Skip to main content

Gee 98News

ਪਾਵਰਕਾਮ ਦੇ ਜੇਈ ਨੇ ਸੱਤਾਧਾਰੀ ਵਿਧਾਇਕ ਨੂੰ ਦਿਖਾਈ ਆਪਣੀ ਪਾਵਰ…!

ਬਰਨਾਲਾ,19 ਅਕਤੂਬਰ (ਨਿਰਮਲ ਸਿੰਘ ਪੰਡੋਰੀ)-ਥੋੜ੍ਹੇ ਦਿਨਾਂ ਦੇ ਵਕਫੇ ਤੋਂ ਬਾਅਦ ਹੀ “ਆਪ” ਵਿਧਾਇਕਾਂ ਦੇ ਸਰਕਾਰੀ ਮੁਲਾਜ਼ਮਾਂ ਨੂੰ ਕਥਿਤ ਹੁਕਮਾਂ ਦੀ ਕੋਈ ਆਡੀਓ ਵਾਇਰਲ ਹੋ ਜਾਂਦੀ ਹੈ ਜਿਸਨੇ ਮੁੱਖ ਮੰਤਰੀ ਨੂੰ ਵੀ ਸਵਾਲਾਂ ਦੇ ਘੇਰੇ ‘ਚ ਖੜਾ ਕੀਤਾ ਹੋਇਆ ਹੈ ਕਿ ਆਖਰ ਸੱਤਾਧਾਰੀ ਵਿਧਾਇਕਾਂ ਦੀਆਂ ਬਦਕੁਲਾਮੀਆਂ ਤੇ ਆਪਹੁਦਰੀਆਂ ਰੁਕਣ ਦਾ ਨਾਮ ਕਿਉਂ ਨਹੀਂ ਲੈ ਰਹੀਆਂ। ਇਹੋ ਜਿਹੀ ਇੱਕ ਆਡੀਓ ਆਪ ਵਿਧਾਇਕ ਅਤੇ ਪਾਵਰਕਾਮ ਦੇ ਇੱਕ ਜੇਈ ਦੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਵਿਧਾਇਕ ਪਾਵਰਕਾਮ ਦੇ ਜੇਈ ਨੂੰ ਇੱਕ ਬਿਜਲੀ ਦਾ ਖੰਭਾ ਪੁੱਟ ਕੇ ਕਿਤੇ ਹੋਰ ਲਾਉਣ ਸਬੰਧੀ ਆਖ ਰਿਹਾ ਹੈ ਪ੍ਰੰਤੂ ਦੂਜੇ ਪਾਸੇ ਜੇਈ ਨੇ ਸਾਫ਼ ਜਵਾਬ ਦੇ ਦਿੱਤਾ ਕਿ ਇਹ ਗੈਰਕਾਨੂੰਨੀ ਹੈ ਅਤੇ ਉਹ ਇਹ ਗੈਰ ਕਾਨੂੰਨੀ ਕੰਮ ਨਹੀਂ ਕਰੇਗਾ । ਗੱਲਬਾਤ ਸ਼ੁਰੂ ਹੋਣ ਵੇਲੇ ਵਿਧਾਇਕ ਦਾ ਲਹਿਜ਼ਾ ਕੁਝ ਗਰਮ ਸੀ ਪ੍ਰੰਤੂ ਅੱਗੇ ਜੇਈ ਦਾ ਲਹਿਜ਼ਾ ਵੀ ਗਰਮ ਵੇਖ ਕੇ ਵਿਧਾਇਕ ਨੇ ਫੋਨ ਕੰਮ ਕਰਵਾਉਣ ਆਏ ਵਿਅਕਤੀ ਨੂੰ ਫੜਾ ਦਿੱਤਾ। ਕੰਮ ਕਰਾਉਣ ਆਏ ਵਿਅਕਤੀ ਨਾਲ ਗੱਲ ਕਰਨ ਤੋਂ ਬਾਅਦ ਫੇਰ ਦੁਬਾਰਾ ਵਿਧਾਇਕ ਨੇ ਜੇਈ ਨਾਲ ਗੱਲ ਕੀਤੀ ਪ੍ਰੰਤੂ ਜੇਈ ਨੇ ਸਾਫ਼ ਜਵਾਬ ਦੇ ਦਿੱਤਾ ਕਿ ਇਹ ਕੰਮ ਕਿਸੇ ਵੀ ਤਰੀਕੇ ਨਾਲ ਨਹੀਂ ਹੋਵੇਗਾ ਅਤੇ ਉਹ ਇਹਨਾਂ ਬੰਦਿਆਂ ਦੇ ਖ਼ਿਲਾਫ਼ ਰਿਪੋਰਟ ਕਰੇਗਾ, ਜਿਸ ਤੋਂ ਬਾਅਦ ਵਿਧਾਇਕ ਨੇ ਫੋਨ ਕੱਟ ਦਿੱਤਾ। ਸੋਸ਼ਲ ਮੀਡੀਆ ‘ਤੇ ਇਸ ਆਡੀਓ ਦੀ ਬਹੁਤ ਚਰਚਾ ਹੋ ਰਹੀ ਹੈ ਕਿ ਰਵਾਇਤੀ ਪਾਰਟੀਆਂ ਦੀ ਕਈ ਵਰ੍ਹਿਆਂ ਦੀ ਸਰਕਾਰ ਦੌਰਾਨ ਸੱਤਾਧਾਰੀਆਂ ਵੱਲੋਂ ਕੰਮਾਂ ਕਾਰਾਂ ਵਿੱਚ ਵਰਤੇ ਜਾਂਦੇ ਤੌਰ ਤਰੀਕਿਆਂ ‘ਚ ਬਦਲਾਅ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਪੁਰਾਣੀਆਂ ਸਰਕਾਰਾਂ ਦੇ ਵਿਧਾਇਕਾਂ/ ਮੰਤਰੀਆਂ ਵਾਂਗ ਹੀ ਮੁਲਾਜ਼ਮਾਂ ਦੀ ਹਿੱਕ ‘ਤੇ ਗੋਡਾ ਰੱਖਣ ਵਾਲੀ ਨੀਤੀ ‘ਤੇ ਚੱਲੇ ਹੋਏ ਹਨ । ਉਕਤ ਆਡੀਓ ‘ਤੇ ਟਿੱਪਣੀ ਕਰਦੇ ਹੋਏ ਡੀਸੀ ਦਫਤਰ ਬਰਨਾਲਾ ਦੇ ਇੱਕ ਸੀਨੀਅਰ ਮੁਲਾਜ਼ਮ ਨੇ ਕਿਹਾ ਕਿ ਆਪ ਵਿਧਾਇਕਾਂ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਮੌਜੂਦਾ ਸਿਆਸੀ ਹਾਲਾਤਾਂ ਲਈ ਇਹੋ ਜਿਹੇ ਵਿਧਾਇਕਾਂ ਮੰਤਰੀਆਂ ਦਾ ਹੰਕਾਰ ਵੀ ਜ਼ਿੰਮੇਵਾਰ ਹੈ ਜਿਹੜੇ ਮੁਲਾਜ਼ਮਾਂ ਨੂੰ ਪੈਰ ਦੀ ਜੁੱਤੀ ਸਮਝਦੇ ਸਨ। ਪੰਚਾਇਤ ਵਿਭਾਗ ਦੇ ਸੈਕਟਰੀਆਂ ਦੀ ਜਥੇਬੰਦੀ ਦੇ ਇੱਕ ਜ਼ਿਲ੍ਹਾ ਪੱਧਰੀ ਆਗੂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ “ਆਪ” ਵਿਧਾਇਕਾਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਵਿਧਾਨ ਸਭਾ ‘ਚ ਤਿੰਨ ਸੀਟਾਂ ਕਿਉਂ ਆਈਆਂ ਆਈਆਂ…!

error: Content is protected !!