Gee 98News

ਪੰਜਾਬ ’ਚ ਗਲਤ ਨੀਲੇ ਕਾਰਡਾਂ ’ਤੇ ਵੱਜੇਗੀ ਲਾਲ ਲਕੀਰ, ਹੁਣ ਫੇਰ ਹੋਵੇਗੀ ਪੜ੍ਹਤਾਲ

ਚੰਡੀਗੜ :- ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨੀਲੇ ਕਾਰਡਾਂ ਦੀ ਪੜ੍ਹਤਾਲ ਕਰਵਾਉਣ ਦਾ ਫ਼ੈਸਲਾ ਕੀਤਾ ਹੈ । ਸਰਕਾਰ ਨੇ ਨੀਲੇ ਕਾਰਡਾਂ ਦੀ ਪੜ੍ਹਤਾਲ ਲਈ ਜਿਹੜਾ ਪ੍ਰੋਫਾਰਮਾ ਤਿਆਰ ਕੀਤਾ ਹੈ ਜੇਕਰ ਲਾਭਪਾਤਰੀ ਉਹ ਪ੍ਰੋਫਾਰਮਾ ਸਹੀ ਭਰਦੇ ਹਨ ਤਾਂ ਬਹੁਤ ਵੱਡੀ ਗਿਣਤੀ ਵਿੱਚ ਨੀਲੇ ਕਾਰਡ ਕੱਟੇ ਜਾ ਸਕਦੇ ਹਨ। ਸਰਕਾਰ ਨੇ 30 ਨਵੰਬਰ ਤੱਕ ਅਧਿਕਾਰੀਆਂ ਤੋਂ ਨੀਲੇ ਕਾਰਡਾਂ ਸੰਬੰਧੀ ਪੜ੍ਹਤਾਲ ਰਿਪੋਰਟ ਮੰਗੀ ਹੈ। ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪੜ੍ਹਤਾਲ ਪ੍ਰਕਿਰਿਆ ਤਹਿਤ ਲਾਭਪਾਤਰੀਆਂ ਨੂੰ ਸਖ਼ਤ ਇਮਤਿਹਾਨ ਦੇਣਾ ਪਵੇਗਾ। ਕਿਉਂਕਿ ਪੜ੍ਹਤਾਲ ਪ੍ਰੋਫਾਰਮੇ ਦੇ ਖਾਨਿਆਂ ਵਿੱਚ ਦਿੱਤੀ ਜਾਣ ਵਾਲੀ ਜਾਣਕਾਰੀ ਬਹੁਤ ਅਹਿਮ ਹੋਵੇਗੀ। ਨੀਲੇ ਕਾਰਡਾਂ ਦੀ ਪੜਤਾਲ ਦੇ ਪ੍ਰੋਫਾਰਮੇ ਅਨੁਸਾਰ ਲਾਭਪਾਤਰੀ ਪਰਿਵਾਰ ਦੀ ਸਲਾਨਾ ਆਮਦਨ 30 ਹਜ਼ਾਰ ਤੋਂ ਘੱਟ, 60 ਹਜ਼ਾਰ ਤੋਂ ਘੱਟ, ਪਰਿਵਾਰ ਕੋਲ ਕੋਈ ਸਰਕਾਰੀ ਨੌਕਰੀ ਹੋਣ ਬਾਰੇ, ਢਾਈ ਏਕੜ ਨਹਿਰੀ ਜਾਂ ਆਮ ਸਿੰਚਾਈ ਜਾਂ 5 ਏਕੜ ਤੋਂ ਵੱਧ ਵੀਰਾਨੀ ਜ਼ਮੀਨ ਸੰਬੰਧੀ ਰਿਪੋਰਟ, ਕੋਈ ਕਾਰੋਬਾਰ ਜਾਂ ਵਿਆਜ਼ ਆਦਿ ਤੋਂ ਆਮਦਨ, ਸ਼ਹਿਰੀ ਖੇਤਰ ’ਚ 100 ਗਜ ਤੋਂ ਵੱਧ ਮਕਾਨ ਜਾਂ 750 ਸਕੇਅਰ ਫੁੱਟ ਦਾ ਫਲੈਟ ਹੋਣ ਬਾਰੇ ਰਿਪੋਰਟ, ਆਮਦਨ ਕਰ ਦੇਣ ਸੰਬੰਧੀ ਰਿਪੋਰਟ ਜਾਂ ਜੀਐਸਟੀ ਭਰਨ ਸੰਬੰਧੀ ਰਿਪੋਰਟ, ਕੋਈ ਵੀ ਚਾਰ ਪਹੀਆ ਵਾਹਨ ਜਾਂ ਘਰ ਵਿੱਚ ਏਸੀ ਲੱਗੇ ਹੋਣ ਸੰਬੰਧੀ ਰਿਪੋਰਟ, ਇਹ ਸਾਰੀਆਂ ਸ਼ਰਤਾਂ ਪੜ੍ਹਤਾਲ ਪ੍ਰੋਫਾਰਮੇ ਵਿੱਚ ਦਰਜ ਹਨ। ਜਿਨਾਂ ਦੇ ਸਾਹਮਣੇ ‘ਹਾਂ ’ ਜਾਂ ‘ਨਾਂਹ’ ਲਿਖਣਾ ਹੋਵੇਗਾ। ਉਕਤ ਸ਼ਰਤਾਂ ਦੇ ਸਾਹਮਣੇ ਹਾਂ ਲਿਖਣ ਦਾ ਭਾਵ ਹੈ ਕਿ ਲਾਭਪਾਤਰੀ ਦਾ ਨੀਲਾ ਸਮਾਰਟ ਕਾਰਡ ਕੱਟਿਆ ਜਾਵੇਗਾ।

error: Content is protected !!