Gee 98News

ਸਰਕਾਰ ਘਰ-ਘਰ ਆਟਾ ਵੰਡਣ ਦੀ ਜ਼ਿਦ ਛੱਡ ਦੇਵੇ : ਉੱਗੋਕੇ

-ਕਿਹਾ, ਡੀਪੂ ਹੋਲਡਰ ਕਿਸੇ ਪ੍ਰਾਈਵੇਟ ਕੰਪਨੀ ਦੇ ਅਧੀਨ ਕੰਮ ਨਹੀਂ ਕਰਨਗੇ

ਬਰਨਾਲਾ,21 ਅਕਤੂਬਰ (ਨਿਰਮਲ ਸਿੰਘ ਪੰਡੋਰੀ) :

ਪੰਜਾਬ ਸਰਕਾਰ ਨੇ ਉਂਝ ਤਾਂ ਭਾਵੇਂ ਘਰ-ਘਰ ਆਟਾ ਵੰਡਣ ਦੀ ਸਕੀਮ ਵਾਪਸ ਲੈ ਲਈ ਹੈ ਪ੍ਰੰਤੂ ਸਰਕਾਰ ਦੀ ਨੀਤ ਸਾਫ਼ ਨਹੀਂ ਹੈ ਅਤੇ ਸਰਕਾਰ ਆਪਣੀ ਆਟਾ ਵੰਡਣ ਦੀ ਜ਼ਿਦ ਪੁਗਾਉਣਾ ਚਾਹੁੰਦੀ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡੀਪੂ ਹੋਲਡਰ ਯੂਨੀਅਨ ਕਾਂਝਲਾ ਗਰੁੱਪ ਦੇ ਮੁੱਖ ਬੁਲਾਰੇ ਬਿੰਦਰ ਸਿੰਘ ਉੱਗੋਕੇ ਨੇ ਕੀਤਾ। ਉਨ੍ਹਾਂ ਕਿਹਾ ਕਿ ਮਾਨਯੋਗ ਹਾਈਕੋਰਟ ਵਿੱਚ ਘਰ-ਘਰ ਆਟਾ ਵੰਡਣ ਦੀ ਸਕੀਮ ਵਾਪਸ ਲੈਣ ਸੰਬੰਧੀ ਹਲਫੀਆ ਬਿਆਨ ਦੇਣ ਤੋਂ ਬਾਅਦ ਵਿਭਾਗ ਦੇ ੳੁੱਚ ਅਧਿਕਾਰੀਆਂ ਨੇ ਡੀਪੂ ਹੋਲਡਰਾਂ ਦੀ ਮੀਟਿੰਗ ਬੁਲਾਈ ਅਤੇ ਕਣਕ ਦੀ ਜਗਾ ਆਟਾ ਵੰਡਣ ਲਈ ਵਿਚਾਰ ਚਰਚਾ ਸ਼ੁਰੂ ਕਰ ਦਿੱਤੀ। ਜਿਸ ਉੱਪਰ ਪ੍ਰਤੀਕਰਮ ਦਿੰਦੇ ਹੋਏ ਡੀਪੂ ਹੋਲਡਰਾਂ ਨੇ ਮੀਟਿੰਗ ’ਚ ਹੀ ਅਧਿਕਾਰੀਆਂ ਨੂੰ ਜਵਾਬ ਦੇ ਦਿੱਤਾ ਕਿ ਉਹ ਕਿਸੇ ਕੰਪਨੀ ਦਾ ਆਟਾ ਲਾਭਪਾਤਰੀਆਂ ਨੂੰ ਨਹੀਂ ਵੰਡਣਗੇ। ਡੀਪੂ ਹੋਲਡਰ ਕਿਸੇ ਪ੍ਰਾਈਵੇਟ ਕੰਪਨੀ ਦੇ ਅਧੀਨ ਕੰਮ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਦਿੱਲੀ ਦੀ ‘ਡੀ2ਡੀ’ ਨਾਮੀ ਕੰਪਨੀ ਰਾਹੀਂ ਘਰ-ਘਰ ਆਟੇ ਦੀ ਵੰਡ ਕਰਨਾ ਚਾਹੁੰਦੀ ਹੈ ਜੋ ਡੀਪੂ ਹੋਲਡਰਾਂ ਨੂੰ ਮਨਜ਼ਰੂ ਨਹੀਂ ਹੈ। ਬਿੰਦਰ ਸਿੰਘ ਉੱਗੋਕੇ ਨੇ ਕਿਹਾ ਕਿ ਲਾਭਪਾਤਰੀ ਵੀ ਕਣਕ ਦੀ ਜਗਾ ਆਟਾ ਨਹੀਂ ਲੈਣਾ ਚਾਹੁੰਦੇ ਪ੍ਰੰਤੂ ਸਰਕਾਰ ਆਪਣੀ ਜ਼ਿਦ ਪੁਗਾਉਣ ਖ਼ਾਤਰ ਆਟਾ ਵੰਡਣ ’ਤੇ ਅੜੀ ਹੋਈ ਹੈ। ਇਸੇ ਅੜੀ ਤਹਿਤ ਸਰਕਾਰ ਨੇ ਇਸ ਵਾਰ ਦੀਵਾਲੀ ਦੇ ਤਿਉਹਾਰ ਮੌਕੇ ਵੀ ਕਣਕ ਨਹੀਂ ਵੰਡੀ । ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਦੀਵਾਲੀ ਮੌਕੇ ਸਰਕਾਰ ਨੇ ਲੋੜਵੰਦ ਲਾਭਪਾਤਰੀਆਂ ਨੂੰ ਕਣਕ ਦੀ ਵੰਡ ਨਹੀਂ ਕੀਤੀ। ਉੱਗੋਕੇ ਨੇ ਡੀਪੂ ਹੋਲਡਰਾਂ ਦੇ ਫ਼ੈਸਲੇ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਉਨਾਂ ਦੇ ਰੁਜ਼ਗਾਰ ਲਈ ਖ਼ਤਰਾ ਬਣਨ ਵਾਲੀ ਕਿਸੇ ਸਕੀਮ ਨੂੰ ਮਨਜ਼ੂਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਨੂੰ ਸਲਾਹ ਦਿੱਤੀ ਕਿ 1 ਕਰੋੜ 42 ਲੱਖ ਲਾਭਪਾਤਰੀਆਂ, ਡੀਪੂ ਹੋਲਡਰਾਂ ਦੀਆਂ ਭਾਵਨਾਵਾਂ ਅਨੁਸਾਰ ਪਹਿਲਾਂ ਦੀ ਤਰਾਂ ਹੀ ਕਣਕ ਦੀ ਵੰਡ ਜਾਰੀ ਰੱਖੇ।

Gee98 Ads
error: Content is protected !!