ਇਹ ਕਿਹੜਾ ਪਿਆਰ : ਕੁੜੀ ‘ਤੇ ਚਾਕੂ ਨਾਲ ਕੀਤੇ 6 ਵਾਰ,ਹਾਲਤ ਗੰਭੀਰ
ਚੰਡੀਗੜ੍ਹ-ਪਿਛਲੇ ਕੁਝ ਸਮੇਂ ਤੋਂ ਸਿਰਫਿਰੇ ਆਸ਼ਿਕਾਂ ਵੱਲੋਂ ਆਪਣੇ ਨਾਲ ਸਬੰਧਾਂ ਵਿੱਚ ਚੱਲ ਰਹੀਆਂ ਕੁੜੀਆਂ ਉਪਰ ਹਮਲੇ ਕਰਨ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ । ਦਿੱਲੀ ਵਿਖੇ ਇਕ ਨੌਜਵਾਨ ਵੱਲੋਂ ਆਪਣੇ ਨਾਲ ਲਿਵ ਰਿਲੇਸ਼ਨਸਿਪ ਵਿੱਚ ਰਹਿ ਰਹੀ ਕੁੜੀ ਨੂੰ ਮਾਰ ਕੇ ਉਸਦੇ 35 ਟੁਕੜੇ ਕਰਨ ਦੀ ਘਟਨਾ ਤੋਂ ਬਾਅਦ ਇਹੋ ਜਿਹੀਆਂ ਕਈ ਹੋਰ ਘਟਨਾਵਾਂ ਵਾਪਰ ਚੁੱਕੀਆਂ ਹਨ। ਤਾਜ਼ਾ ਵਾਰਦਾਤ ਵਿੱਚ ਦਿੱਲੀ ਦੇ ਆਦਰਸ਼ ਨਗਰ ਇਲਾਕੇ ‘ਚ ਸੰਬੰਧਾਂ ‘ਚ ਬ੍ਰੇਕਅੱਪ ਤੋਂ ਨਾਰਾਜ਼ ਇਕ ਨੌਜਵਾਨ ਨੇ ਇਕ ਲੜਕੀ ‘ਤੇ ਚਾਕੂ ਨਾਲ 6 ਵਾਰ ਕੀਤੇ ਅਤੇ ਫਰਾਰ ਹੋ ਗਿਆ। ਜ਼ਖਮੀ ਲੜਕੀ ਨੂੰ ਬਾਬੂ ਜਗਜੀਵਨ ਰਾਮ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਹੈ। ਸਿਰਫਿਰੇ ਆਸ਼ਿਕ ਮੁਲਜ਼ਮ ਦਾ ਨਾਂ ਸੁਖਵਿੰਦਰ ਹੈ ਅਤੇ ਉਸ ਨੂੰ ਹਰਿਆਣਾ ਦੇ ਅੰਬਾਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪੀੜਤਾ ਦਿੱਲੀ ਯੂਨੀਵਰਸਿਟੀ ਵਿੱਚ ਬੀ.ਏ. ਕਰ ਰਹੀ ਹੈ। ਉਸ ਦੀ ਸੁਖਵਿੰਦਰ ਨਾਲ 5 ਸਾਲ ਪਹਿਲਾਂ ਦੋਸਤੀ ਹੋਈ ਸੀ। ਲੜਕੀ ਦੇ ਪਰਿਵਾਰ ਵਾਲਿਆਂ ਨੂੰ ਇਤਰਾਜ਼ ਹੋਣ ਕਾਰਨ ਲੜਕੀ ਨੇ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ, ਜਿਸ ਤੋਂ ਨਾਰਾਜ਼ ਹੋ ਕੇ ਸਿਰਫਿਰੇ ਆਸ਼ਿਕ ਨੇ ਲੜਕੀ ‘ਤੇ ਚਾਕੂ ਨਾਲ ਕਈ ਵਾਰ ਕੀਤੇ ਅਤੇ ਮੌਕੇ ਤੋਂ ਫਰਾਰ ਹੋ ਗਿਆ। ਜਾਂਚ ਦੌਰਾਨ ਪੁਲਿਸ ਟੀਮ ਨੇ ਅੰਬਾਲਾ ਪਹੁੰਚ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ । ਸਮਾਜਿਕ ਮਾਹਿਰਾਂ ਅਨੁਸਾਰ ਸੋਸ਼ਲ ਮੀਡੀਆ ਦੇ ਦੌਰ ਵਿਚ ਕੁੜੀਆਂ ਨੂੰ ਕਿਸੇ ਵੀ ਅਣਜਾਣ ਵਿਅਕਤੀ ਨਾਲ ਸੰਬੰਧਾਂ ਵਿਚ ਪੈਣ ਸੰਬੰਧੀ ਜਾਗਰੂਕਤਾ ਤੋਂ ਕੰਮ ਲੈਣਾ ਚਾਹੀਦਾ ਹੈ ।







