Gee 98News

ਬਰਨਾਲਾ ’ਚ ਮੀਤ ਹੇਹਰ ਨੇ ਕੀਤੀ ਹਰਿਆਲੀ ਲਹਿਰ ਦੀ ਸ਼ੁਰੂਆਤ

-ਜ਼ਿਲ੍ਹੇ ’ਚ ਲਗਾਏ ਜਾਣਗੇ 6 ਲੱਖ ਬੂਟੇ : ਮੀਤ ਹੇਹਰ

ਬਰਨਾਲਾ, 20 ਜੁਲਾਈ (ਨਿਰਮਲ ਸਿੰਘ ਪੰਡੋਰੀ) :

ਪੰਜਾਬ ਸਰਕਾਰ ਸੂਬੇ ਵਿੱਚ ਹਰਿਆਲੀ ਵਧਾਉਣ ਲਈ ਵਚਨਬੱਧ ਹੈ । ਇਸ ਪਹਿਲਕਦਮੀ ਤਹਿਤ ਬਰਨਾਲਾ ਪ੍ਰਸ਼ਾਸਨ ਵੱਲੋਂ ਇਸ ਸਾਲ 6 ਲੱਖ ਬੂਟੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਛੋਟਾ ਖੇਤਰ ਹੋਣ ਦੀ ਬਜਾਏ ਵੱਡੀ ਗਿਣਤੀ ਪੌਦੇ ਲਗਾ ਕੇ ਜ਼ਿਲ੍ਹਾ ਬਰਨਾਲਾ ਇਸ ਲਹਿਰ ਦੀ ਅਗਵਾਈ ਕਰੇਗਾ। ਇਹ ਪ੍ਰਗਟਾਵਾ ਵਾਤਾਵਰਨ, ਵਿਗਿਆਨ ਅਤੇ ਤਕਨਾਲੋਜੀ, ਖੇਡਾਂ ਅਤੇ ਯੁਵਕ ਸੇਵਾਵਾਂ, ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਹਰ ਨੇ ਇੱਥੇ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਕਰਵਾਏ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨਾਂ ਵੱਲੋਂ ਪੌਦੇ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਵਿਧਾਨ ਸਭਾ ਹਲਕੇ ਵਿੱਚ 50000 ਬੂਟੇ ਅਤੇ 115 ਤਿ੍ਰਵੇਣੀ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ ਪਰ ਜ਼ਿਲ੍ਹਾ ਬਰਨਾਲਾ ਨੇ ਨਵੀਂ ਪੁਲਾਘਾਂ ਪੁੱਟਦਿਆਂ ਕੁੱਲ 6 ਲੱਖ ਤੇ ਹਰ ਹਲਕੇ ’ਚ 2 ਲੱਖ ਬੂਟੇ ਲਗਾਉਣ ਦਾ ਟੀਚਾ ਰੱਖਿਆ ਹੈ। ਸਿੱਖਿਆ ਤੇ ਜੰਗਲਾਤ ਵਿਭਾਗ ਦੀ ਸ਼ਮੂਲੀਅਤ ਨਾਲ 2.5 ਲੱਖ ਬੂਟੇ ਪਹਿਲਾਂ ਹੀ ਲਗਾਏ ਜਾ ਚੁੱਕੇ ਹਨ। ਸਾਰੇ 287 ਸਰਕਾਰੀ ਸਕੂਲਾਂ ਵਿੱਚ ਪੌਦੇ ਲਗਾਏ ਜਾ ਰਹੇ ਹਨ ਤੇ ਬਾਕੀ ਰਹਿੰਦੇ ਬੂਟੇ ਵੀ ਛੇਤੀ ਹੀ ਤਰਤੀਬਵਾਰ ਤਰੀਕੇ ਨਾਲ ਲਗਾਏ ਜਾਣਗੇ। ਉਨ੍ਹਾਂ ਕਿਹਾ, “ਜ਼ਿਲ੍ਹਾ ਬਰਨਾਲਾ ’ਚ ਉਨਾਂ ਥਾਵਾਂ ਉੱਤੇ ਪੌਦੇ ਲਗਾਏ ਜਾ ਰਹੇ ਹਨ ਜਿਨਾਂ ਦੇ ਆਸ-ਪਾਸ ਵਾੜ ਹੈ ਜਾਂ ਵਾੜ ਕੀਤੀ ਜਾਵੇਗੀ ਤਾਂ ਜੋ ਬੂਟਿਆਂ ਦੇ ਬਚਣ/ਚੱਲਣ ਦੀ ਦਰ ਵਧ ਸਕੇ। ਅਸੀਂ ਇਸ ਪਹੁੰਚ ਨਾਲ ਪੌਦਿਆਂ ਦੀ ਬਚਣ ਦੀ ਦਰ ਨੂੰ 80 ਪ੍ਰਤੀਸ਼ਤ ਤੱਕ ਸੁਰੱਖਿਅਤ ਕਰਨਾ ਚਾਹੁੰਦੇ ਹਾਂ।’’ ਉਨ੍ਹਾਂ ਅੱਗੇ ਦੱਸਿਆ ਕਿ ਹੰਡਿਆਇਆ, ਤਾਜੋਕੇ, ਜੰਗੀਆਣਾ, ਬੀਹਲਾ, ਠੀਕਰੀਵਾਲਾ, ਮਹਿਲ ਕਲਾਂ ਤੇ ਮਨਾਲ ਵਿਚ ਮਿੰਨੀ ਜੰਗਲ ਵਿਕਸਤ ਕਰਨ ਲਈ 100 ਏਕੜ ਜ਼ਮੀਨ ਦੀ ਸ਼ਨਾਖਤ ਕੀਤੀ ਗਈ ਹੈ, ਜਦਕਿ ਜ਼ਿਲ੍ਹੇ ਦੇ 300 ਏਕੜ ਰਕਬੇ ਵਿੱਚ ਅਜਿਹੇ ਜੰਗਲ ਵਿਕਸਤ ਕਰਨ ਦਾ ਟੀਚਾ ਹੈ। ਪਿਛਲੇ ਕੁਝ ਸਾਲਾਂ ਦੌਰਾਨ ਬਰਨਾਲਾ ’ਚ ਜ਼ਮੀਨਦੋਜ ਪਾਣੀ ਦੇ ਨਿਰੰਤਰ ਡਿੱਗਦੇ ਪੱਧਰ ’ਤੇ ਚਿੰਤਾ ਪ੍ਰਗਟ ਕਰਦਿਆਂ ਮੰਤਰੀ ਨੇ ਕਿਹਾ ਕਿ ਆਉਦੇ ਸਾਲਾਂ ’ਚ ਇਹ ਸਥਿਤੀ ਬਦਲ ਜਾਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ, ਏ.ਡੀ.ਸੀ ਸ੍ਰੀ ਪਰਮਵੀਰ ਸਿੰਘ, ਐਸ.ਡੀ.ਐਮ ਸ੍ਰੀ ਗੋਪਾਲ ਸਿੰਘ, ਜ਼ਿਲ੍ਹਾ ਸਿਖਿਆ ਅਫਸਰ ਸ੍ਰੀ ਸਰਬਜੀਤ ਸਿੰਘ ਤੂਰ, ਡਿਪਟੀ ਜ਼ਿਲ੍ਹਾ ਸਿਖਿਆ ਅਫਸਰ ਹਰਕੰਵਲਜੀਤ ਕੌਰ ਵੀ ਹਾਜ਼ਰ ਸਨ

Gee98 Ads

ਬਾਕਸ ਆਈਟਮ

ਸਮਾਗਮ ਵਿੱਚ ਮੰਤਰੀ ਗੁਰਮੀਤ ਸਿੰਘ ਮੀਤ ਹੇਹਰ ਨੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਸਰਕਾਰੀ ਮਿਡਲ ਸਕੂਲ ਗੁੰਮਟੀ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਨੂੰ ਅੱਠਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਸੂਬੇ ’ਚੋਂ ਅੱਵਲ ਆਉਣ ਤੇ ਸਰਕਾਰੀ ਸਕੂਲ ਜੁਮਲਾ ਮਾਲਕਣ ਦੀ ਰਿਚਿਕਾ ਨੂੰ ਅੱਠਵੀਂ ਦੀ ਬੋਰਡ ਪ੍ਰੀਖਿਆ ਵਿੱਚ ਸੂਬੇ ਵਿੱਚੋਂ ਨੌਵਾਂ ਸਥਾਨ ਪ੍ਰਾਪਤ ਕਰਨ ਲਈ ਸਨਮਾਨਿਤ ਕੀਤਾ ਗਿਆ। ਦਸਵੀਂ ਜਮਾਤ ਵਿੱਚੋਂ ਸਰਕਾਰੀ ਸਕੂਲ ਛਾਪਾ ਦੇ ਗੁਰਸੇਵਕ ਸਿੰਘ ਨੂੰ ਸੂਬੇ ਵਿੱਚੋਂ ਸੱਤਵਾਂ ਸਥਾਨ ਪ੍ਰਾਪਤ ਕਰਨ ਲਈ, ਸਰਕਾਰੀ ਸਕੂਲ ਬਰਨਾਲਾ ਦੇ ਨਿਆਮਤ ਏ ਮੀਤ ਨੂੰ ਰਾਜ ਵਿੱਚੋਂ 10ਵਾਂ ਸਥਾਨ ਪ੍ਰਾਪਤ ਕਰਨ ਲਈ ਅਤੇ ਨਵਜੋਤ ਕੌਰ ਨੂੰ ਰਾਜ ਵਿੱਚੋਂ 14ਵਾਂ ਸਥਾਨ ਪ੍ਰਾਪਤ ਕਰਨ ਲਈ ਸਨਮਾਨਿਤ ਕੀਤਾ ਗਿਆ। ਇਸੇ ਤਰਾਂ ਮਨਦੀਪ ਕੌਰ ਨੂੰ +2 ਜਮਾਤ ਵਿੱਚ ਸੂਬੇ ਵਿੱਚੋਂ 8ਵਾਂ ਰੈਂਕ ਪ੍ਰਾਪਤ ਕਰਨ ਲਈ ਸਨਮਾਨਿਤ ਕੀਤਾ ਗਿਆ।

error: Content is protected !!