ਬਰਨਾਲਾ 19 ਅਪ੍ਰੈਲ (ਨਿਰਮਲ ਸਿੰਘ ਪੰਡੋਰੀ)-
ਐਮਡੀ ਪਨਸਪ ਸੋਨਾਲੀ ਗਿਰਿ ਆਈਏਐੱਸ ਵਲੋਂ ਅੱਜ ਬਰਨਾਲਾ ਵਿਖੇ ਪੁੱਜ ਕੇ ਜ਼ਿਲ੍ਹੇ ਵਿੱਚ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਮੈਡਮ ਸੋਨਾਲੀ ਗਿਰਿ ਨੇ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਕੋਈ ਮੁਸ਼ਕਿਲ ਪੇਸ਼ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜਿਣਸ ਦੀ ਲਿਫਟਿੰਗ ਸਮਾਂਬੱਧ ਤਰੀਕੇ ਨਾਲ ਹੋਵੇ। ਇਸ ਮੌਕੇ ਉਨ੍ਹਾਂ ਪਨਸਪ ਵੱਲੋਂ ਹੁਣ ਤੱਕ ਖਰੀਦੀ ਕਣਕ ਅਤੇ ਅਦਾਇਗੀ ਦਾ ਜਾਇਜ਼ਾ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਕਿਸਾਨਾਂ ਨੂੰ ਜਿਣਸ ਦੀ ਹੁਣ ਤੱਕ 192.17 ਕਰੋੜ ਰੁਪਏ ਦੀ ਅਦਾਇਗੀ ਸਿੱਧੀ ਖਾਤਿਆਂ ’ਚ ਹੋ ਚੁੱਕੀ ਹੈ। ਇਸ ਮੌਕੇ ਆੜ੍ਹਤੀਆ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਦੋ ਦਿਨਾਂ ਦੇ ਅੰਦਰ ਅੰਦਰ ਫਸਲ ਦੀ ਅਦਾਇਗੀ ਹੋ ਰਹੀ ਹੈ, ਜਿਸ ਦੀ ਕੋਈ ਸਮੱਸਿਆ ਪੇਸ਼ ਨਹੀਂ ਆ ਰਹੀ। ਇਸ ਮੌਕੇ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਮੰਗਲਵਾਰ ਸ਼ਾਮ ਤੱਕ 1,99,736 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ, ਜਿਸ ਵਿੱਚੋਂ 1,39,858 ਮੀਟ੍ਰਿਕ ਟਨ ਦੀ ਖਰੀਦ ਕੀਤੀ ਗਈ। ਪਨਸਪ ਵੱਲੋਂ 27,820 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਮੰਗਲਵਾਰ ਨੂੰ ਮੰਡੀਆਂ ਵਿੱਚ 40,880 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਤੇ ਇਸ ਦਿਨ 41,510 ਮੀਟ੍ਰਿਕ ਟਨ ਖਰੀਦ ਦਰਜ ਕੀਤੀ ਗਈ। ਉਨ੍ਹਾਂ ਦੱਸਿਆ ਕਿ ਖਰੀਦ ਏਜੰਸੀਆਂ ਵੱਲੋਂ ਹੁਣ ਤੱਕ ਕੀਤੀ ਖਰੀਦ ਦੇ ਇਵਜ਼ ਵਿੱਚ 192.17 ਕਰੋੜ ਰੁਪਏ ਦੀ ਰਾਸ਼ੀ ਕਿਸਾਨਾਂ ਨੂੰ ਜਾਰੀ ਕੀਤੀ ਜਾ ਚੁੱਕੀ ਹੈ। ਇਸ ਮੌਕੇ ਮੈਡਮ ਸੋਨਾਲੀ ਗਿਰਿ ਵੱਲੋਂ ਅਨਾਜ ਮੰਡੀ ਬਰਨਾਲਾ ਦਾ ਦੌਰਾ ਕੀਤਾ ਗਿਆ ਤੇ ਕਿਸਾਨਾਂ, ਆੜ੍ਹਤੀਆਂ ਤੇ ਲੇਬਰ ਨਾਲ ਗੱਲਬਾਤ ਕੀਤੀ। ਇਸ ਮੌਕੇ ਐਸਡੀਐਮ ਬਰਨਾਲਾ/ਤਪਾ ਗੋਪਾਲ ਸਿੰਘ, ਸਹਾਇਕ ਕਮਿਸ਼ਨਰ (ਜ) ਸੁਖਪਾਲ ਸਿੰਘ, ਜ਼ਿਲ੍ਹਾ ਮੰਡੀ ਅਫਸਰ ਅਸਲਮ ਮੁਹੰਮਦ, ਖਰੀਦ ਏਜੰਸੀਆਂ ਨਾਲ ਸਬੰਧਤ ਅਧਿਕਾਰੀ, ਆੜ੍ਹਤੀਆ ਯੂਨੀਅਨ ਤੋਂ ਦਰਸ਼ਨ ਸਿੰਘ ਸੰਘੇੜਾ ਤੇ ਹੋਰ ਅਧਿਕਾਰੀ ਹਾਜ਼ਰ ਸਨ।