Skip to main content

Gee 98News

ਇੰਝ ਰੱਖਦੇ ਨੇ ਜਵਾਨੀ ਦੀ ਲਗਾਮ ਆਪਣੇ ਹੱਥ ਵਿੱਚ .. !

ਬਰਨਾਲਾ, 13 ਜੁਲਾਈ (ਨਿਰਮਲ ਸਿੰਘ ਪੰਡੋਰੀ) :ਕਹਿੰਦੇ ਨੇ ਕਿ ‘‘ਜਵਾਨੀ ਅੱਥਰੇ ਘੋੜੇ ਵਾਂਗ ਹੁੰਦੀ ਹੈ’’। ਘੋੜਾ ਜਿੱਧਰ ਵੀ ਦੌੜਦਾ ਹੈ ਪੂਰੀ ਤਾਕਤ ਨਾਲ ਦੌੜਦਾ ਹੈ ਪਰ ਘੋੜੇ ਦੀ ਦੌੜ ਵਿੱਚ ਜੇ ਘੋੜੇ ਤਾਕਤ ਹੁੰਦੀ ਹੈ ਤਾਂ ਘੋੜ ਸਵਾਰ ਦੀਆਂ ਹਦਾਇਤਾਂ ਵੀ ਹੁੰਦੀਆਂ ਹਨ। ਇਸੇ ਤਰਾਂ ਜਵਾਨੀ ਵੀ ਜੋ ਕੰਮ ਕਰਦੀ ਹੈ ਉਸ ਵਿੱਚ ਉਮਰ ਦੇ ਲਿਹਾਜ਼ ਨਾਲ ਪੂਰਾ ਜੋਸ਼ ਹੁੰਦਾ ਹੈ ਪਰ ਜੇਕਰ ਜਵਾਨੀ ਦਾ ਸਵਾਰ/ਮਾਲਕ ਚੰਗੀਆਂ ਹਦਾਇਤਾਂ ਦੇਵੇ ਤਾਂ ਜਵਾਨੀ ਪੂਰੇ ਜੋਸ਼ ਨਾਲ ਚੰਗੇ ਰਾਹ ’ਤੇ ਚੱਲਦੀ ਹੈ। ਬਰਨਾਲਾ ਜ਼ਿਲੇ ਦੇ ਪਿੰਡ ਪੰਡੋਰੀ ਦੇ ਕੁਝ ਨੌਜਵਾਨਾਂ ਨੇ ਆਪਣੀ ਜਵਾਨੀ ਦੀਆਂ ਲਗਾਮਾਂ ਚੰਗੇ ਰਾਹ ਵੱਲ ਮੋੜੀਆਂ ਹੋਈਆਂ ਹਨ ਜਿਸ ਦੀ ਚਰਚਾ ਪਟੜੀਫੇਰ ਪਿੰਡਾਂ ਵਿੱਚ ਖ਼ੂਬ ਹੋ ਰਹੀ ਹੈ। ਪਿੰਡ ਦੇ ਨੌਜਵਾਨਾਂ ਨੇ ਸਮਾਜ ਸੇਵੀ ਪਲਵਿੰਦਰ ਸਿੰਘ ਪਿੰਦੀ ਦੀ ਪ੍ਰੇਰਨਾ ਸਦਕਾ ਇੱਕ ਸੇਵਾਦਾਰ ਗਰੁੱਪ ਦਾ ਗਠਨ ਕੀਤਾ ਹੋਇਆ ਹੈ, ਜਦੋਂ ਕਿਸੇ ਪਿੰਡ ਵਾਸੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੁਰੂਦੁਆਰਾ ਸਾਹਿਬ ਤੋਂ ਕਿਸੇ ਸਮਾਗਮ ਲਈ ਆਪਣੇ ਘਰ ਲੈ ਕੇ ਜਾਣਾ ਹੋਵੇ ਤਾਂ ਇਹ ਸੇਵਾਦਾਰ ਗਰੁੱਪ ਦੇ ਨੌਜਵਾਨ ਗੁਰੂਦੁਆਰਾ ਸਾਹਿਬ ਤੋਂ ਲੈ ਕੇ ਘਰ ਤੱਕ ਅਤੇ ਫਿਰ ਵਾਪਿਸੀ ’ਤੇ ਘਰ ਤੋਂ ਲੈ ਕੇ ਗੁਰੂਦੁਆਰਾ ਸਾਹਿਬ ਤੱਕ ਸਾਰੇ ਰਸਤੇ ਦੀ ਝਾੜੂ ਲਗਾ ਕੇ ਸਫ਼ਾਈ ਕਰਦੇ ਹਨ, ਦੋਵਂੇ ਪਾਸੇ ਕਲੀ ਪਾਉਂਦੇ ਹਨ ਅਤੇ ਗੁਰੂ ਸਾਹਿਬ ਦਾ ਸਰੂਪ ਲੈ ਕੇ ਜਾ ਰਹੀ ਸੰਗਤ ਲਈ ‘ਮੈਟ’ ਵਿਛਾਉਦੇ ਹਨ ਤਾਂ ਜੋ ਮਰਿਯਾਦਾ ਅਨੁਸਾਰ ਨੰਗੇ ਪੈਰ ਤੁਰ ਰਹੀ ਸੰਗਤ ਲਈ ਕੋਈ ਸਮੱਸਿਆ ਨਾ ਆਵੇ। ਇਹ ਨੌਜਵਾਨ ਸਾਰੀ ਸੇਵਾ ਨਿਸ਼ਕਾਮ ਕਰਦੇ ਹਨ। ਜਾਣਕਾਰੀ ਅਨੁਸਾਰ ਪਿੰਡ ਪੰਡੋਰੀ ਤੋਂ ਇਲਾਵਾ ਵੀ ਕੁਝ ਹੋਰ ਪਿੰਡਾਂ ਵਿੱਚ ਵੀ ਇਸ ਤਰਾਂ ਦੇ ਸੇਵਾਦਾਰ ਗਰੁੱਪ ਬਣੇ ਹੋਏ ਹਨ। ਅਜੋਕੇ ਦੌਰ ’ਚ ਜਿੱਥੇ ਜਵਾਨੀ ਗੀਤਾਂ/ਫਿਲਮਾਂ ਦੇ ਪ੍ਰਭਾਵ ਥੱਲੇ ਨਸ਼ੇ ਅਤੇ ਹਥਿਆਰ ਕਲਚਰ ਸਮੇਤ ਇਸ਼ਕ-ਮਸ਼ੂਕੀ ਦੇ ਚੱਕਰਾਂ ਵਿੱਚ ਪਈ ਹੋਈ ਹੈ ਉੱਥੇ ਅਜਿਹੇ ਸੇਵਾਦਾਰ ਗਰੁੱਪਾਂ ਦਾ ਗਠਨ ਨੌਜਵਾਨਾਂ ਲਈ ਵੱਡੀ ਪ੍ਰੇਰਨਾ ਸਾਬਤ ਹੋ ਰਿਹਾ ਹੈ। ਅਜਿਹੇ ਨੌਜਵਾਨਾਂ ਦੀ ਹਰ ਤਰੀਕੇ ਨਾਲ ਹੌਂਸਲਾ ਅਫਜਾਈ ਕਰਨੀ ਚਾਹੀਦੀ ਹੈ। ਪਿੰਡ ਪੰਡੋਰੀ ਦੇ ਇਸ ਗਰੁੱਪ ਵਿੱਚ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਜਸਨਦੀਪ ਸਿੰਘ,ਗੁਰਪ੍ਰੀਤ ਸਿੰਘ,ਗਗਨਜੀਤ ਸਿੰਘ,ਗੁਰਮੀਤ ਸਿੰਘ,ਰਣਦੀਪ ਸਿੰਘ, ਅਮਨਦੀਪ ਸਿੰਘ,ਗੁਰਲੀਨ ਸਿੰਘ,ਗੁਰਵਿੰਦਰ ਸਿੰਘ,ਅਮਨਦੀਪ ਸਿੰਘ, ਸਿਮਰਨਜੀਤ ਸਿੰਘ, ਤੇਜਵਿੰਦਰ ਸਿੰਘ, ਸੁਖਵਿੰਦਰ ਸਿੰਘ, ਸੁਖਪ੍ਰੀਤ ਸਿੰਘ, ਗੁਰਬਖਸ ਸਿੰਘ, ਜਸਪ੍ਰੀਤ ਸਿੰਘ, ਜਸਨਦੀਪ ਸਿੰਘ ਆਪਣੀ ਚੰਗੀ ਸੋਚ ਸਦਕਾ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਹੇ ਹਨ।

error: Content is protected !!