ਚੰਡੀਗੜ੍ਹ :- ਕੌਮੀ ਅਨਸੂਚਿਤ ਜਾਤੀ ਕਮਿਸ਼ਨ ਨੇ ਪੰਜਾਬ ਦੇ 2 ਚੋਟੀ ਦੇ ਅਧਿਕਾਰੀਆਂ ਨੂੰ ਦਿੱਲੀ ਤਲਬ ਕੀਤਾ ਹੈ। ਅਨਸੂਚਿਤ ਜਾਤੀ ਪੀਈਐਸ ਆਫੀਸਰਜ਼ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਸੁਰਿੰਦਰਪਾਲ ਵੱਲੋਂ ਸੂਬੇ ’ਚ ਸਿੱਖਿਆ ਵਿਭਾਗ ਵਿੱਚ ਅਧਿਕਾਰੀਆਂ ਦੀਆਂ ਨਿਯੁਕਤੀਆਂ ਸੰਬੰਧੀ ਅਨਸੂਚਿਤ ਜਾਤੀ ਨਾਲ ਸੰਬੰਧਿਤ ਪ੍ਰਿੰਸੀਪਲਾਂ ਨਾਲ ਵਿਤਕਰੇ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਸਿੱਖਿਆ ਸਕੱਤਰ ਨੂੰ 22 ਨਵੰਬਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਸ਼ਿਕਾਇਤ ਕਰਤਾ ਅਨੁਸਾਰ ਸਿੱਖਿਆ ਵਿਭਾਗ ਵੱਲੋਂ 2010 ਵਿੱਚ ਪ੍ਰਿੰਸੀਪਲ ਬਣੇ ਐਸਸੀ ਸ਼੍ਰੇਣੀ ਦੇ ਸੀਨੀਅਰ ਅਧਿਕਾਰੀਆਂ ਨੂੰ ਨਜ਼ਰਅੰਦਾਜ ਕਰਕੇ 2012 ਤੇ 2014 ’ਚ ਪ੍ਰਿੰਸੀਪਲ ਬਣੇ ਜਨਰਲ ਸ਼੍ਰੇਣੀ ਦੇ ਜੂਨੀਅਰ ਅਧਿਕਾਰੀਆਂ ਨੂੰ ਜ਼ਿਲਾ ਸਿੱਖਿਆ ਅਫ਼ਸਰ, ਅਤੇ ਡਿਪਟੀ ਡਾਇਰੈਕਟਰ ਲਗਾਇਆ ਜਾ ਰਿਹਾ ਹੈ । ਇਸ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੌਮੀ ਅਨਸੂਚਿਤ ਜਾਤੀ ਕਮਿਸ਼ਨ ਵੱਲੋਂ ਪੰਜਾਬ ਦੇ ਮੁੱਖ ਸਕੱਤਰ ,ਸਿੱਖਿਆ ਸਕੱਤਰ,ਸਮਾਜ ਭਲਾਈ ਵਿਭਾਗ ਦੇ ਸਕੱਤਰ ਅਤੇ ਪ੍ਰਸ਼ੋਨਲ ਸਕੱਤਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।









