Skip to main content

Gee 98News

ਪਿਤਾ ਹੀ ਬਣ ਗਿਆ ਦੁਸ਼ਮਣ…ਧੀ ਨਾਲ ਕਰਵਾਇਆ ਜਬਰ ਜਨਾਹ, ਪਿਤਾ ਅਤੇ ਚਾਰ ਹੋਰਾਂ ‘ਤੇ ਮਾਮਲਾ ਦਰਜ

ਚੰਡੀਗੜ੍ਹ,19 ਦਸੰਬਰ-ਜਦੋਂ ਪਿਤਾ ਹੀ ਆਪਣੀ ਧੀ ਦਾ ਦੁਸ਼ਮਣ ਬਣ ਜਾਵੇ ਅਤੇ ਦੇਹ ਵਪਾਰ ਲਈ ਉਸਨੂੰ ਪਰੋਸ ਦੇਵੇ ਤਾਂ ਇਸ ਤੋਂ ਬਾਅਦ ਸ਼ਰਮਨਾਕ ਅਤੇ ਦੁਖਦਾਈ ਘਟਨਾ ਹੋਰ ਕੋਈ ਨਹੀਂ ਸਕਦੀ। ਇਹ ਮਾਮਲਾ ਅੰਮ੍ਰਿਤਸਰ ਦੀ ਸਰਹੱਦ ਨਾਲ ਲੱਗਦੇ ਕਸਬਾ ਘਰਿੰਡਾ ਦਾ ਹੈ ਜਿੱਥੇ ਇੱਕ 23 ਸਾਲ ਦੀ ਲੜਕੀ ਨਾਲ ਪਿਤਾ ਦੀ ਸਹਿਮਤੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪਿਤਾ ਨੇ ਪਹਿਲਾਂ ਆਪਣੀ ਛੋਟੀ ਧੀ ਨੂੰ ਆਪਣੇ ਜਵਾਈ ਸਾਹਮਣੇ ਪੇਸ਼ ਕੀਤਾ ਅਤੇ ਫਿਰ ਉਸ ਨੂੰ ਕੁਝ ਹੋਰ ਲੋਕਾਂ ਦੇ ਹਵਾਲੇ ਕਰ ਦਿੱਤਾ। ਪੀੜ੍ਹਤ ਨੇ ਪੁਲਿਸ ਨੂੰ ਦੱਸਿਆ ਕਿ ਇੱਕ ਦਿਨ ਉਸ ਦਾ ਪੂਰਾ ਪਰਿਵਾਰ ਮੇਲਾ ਦੇਖਣ ਗਿਆ ਹੋਇਆ ਸੀ। ਮੇਲਾ ਦੇਖ ਕੇ ਉਸ ਦੀ ਮਾਂ ਤੇ ਭੈਣਾਂ ਨਾਨਕੇ ਘਰ ਚਲੀਆਂ ਗਈਆਂ। ਉਹ ਅਤੇ ਉਸਦਾ ਪਿਤਾ ਘਰ ਵਿੱਚ ਇਕੱਲੇ ਸਨ। ਉਸੇ ਦਿਨ ਉਸ ਦਾ ਜੀਜਾ ਉਨ੍ਹਾਂ ਦੇ ਘਰ ਆਇਆ ਅਤੇ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਉਸਦੇ ਪਿਤਾ ਨਾਲ ਕਮਰੇ ਵਿੱਚ ਸੌਂ ਗਿਆ। ਉਹ ਦੂਜੇ ਕਮਰੇ ਵਿਚ ਇਕੱਲੀ ਸੁੱਤੀ ਪਈ ਸੀ। ਰਾਤ ਇਕ ਵਜੇ ਜੀਜਾ ਕਮਰੇ ਵਿਚ ਆਇਆ ਅਤੇ ਉਸ ਨੂੰ ਫੜ ਕੇ ਉਸ ਦੇ ਕੱਪੜੇ ਉਤਾਰ ਦਿੱਤੇ ਤੇ ਉਸ ਨਾਲ ਜਬਰ ਜ਼ਨਾਹ ਕੀਤਾ। ਜਦੋਂ ਉਸ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਮੂੰਹ ਵਿੱਚ ਕੱਪੜਾ ਤੁੰਨ ਦਿੱਤਾ। ਪੀੜ੍ਹਤਾ ਨੇ ਦੋਸ਼ ਲਾਇਆ ਕਿ ਉਸ ਸਮੇਂ ਉਸ ਦਾ ਪਿਤਾ ਵੀ ਜਾਗ ਰਿਹਾ ਸੀ। ਉਸ ਦੇ ਪਿਤਾ ਨੇ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖਿਆ ਪਰ ਉਸ ਦੀ ਕੋਈ ਮਦਦ ਨਹੀਂ ਕੀਤੀ, ਉਲਟਾ ਉਸ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਮਾਰ ਦੇਵੇਗਾ।‌‌ ਕੁਝ ਸਮੇਂ ਬਾਅਦ ਉਹ ਗਰਭਵਤੀ ਹੋ ਗਈ। ਇਸ ਸਬੰਧੀ ਉਸ ਨੇ ਆਪਣੀ ਮਾਸੀ ਨਾਲ ਗੱਲ ਕੀਤੀ। ਉਸ ਦੀ ਮਾਸੀ ਨੇ ਉਸ ਨੂੰ ਇਸ ਬਾਰੇ ਕਿਸੇ ਨੂੰ ਨਾ ਦੱਸਣ ਲਈ ਕਿਹਾ। ਇਸ ਤੋਂ ਬਾਅਦ ਉਸ ਦੀ ਮਾਸੀ ਨੇ ਉਸ ਨੂੰ ਦਵਾਈ ਦੇ ਦਿੱਤੀ, ਜਿਸ ਕਾਰਨ ਉਸ ਦਾ ਗਰਭ ਡਿੱਗ ਗਿਆ ਅਤੇ ਜਦੋਂ ਜ਼ਿਆਦਾ ਖੂਨ ਵਗਣ ਲੱਗਾ ਤਾਂ ਉਹ ਬੇਹੋਸ਼ ਹੋ ਗਈ ਜਿਸ ਤੋਂ ਬਾਅਦ ਉਸਦੀ ਮਾਸੀ ਉਸਨੂੰ ਇੱਕ ਨਿੱਜੀ ਹਸਪਤਾਲ ਲੈ ਗਈ। ਕੁਝ ਦਿਨਾਂ ਬਾਅਦ ਉਸ ਦੇ ਪਿਤਾ ਨੇ ਕਿਹਾ ਕਿ ਉਸ ਨੂੰ ਪੈਸਿਆਂ ਦੀ ਲੋੜ ਹੈ, ਤਾਂ ਉਹ ਆਪਣੇ ਕੰਨਾਂ ਦੇ ਟਾਪਸ ਵੇਚ ਦੇਵੇ। ਉਹ ਆਪਣੇ ਪਿਤਾ ਨਾਲ ਸੁਨਿਆਰੇ ਦੀ ਦੁਕਾਨ ‘ਤੇ ਗਈ ਅਤੇ ਟਾਪਸ ਵੇਚ ਦਿੱਤੇ ਪਰ ਵਾਪਸ ਆਉਂਦੇ ਸਮੇਂ ਸ਼ਾਮ 4 ਵਜੇ ਦੇ ਕਰੀਬ ਉਸ ਦੇ ਪਿਤਾ ਉਸ ਨੂੰ ਸੰਧੂ ਪੈਲੇਸ ਲੈ ਗਏ। ਉੱਥੇ ਉਸ ਨੂੰ ਇੱਕ ਕਮਰੇ ਵਿੱਚ ਬਿਠਾਇਆ ਗਿਆ ਜਿੱਥੇ ਮਠਿਆਈ ਦੀ ਦੁਕਾਨ ਦੇ ਮਾਲਕ ਸ਼ਮਸ਼ੇਰ ਸਿੰਘ ਅਤੇ ਟੈਂਟ ਹਾਊਸ ਦੇ ਮਾਲਕ ਦਿਲਬਾਗ ਸਿੰਘ ਨੇ ਉਸ ਦੇ ਕਮਰੇ ਵਿੱਚ ਆ ਕੇ ਉਸ ਨਾਲ ਜਬਰਜ਼ਨਾਹ ਕੀਤਾ। ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਥਾਣਾ ਘਰਿੰਡਾ ਦੀ ਪੁਲਿਸ ਨੇ ਪੀੜ੍ਹਤ ਲੜਕੀ ਦੇ ਪਿਤਾ, ਜੀਜਾ, ਮਾਸੀ, ਮੁਲਜ਼ਮ ਸ਼ਮਸ਼ੇਰ ਸਿੰਘ ਅਤੇ ਦਿਲਬਾਗ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

error: Content is protected !!