Gee 98News

ਪੰਜ ਰਾਜਾਂ ਦੇ ਨਤੀਜਿਆਂ ਤੋਂ ਬਾਅਦ ਜਾਗੀ ਭਗਵੰਤ ਮਾਨ ਸਰਕਾਰ… ਅੱਜ ਹੀ ਲੈ ਲਿਆ ਫੈਸਲਾ….!

ਚੰਡੀਗੜ੍ਹ,3 ਦਸੰਬਰ – ਮੁਲਕ ਵਿੱਚ ਅੱਜ ਆਏ ਪੰਜ ਰਾਜਾਂ ਦੇ ਚੋਣ ਨਤੀਜਿਆਂ ਤੋਂ ਬਾਅਦ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਜਾਗ ਖੁੱਲੀ ਹੈ । ਪੰਜ ਰਾਜਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਸਰਕਾਰ ਨੇ ਅੱਜ ਹੀ ਪੰਜਾਬ ‘ਚ ਇੱਕ ਵੱਡਾ ਫੈਸਲਾ ਲੈਂਦੇ ਹੋਏ ਕਾਫੀ ਸਮੇਂ ਤੋਂ ਸੰਘਰਸ਼ ਕਰ ਰਹੇ ਮੁਲਾਜ਼ਮਾਂ ਤੇ ਹੋਰ ਲੋਕਾਂ ਦੀ ਸਾਰ ਲੈਣ ਦਾ ਯਤਨ ਕੀਤਾ ਹੈ। ਸਰਕਾਰ ਨੇ ਅੱਜ ਹੀ ਇੱਕ ਪੱਤਰ ਜਾਰੀ ਕਰਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਬਣੀ ਸਬ ਕਮੇਟੀ ਦੀ ਮੀਟਿੰਗ ਬੁਲਾਈ ਹੈ ਜੋ ਪੰਜ ਤਰੀਕ ਨੂੰ ਹੋਵੇਗੀ ਜਿਸ ਵਿੱਚ ਪੰਜਾਬ ਮਿਨਿਸਟਰੀਅਲ ਸਟਾਫ਼ ਦੇ ਬੈਨਰ ਹੇਠ ਡੀਸੀ ਦਫਤਰ ਅਤੇ ਹੋਰ ਦਫਤਰਾਂ ਦੇ ਕਲਮਛੋੜ ਹੜਤਾਲ ‘ਤੇ ਬੈਠੇ ਮੁਲਾਜ਼ਮਾਂ ਨੂੰ ਮੀਟਿੰਗ ਲਈ ਬੁਲਾਇਆ ਗਿਆ ਹੈ । ਇਸ ਦੇ ਨਾਲ ਹੀ ਸਰਕਾਰ ਨੇ ਸੰਯੁਕਤ ਕਿਸਾਨ ਮੋਰਚਾ (ਨਾਨ ਪੋਲੀਟੀਕਲ) ਅਤੇ ਮਜ਼ਦੂਰ ਜਥੇਬੰਦੀਆਂ ਅਤੇ ਬੀਕੇਯੂ ਸਿੱਧੂਪੁਰ ਨੂੰ ਵੀ ਮੀਟਿੰਗ ਲਈ ਬੁਲਾਇਆ ਹੈ ਅਤੇ ਨਾਲ ਹੀ ਵੈਟਰਨਰੀ ਏਆਈ ਵਰਕਰ ਯੂਨੀਅਨ ਪੰਜਾਬ ਪਸ਼ੂ ਪਾਲਣ ਵਿਭਾਗ ਨੂੰ ਵੀ ਮੀਟਿੰਗ ਲਈ ਸੱਦਾ ਭੇਜਿਆ ਹੈ। ਸਭ ਤੋਂ ਅਹਿਮ ਗੱਲ ਇਹ ਵੀ ਹੈ ਕਿ ਪੰਜਾਬ ਸਰਕਾਰ ਨੇ ਕੋਵਿਡ ਦੌਰਾਨ ਪੰਜਾਬ ਪੁਲਿਸ ਵਲੰਟੀਅਰਾਂ ਨੂੰ ਵੀ ਮੀਟਿੰਗ ਲਈ ਬੁਲਾਇਆ ਹੈ ਜਿਨਾਂ ਨੇ ਪੰਜਾਬ ਪੁਲਿਸ ਦੇ ਨਾਲ ਮੁਢਲੇ ਮੁਹਾਜ਼ ‘ਤੇ ਕੋਵਿਡ ਦੌਰਾਨ ਕੰਮ ਕੀਤਾ ਸੀ। ਇਹ ਸਾਰੀਆਂ ਮੀਟਿੰਗਾਂ ਵੱਖ-ਵੱਖ ਸਮੇਂ ‘ਤੇ 5 ਦਸੰਬਰ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਸੱਦੀਆਂ ਗਈਆਂ ਹਨ। ਪੰਜ ਰਾਜਾਂ ‘ਚ ਆਪ ਦੀ ਕਰਾਰੀ ਹਾਰ ਤੋਂ ਬਾਅਦ ਪੰਜਾਬ ‘ਚ ਲੱਗਭੱਗ ਇੱਕ ਮਹੀਨੇ ਤੋਂ ਹੜ੍ਹਤਾਲ ‘ਤੇ ਬੈਠੇ ਡੀਸੀ ਦਫਤਰ ਦੇ ਕਰਮਚਾਰੀਆਂ ਨੂੰ ਮੀਟਿੰਗ ਲਈ ਸਮਾਂ ਦੇਣ ਦੀ ਸੂਬੇ ‘ਚ ਚਰਚਾ ਹੋ ਰਹੀ ਹੈ ਕਿ ਆਖ਼ਰ ਸੱਚਮੁੱਚ ਹੀ ਪੰਜ ਰਾਜਾਂ ਦੇ ਨਤੀਜਿਆਂ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ‘ਚ ਹਿਲਾ ਕੇ ਰੱਖ ਦਿੱਤਾ ਹੈ। ਬਹਰਹਾਲ ! ਉਕਤ ਜਥੇਬੰਦੀਆਂ ਨਾਲ ਸਬ ਕਮੇਟੀ ਦੀ ਮੀਟਿੰਗ ਦੇ ਨਤੀਜੇ ਬਾਅਦ ਵਿੱਚ ਸਾਹਮਣੇ ਆਉਣਗੇ ਪ੍ਰੰਤੂ ਚੋਣ ਨਤੀਜਿਆਂ ਵਾਲੇ ਦਿਨ ਹੀ ਮੀਟਿੰਗ ਬੁਲਾ ਲੈਣੀ ਪੰਜਾਬ ਸਰਕਾਰ ਦੀ ਚਿੰਤਾ ਜ਼ਾਹਰ ਕਰਦਾ ਹੈ।

error: Content is protected !!