆਈਟਮ

ਵਧੀਕ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਜ਼ਿਲ੍ਹੇ ਦੇ ਸਿੱਖਿਆ ਵਿਭਾਗ ਅਤੇ ਸਕੂਲਾਂ ਦੀ ਕਾਰਗੁਜ਼ਾਰੀ ਦਾ ਨਿਰੀਖਣ ਕਰਦੇ ਹੋਏ ਸਕੂਲਾਂ ਵਿਚ ਘਰੇਲੂ ਬਗੀਚੀ ਨੂੰ ਹੁਲਾਰਾ ਦੇਣ ’ਤੇ ਜ਼ੋਰ ਦਿੱਤਾ ਤਾਂ ਜੋ ਵਿਦਿਆਰਥੀ ਸਕੂਲੀ ਅਮਲੇ ਦੇ ਸਹਿਯੋਗ ਨਾਲ ਜਿੱਥੇ ਆਪਣੇ ਹੱਥੀਂ ਸਬਜ਼ੀਆਂ ਤੇ ਬਗੀਚੀਆਂ ਲਾਉਣ ਦੀ ਆਦਤ ਪਾਉਣ, ਉਥੇ ਮਿਡ-ਡੇਅ ਮੀਲ ’ਚ ਉਨ੍ਹਾਂ ਨੂੰ ਪੂਰੀ ਤਰਾਂ ਤਾਜ਼ਾ ਅਤੇ ਪੌਸ਼ਟਿਕ ਭੋਜਣ ਦਿੱਤਾ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਕੂਲਾਂ ’ਚ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਕਿਸੇ ਵੀ ਸਕੂਲ ’ਚ ਪਖਾਨਿਆਂ ਦੀ ਸਮੱਸਿਆ ਹੈ ਤਾਂ ਉਨ੍ਹਾਂ ਨੂੰ ਹਫਤੇ ਅੰਦਰ ਰਿਪੋਰਟ ਦਿੱਤੀ ਜਾਵੇ ਤਾਂ ਜੋ ਪੰਚਾਇਤਾਂ ਦੇ ਸਹਿਯੋਗ ਨਾਲ ਜਲਦ ਕੰਮ ਕਰਵਾਇਆ ਜਾ ਸਕੇ।

error: Content is protected !!