Gee 98News

ਹੁਣ ਨਿਰੰਜਣ ਸਿੰਘ ਨੇ ਵੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਘੇਰ ਲਈ ਪੰਜਾਬ ਪੁਲਿਸ…ਲਪੇਟੇ ਵੱਡੇ ਅਫ਼ਸਰ

ਚੰਡੀਗੜ੍ਹ,3 ਦਸੰਬਰ- ਨਸ਼ਾ ਤਸਕਰੀ ਦੇ ਮਾਮਲੇ ‘ਚ ਆਪਣੇ ਸੇਵਾਕਾਲ ਦੌਰਾਨ ਪੰਜਾਬ ‘ਚ ਨਸ਼ੇ ਦਾ ਮੱਕੜਜਾਲ ਤੋੜਨ ਵਾਲੇ ਈਡੀ ਦੇ ਤਾਕਤਵਰ ਅਧਿਕਾਰੀ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਸਾਬਕਾ ਜੁਆਇੰਟ ਡਾਇਰੈਕਟਰ ਨਿਰੰਜਨ ਸਿੰਘ ਨੇ ਨਸ਼ਾ ਤਸਕਰਾਂ ਤੇ ਨਸ਼ਿਆਂ ਦੇ ਕਾਰੋਬਾਰ ਵਿਚ ਸ਼ਮੂਲੀਅਤ ਵਾਲੇ ਪੁਲਿਸ ਅਫ਼ਸਰਾਂ ਖਿਲਾਫ਼ ਕਾਨੂੰਨੀ ਕਾਰਵਾਈ ਨੂੰ ਲੈ ਕੇ ਪੰਜਾਬ ਪੁਲਿਸ ‘ਤੇ ਸਵਾਲ ਖੜ੍ਹੇ ਕੀਤੇ ਹਨ। ਈਡੀ ਦੇ ਜਲੰਧਰ ਸਥਿਤ ਦਫ਼ਤਰ ਵਿਚ ਲੰਮਾ ਸਮਾਂ ਤਾਇਨਾਤ ਰਹੇ ਨਰੰਜਨ ਸਿੰਘ ਨੇ ਨਸ਼ਾ ਤਸਕਰਾਂ ਦੇ ਮੱਕੜਜਾਲ ਨੂੰ ਤੋੜਿਆ ਸੀ। ਜ਼ਿਕਰਯੋਗ ਹੈ ਕਿ ਉਨ੍ਹਾਂ ਪੰਜਾਬ ਪੁਲਿਸ ਦੇ ਬਰਖ਼ਾਸਤ ਅਧਿਕਾਰੀ ਪਹਿਲਵਾਨ ਜਗਦੀਸ਼ ਭੋਲਾ ਕੇਸ ਵਿਚ ਸਾਰੀਆਂ ਤੰਦਾਂ ਨੂੰ ਇਕ -ਇਕ ਕਰ ਕੇ ਜੋੜਿਆ ਤੇ ਵੱਡੇ ਸਿਆਸੀ ਆਗੂਆਂ ਦੀ ਸ਼ਮੂਲੀਅਤ ਦਾ ਵੀ ਪਰਦਾਫਾਸ਼ ਕੀਤਾ ਸੀ। ਰੋਪੜ੍ਹ ਜ਼ਿਲ੍ਹੇ ’ਚ ਜਗਦੀਸ਼ ਭੋਲਾ ਦੀ ਜ਼ਮੀਨ ਵੀ ਈਡੀ ਕੋਲ ਅਟੈਚ ਕਰਵਾਈ ਸੀ, ਜੋ ਅੱਜਕੱਲ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਨਿਰੰਜਨ ਸਿੰਘ ਨੇ ਆਪਣੇ ਫੇਸਬੁੱਕ ਪੇਜ ’ਤੇ ਲਿਖਿਆ ਕਿ ਭਗੌੜਾ ਪੁਲਿਸ ਅਫ਼ਸਰ ਰਾਜਜੀਤ ਸਿੰਘ ਹੁੰਦਲ (ਹੁਣ ਬਰਖ਼ਾਸਤ) ਪੁਲਿਸ ਦੇ ਆਹਲਾ ਅਧਿਕਾਰੀਆਂ ਦੀ ਸਰਪ੍ਰਸਤੀ ਕਾਰਨ ਆਨੰਦ ਮਾਣ ਰਿਹਾ ਹੈ। ਨਿਰੰਜਨ ਸਿੰਘ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਪੰਜਾਬ ਵਿਚ ਨਸ਼ੀਲੇ ਪਦਾਰਥ ਇਕ ਵੱਡੀ ਸਮੱਸਿਆ ਹੈ ਜਿਸ ਵਿਚ ਨਸ਼ਿਆਂ ਦੇ ਮਾਮਲਿਆਂ ਦੀ ਜਾਂਚ ਦੌਰਾਨ ਪੁਲਿਸ ਅਧਿਕਾਰੀ ਵੀ ਸ਼ਾਮਲ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੇ ਮਾਮਲਿਆਂ ਵਿਚ ਪੁਲਿਸ ਅਫ਼ਸਰਾਂ ਦੀ ਮਿਲੀਭੁਗਤ ਇਕ ਵੱਡੀ ਸਮੱਸਿਆ ਹੈ। ਸੁਪਰੀਮ ਕੋਰਟ ਨੇ ਪੰਜਾਬ ਦੇ ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਹੁੰਦਲ ਦੀ ਅੰਤਿ੍ਰਮ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਪੰਜਾਬ ਪੁਲਿਸ, ਜਿਸ ਨੂੰ ਹੁਣ ਤੱਕ ਆਮ ਤੌਰ ’ਤੇ ਬਹਾਦਰ ਅਤੇ ਕਾਬਲ ਫੋਰਸ ਵਜੋਂ ਜਾਣਿਆ ਜਾਂਦਾ ਰਿਹਾ ਹੈ, ਲਈ ਇਹ ਬਹੁਤ ਸ਼ਰਮਨਾਕ ਹੈ। ਪੁਲਿਸ ਲਈ ਇਹ ਹੋਰ ਵੀ ਸ਼ਰਮਨਾਕ ਅਤੇ ਘਿਣਾਉਣੀ ਗੱਲ ਹੈ ਕਿ ਉਹ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਆਪਣੇ ਹੀ ਸੀਨੀਅਰ ਅਧਿਕਾਰੀ ਨੂੰ ਫੜ ਨਹੀਂ ਸਕੇ ਅਤੇ ਉਸ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਬਰਖਾਸਤ ਪੁਲਿਸ ਅਫਸਰ ਕੁਝ ਤਾਕਤਵਰ ਉੱਚ ਅਫਸਰਾਂ ਦੀ ਸਰਪ੍ਰਸਤੀ ਅਤੇ ਸੁਰੱਖਿਆ ਦਾ ਆਨੰਦ ਮਾਣ ਰਿਹਾ ਹੈ।

error: Content is protected !!