ਬਰਨਾਲਾ 23 ਜਨਵਰੀ (ਨਿਰਮਲ ਸਿੰਘ ਪੰਡੋਰੀ)-
ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਬਹਿਬਲ ਕਲਾਂ ਗੋਲੀ ਕਾਂਡ ਸਬੰਧੀ ਬਣੇ ਇਨਸਾਫ਼ ਮੋਰਚੇ ਨੇ ਪੰਜਾਬ ਸਰਕਾਰ ਨੂੰ 5 ਫਰਵਰੀ ਤੱਕ ਦਾ ਅਲਟੀਮੇਟਮ ਦੇ ਦਿੱਤਾ ਹੈ । ਇਸ ਤੋਂ ਇਲਾਵਾ ਮੋਰਚੇ ਦੇ ਆਗੂਆਂ ਨੇ 26 ਜਨਵਰੀ ਗਣਤੰਤਰ ਦਿਵਸ ਦੇ ਸਮਾਗਮਾਂ ਦੇ ਬਾਈਕਾਟ ਦੀ ਚੇਤਾਵਨੀ ਵੀ ਦਿੱਤੀ ਹੈ । ਮੋਰਚੇ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਕੋਲ 5 ਫਰਵਰੀ ਤੱਕ ਦਾ ਸਮਾਂ ਹੈ, ਜੇਕਰ ਇਨਸਾਫ਼ ਨਾ ਮਿਲਿਆ ਤਾਂ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ । ਮੋਰਚੇ ਦੇ ਆਗੂਆਂ ਨੇ ਮੁਹਾਲੀ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ ਦਾ ਸਮਰਥਨ ਵੀ ਕੀਤਾ ਹੈ । ਜ਼ਿਕਰਯੋਗ ਹੈ ਕਿ ਕੋਟਕਪੂਰਾ ਲਾਗੇ ਬਹਿਬਲ ਕਲਾਂ ਵਿਖੇ ਪਿਛਲੇ ਲਗਭਗ 13 ਮਹੀਨਿਆਂ ਤੋਂ ਮੋਰਚਾ ਲੱਗਿਆ ਹੋਇਆ ਹੈ । ਸਰਕਾਰ ਵੱਲੋਂ ਵਿਧਾਨ ਸਭਾ ਦੇ ਸਪੀਕਰ ਅਤੇ ਕਈ ਮੰਤਰੀਆਂ ਨੇ ਕਈ ਵਾਰ ਭਰੋਸਾ ਵੀ ਦਿੱਤਾ ਪ੍ਰੰਤੂ ਅਜੇ ਤੱਕ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਸਬੰਧੀ ਇਨਸਾਫ ਦੀ ਗੱਲ ਅੱਗੇ ਨਹੀਂ ਵਧੀ । ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਤਾਂ ਮੋਰਚੇ ਵਿੱਚ ਜਾ ਕੇ 45 ਦਿਨਾਂ ਦਾ ਸਮਾਂ ਮੰਗਿਆ ਗਿਆ ਸੀ, ਜੋ ਲੰਘ ਚੁੱਕਾ ਹੈ ।










