–ਮਜ਼ਦੂਰ ਪਿਤਾ ਦਾ ਬਣਿਆ ਸਹਾਰਾ, ਭੈਣ ਦੀ ਪੜ੍ਹਾਈ ਦਾ ਸੁਪਨਾ ਕੀਤਾ ਪੂਰਾ
ਬਰਨਾਲਾ 9 ਮਈ ( ਨਿਰਮਲ ਸਿੰਘ ਪੰਡੋਰੀ )-
ਸਰਕਾਰ ਵੱਲੋਂ ਚਲਾਏ ਜਾ ਰਹੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਵੱਖ ਵੱਖ ਸਕੀਮਾਂ ਜਿੱਥੇ ਬੇਰੋਜ਼ਗਾਰ ਨੌਜਵਾਨਾਂ ਨੂੰ ਹੁਨਰਮੰਦ ਬਣਾ ਰਹੀਆਂ ਹਨ, ਉਥੇ ਉਨ੍ਹਾਂ ਨੂੰ ਰੋਜ਼ਗਾਰ ਦੇ ਮੌਕੇ ਵੀ ਹਾਸਲ ਹੋ ਰਹੇ ਹਨ। ਅਜਿਹੀ ਇਕ ਮਿਸਾਲ ਹੈ ਜ਼ਿਲ੍ਹਾ ਬਰਨਾਲਾ ਦੇ ਪਿੰਡ ਛਾਪਾ ਦੇ ਨੌਜਵਾਨ ਵਿਕਾਸ ਕੁਮਾਰ ਦੀ, ਜਿਸ ਨੇ ਹੁਨਰ ਵਿਕਾਸ ਮਿਸ਼ਨ ਤਹਿਤ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਿਆ ਯੋਜਨਾ ਰਾਹੀਂ ਸਿਖਲਾਈ ਪ੍ਰਾਪਤ ਕਰਕੇ ਟ੍ਰਾਈਡੈਂਟ ਗਰੁੱਪ ਧੌਲਾ ’ਚ ਰੋਜ਼ਗਾਰ ਹਾਸਲ ਕੀਤਾ ਹੈ। ਆਪਣੀ ਸਫਲਤਾ ਦੀ ਕਹਾਣੀ ਬਿਆਨ ਕਰਦੇ ਹੋਏ ਨੌਜਵਾਨ ਵਿਕਾਸ ਕੁਮਾਰ (24 ਸਾਲ) ਵਾਸੀ ਪਿੰਡ ਛਾਪਾ ਨੇ ਦੱਸਿਆ ਕਿ ਉਸ ਦੇ ਪਿਤਾ ਮਜ਼ਦੂਰੀ ਕਰਦੇ ਹਨ ਤੇ ਮਾਤਾ ਘਰੇਲੂ ਔਰਤ ਹੈ ਤੇ ਉਸ ਦੀ ਇਕ ਭੈਣ ਹੈ। ਵਿਕਾਸ ਕੁਮਾਰ ਨੇ ਦੱਸਿਆ ਕਿ ਉਸ ਨੇ ਬੀਕੌਮ ਕੀਤੀ ਹੈ ਪਰ ਕਰੋਨਾ ਵੇਲੇ ਅੱਗੇ ਪੜ੍ਹਾਈ ਕਰਨ ਵਿੱਚ ਤੇ ਨੌਕਰੀ ਹਾਸਲ ਕਰਨ ਵਿੱਚ ਕਾਫੀ ਦਿੱਕਤ ਪੇਸ਼ ਆਈ। ਉਸ ਨੂੰ ਕਿਸੇ ਦੋਸਤ ਨੇ ਦੱਸਿਆ ਕਿ ਸਰਕਾਰ ਵੱਲੋਂ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਿਆ ਯੋਜਨਾ ਤਹਿਤ ਮੁਫਤ ਸਿਖਲਾਈ ਦਿੱਤੀ ਜਾਂਦੀ ਹੈ। ਇਸ ਮਗਰੋਂ ਉਸ ਨੇ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਿਆ ਯੋਜਨਾ ਦੇ ਬੈਚ ’ਚ ਸ਼ਾਮਲ ਹੋ ਕੇ ਮੁਫ਼ਤ ਸਿਖਲਾਈ ਹਾਸਲ ਕੀਤੀ ਤੇ ਤਿੰਨ ਮਹੀਨਿਆਂ ਦੀ ਸਿਖਲਾਈ ਦੌਰਾਨ ਚੈਕਰ ਤੇ ਪੈਕਰ ਦਾ ਕੰਮ, ਆਈਟੀ ਤੇ ਸਾਫਟ ਸਕਿੱਲ ਦੀ ਸਿਖਲਾਈ ਹਾਸਲ ਹੋਈ ਤੇ ਕਰੀਬ 2 ਸਾਲ ਤੋਂ ਟ੍ਰਾਈਡੈਂਟ ਗਰੁੱਪ ਵਿੱਚ ਇਨਵੈਸਟੀਗੇਟਰ ਵਜੋਂ ਨੌਕਰੀ ਕਰ ਰਿਹਾ ਹਾਂ। ਉਸ ਨੇ ਦੱਸਿਆ ਕਿ ਉਸ ਨੂੰ ਕਰੀਬ 20 ਹਜ਼ਾਰ ਰੁਪਏ ਮਹੀਨਾ ਤਨਖ਼ਾਹ ਮਿਲਣੀ ਸ਼ੁਰੂ ਹੋ ਗਈ, ਜਿਸ ਨਾਲ ਜਿੱਥੇ ਉਹ ਪਰਿਵਾਰ ਦਾ ਸਹਾਰਾ ਬਣਿਆ ਉਥੇ ਉਸ ਨੇ ਆਪਣੀ ਭੈਣ ਦੀ ਪੜ੍ਹਾਈ ਕਰਵਾਈ ਤਾਂ ਜੋ ਉਸ ਦੀ ਭੈਣ ਦੀ ਪੜ੍ਹਾਈ ਅਧੂਰੀ ਨਾ ਰਹੇ। ਇਸ ਮੌਕੇ ਬਲਾਕ ਮਿਸ਼ਨ ਮੈਨੇਜਰ ਸ੍ਰੀ ਕੰਵਲਦੀਪ ਵਰਮਾ ਨੇ ਦੱਸਿਆ ਕਿ ਸਰਕਾਰ ਵੱਲੋਂ ਚਲਾਏ ਜਾਂਦੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਜ਼ਿਲ੍ਹਾ ਬਰਨਾਲਾ ਵਿੱਚ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਹੁਨਰਮੰਦ ਬਣਾਇਆ ਜਾਂਦਾ ਹੈ। ਇਸ ਤਹਿਤ ਚੱਲਦੀ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਿਆ ਯੋਜਨਾ ਅਧੀਨ ਪੇਂਡੂ ਖੇਤਰਾਂ ਦੇ ਗ਼ਰੀਬ ਪਰਿਵਾਰਾਂ ਨਾਲ ਸਬੰਧਤ ਮੁੰਡੇ-ਕੁੜੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਟ੍ਰੇਨਿੰਗ ਦੌਰਾਨ ਕਿਤਾਬਾਂ, ਵਰਦੀਆਂ, ਰਹਿਣ ਤੇ ਖਾਣ-ਪੀਣ ਦੀ ਮੁਫਤ ਸਹੂਲਤ ਦਿੱਤੀ ਜਾਂਦੀ ਹੈ। ਬਲਾਕ ਥਿਮੈਟਿਕ ਮਾਹਿਰ (ਟ੍ਰੇਨਿੰਗ ਤੇ ਪਲੇਸਮੈਂਟ) ਸ੍ਰੀ ਗੌਰਵ ਕੁਮਾਰ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਹੁਣ ਤੱਕ 1070 ਦੇ ਕਰੀਬ ਨੌਜਵਾਨਾਂ ਨੂੰ ਮੁਫਤ ਸਿਖਲਾਈ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਨੌਜਵਾਨ ਜ਼ਿਲ੍ਹਾ ਰੋਜ਼ਗਾਰ ਬਿਓਰੋ ਬਰਨਾਲਾ ਵਿਖੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਟਾਫ ਨਾਲ ਸੰਪਰਕ ਕਰ ਸਕਦੇ ਹਨ।
