Gee 98News

ਹੁਣ ਸਮਾਜਸੇਵੀ ਸੁਸਾਇਟੀ ਬਦਲੇਗੀ ਬਰਨਾਲੇ ਦੇ ਬੱਸ ਅੱਡੇ ਦੀ ਨੁਹਾਰ

-ਪੰਚਤੰਤਰਾ ਸੁਸਾਇਟੀ ਨੇ ਲਿਆ ਸਫਾਈ ਦਾ ਜ਼ਿੰਮਾ

ਬਰਨਾਲਾ 17 ਅਪ੍ਰੈਲ ( ਨਿਰਮਲ ਸਿੰਘ ਪੰਡੋਰੀ )-

ਬਰਨਾਲਾ ਦੇ ਜਥੇਦਾਰ ਕਰਤਾਰ ਸਿੰਘ ਜੋਸ਼ੀਲਾ ਯਾਦਗਾਰੀ ਬੱਸ ਅੱਡੇ ਦੀ ਸਾਫ-ਸਫਾਈ ਦਾ ਕੰਮ ਪ੍ਰਾਈਵੇਟ ਠੇਕੇਦਾਰ ਤੋਂ ਵਾਪਸ ਲੈ ਲਿਆ ਗਿਆ ਹੈ। ਹੁਣ ਬੱਸ ਅੱਡੇ ਦੀ ਸਫ਼ਾਈ ਦਾ ਕੰਮ ਪੰਚਤੰਤਰ ਇਨਵਾਇਰਮੈਂਟ ਐਂਡ ਸੈਨੀਟੇਸ਼ਨ ਕੰਟਰੋਲ ਸੁਸਾਇਟੀ ( ਰਜਿ) ਪਟਿਆਲਾ ਨੂੰ ਦਿੱਤਾ ਗਿਆ ਹੈ ਜੋ ਨਾਨ-ਪ੍ਰੋਫਿਟਏਬਲ ਵਲੰਟਰੀ ਆਰਨਾਈਜੇਸ਼ਨ ਹੈ । ਸ਼ਹਿਰ ਦਾ ਇਹ ਬੱਸ ਅੱਡਾ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਅਧੀਨ ਹੈ । ਬੱਸ ਅੱਡੇ ਦੀ ਸਫ਼ਾਈ ਦਾ ਜ਼ਿੰਮਾ ਪ੍ਰਾਈਵੇਟ ਫਰਮ ਨੂੰ ਦੇਣ ਸਬੰਧੀ ਮੌਜੂਦਾ ਚੇਅਰਮੈਨ ਨੇ ਵੀ ਆਪਣੀ ਮਨਜ਼ੂਰੀ ਦੇ ਦਿੱਤੀ ਹੈ ਜਿਸ ਤੋਂ ਬਾਅਦ ਨਗਰ ਸੁਧਾਰ ਟਰੱਸਟ ਵੱਲੋਂ ਸੁਸਾਇਟੀ ਨੂੰ ਵਰਕ ਆਰਡਰ ਜਾਰੀ ਕਰ ਦਿੱਤਾ ਗਿਆ ਹੈ ਜਿਸ ਅਨੁਸਾਰ ਉਕਤ ਸੁਸਾਇਟੀ 20 ਅਪ੍ਰੈਲ ਤੋਂ ਬੱਸ ਅੱਡੇ ਦੀ ਸਾਫ਼-ਸਫ਼ਾਈ ਦਾ ਜ਼ਿੰਮਾ ਸੰਭਾਲ ਲਵੇਗੀ । ਨਗਰ ਸੁਧਾਰ ਟਰੱਸਟ ਵੱਲੋਂ ਉਕਤ ਸੋਸਾਇਟੀ ਨੂੰ ਬੱਸ ਅੱਡੇ ਅੰਦਰ ਬਣੇ ਪਬਲਿਕ ਪਖਾਨਿਆਂ ਦੀ ਸਾਂਭ-ਸੰਭਾਲ/ ਸਾਫ਼-ਸਫ਼ਾਈ, ਲੋਡਿੰਗ- ਅਣਲੋਡਿੰਗ ਪਲੇਟਫਾਰਮ ਅਤੇ ਮੂਵਮੈਂਟ ਏਰੀਏ ਦੀ ਸਾਫ-ਸਫਾਈ ਦੀ ਦੇਖਭਾਲ ਦਾ ਜ਼ਿੰਮਾ ਦਿੱਤਾ ਗਿਆ ਹੈ। ਇੱਥੇ ਇਹ ਗੱਲ ਵਿਸ਼ੇਸ਼ ਤੌਰ ‘ਤੇ ਜ਼ਿਕਰਯੋਗ ਹੈ ਕਿ ਉਕਤ ਸੁਸਾਇਟੀ ਬੱਸ ਅੱਡੇ ਦੀ ਸਫਾਈ ਲਈ ਨਗਰ ਸੁਧਾਰ ਟਰੱਸਟ ਤੋਂ ਕੋਈ ਪੈਸਾ ਵਸੂਲ ਨਹੀਂ ਕਰੇਗੀ ਜਦਕਿ ਪਬਲਿਕ ਪਖਾਨਿਆਂ ਦੀ ਵਰਤੋਂ ਦੇ ਤੌਰ ਤੇ ਸਿਰਫ 5 ਰੁਪਏ ਯੂਜ਼ਰ ਚਾਰਜਿਜ ਲਏ ਜਾਣਗੇ ।ਨਗਰ ਸੁਧਾਰ ਟਰੱਸਟ ਦੇ ਐਕਸੀਅਨ ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਸ ਨਾਲ ਟਰੱਸਟ ਨੂੰ ਵੱਡੀ ਵਿੱਤੀ ਬੱਚਤ ਵੀ ਹੋਵੇਗੀ ਅਤੇ ਬੱਸ ਅੱਡੇ ਦੀ ਸਫਾਈ ਦੇ ਮਾਮਲੇ ‘ਚ ਵੀ ਸੁਧਾਰ ਹੋਵੇਗਾ ਕਿਉਂਕਿ ਇਹ ਸੁਸਾਇਟੀ ਇਸ ਖੇਤਰ ਵਿੱਚ ਚੰਗਾ ਤਜ਼ਰਬਾ ਰੱਖਦੀ ਹੈ।

Gee98 Ads
error: Content is protected !!