ਚੰਡੀਗੜ੍ਹ,7 ਅਕਤੂਬਰ-ਪੰਜਾਬ ਵਿਜੀਲੈਂਸ ਦੀ ਉੱਚ ਪੱਧਰੀ ਟੀਮ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਾਬਕਾ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜੰਗੀਰ ਕੌਰ ਦੇ ਬੇਗੋਵਾਲ ਸਥਿਤ ਡੇਰੇ ‘ਤੇ ਸ਼ੁਕਰਵਾਰ ਦੋ ਘੰਟਿਆਂ ਤੋਂ ਵੱਧ ਸਮੇਂ ਲਈ ਛਾਪੇਮਾਰੀ ਕੀਤੀ । ਸੂਤਰਾਂ ਅਨੁਸਾਰ ਵਿਜੀਲੈਂਸ ਦੀ ਟੀਮ ਨੇ ਬੀਬੀ ਜੰਗੀਰ ਕੌਰ ਦੇ ਡੇਰੇ ਤੋਂ ਇੱਕ ਲੈਪਟਾਪ, ਫੋਨ ਅਤੇ ਜ਼ਮੀਨ ਦੇ ਨਾਲ ਸੰਬੰਧਿਤ ਕਾਗਜ਼ ਕਬਜ਼ੇ ਵਿੱਚ ਲਏ ਹਨ। ਜ਼ਿਕਰ ਯੋਗ ਹੈ ਕਿ ਬੀਬੀ ਜੰਗੀਰ ਕੌਰ ‘ਤੇ ਦੋਸ਼ ਹਨ ਕਿ ਉਹਨਾਂ ਨੇ ਸੰਤ ਪ੍ਰੇਮ ਸਿੰਘ ਖਾਲਸਾ ਹਾਈ ਸਕੂਲ ਬੇਗੋਵਾਲ ਅਤੇ ਡੇਰੇ ਦੇ ਆਲੇ ਦੁਆਲੇ ਦੀ ਨਗਰ ਪੰਚਾਇਤ ਦੀ ਕਰੀਬ 22 ਏਕੜ ਜ਼ਮੀਨ ‘ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਇਹਨਾਂ ਦੋਸ਼ਾਂ ਸਬੰਧੀ ਇੱਕ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਵਿਚਾਰ ਅਧੀਨ ਹੈ ਅਤੇ ਇਸ ਪਟੀਸ਼ਨ ਦੀ ਸੁਣਵਾਈ ‘ਚ ਵਿਜੀਲੈਂਸ ਵੀ ਸ਼ਾਮਿਲ ਹੈ। 28 ਅਗਸਤ 2023 ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਨੂੰ ਇਸ ਮਾਮਲੇ ਦੀ ਮੁਕੰਮਲ ਰਿਪੋਰਟ ਛੇ ਹਫਤਿਆਂ ਵਿੱਚ ਜਮਾਂ ਕਰਵਾਉਣ ਦੇ ਆਦੇਸ਼ ਦਿੱਤੇ ਸਨ । ਇਹ ਵੀ ਜਾਣਕਾਰੀ ਹੈ ਕਿ ਵੀਰਵਾਰ ਨੂੰ ਵਿਜੀਲੈਂਸ ਨੇ ਭੁਲੱਥ ਦੇ ਨਾਇਬ ਤਹਿਸੀਲਦਾਰ ਅਤੇ ਪਟਵਾਰੀ ਨੂੰ ਇਸ ਜ਼ਮੀਨ ਨਾਲ ਸਬੰਧਿਤ ਦਸਤਾਵੇਜਾਂ ਸਹਿਤ ਤਲਬ ਕੀਤਾ ਸੀ ਅਤੇ ਕਰੀਬ ਇੱਕ ਹਫਤਾ ਪਹਿਲਾਂ ਵਿਜੀਲੈਂਸ ਦੀ ਟੀਮ ਨੇ ਨਗਰ ਪੰਚਾਇਤ ਭਲੱਥ ਦੇ ਦਫਤਰ ਵਿੱਚ ਵੀ ਛਾਪੇਮਾਰੀ ਕੀਤੀ ਸੀ। ਡੀਐਸਪੀ ਭੁਲੱਥ ਭਾਰਤ ਭੂਸ਼ਣ ਸੈਣੀ ਨੇ ਬੀਬੀ ਜੰਗੀਰ ਕੌਰ ਦੇ ਡੇਰੇ ‘ਤੇ ਵਿਜੀਲੈਂਸ ਜਾਂਚ ਦੀ ਪੁਸ਼ਟੀ ਕੀਤੀ ਹੈ । ਸਿਆਸੀ ਹਲਕਿਆਂ ਵਿੱਚ ਬੀਬੀ ਦੇ ਡੇਰੇ ‘ਤੇ ਵਿਜੀਲੈਂਸ ਦੀ ਛਾਪੇਮਾਰੀ ਦੀ ਖ਼ੂਬ ਚਰਚਾ ਹੋ ਰਹੀ ਹੈ ।







