Skip to main content

Gee 98News

ਮੰਦਰ ਦੀ ਮਹਿਲਾ ਸੇਵਾਦਾਰ ਦੀ ਹੱਤਿਆ,ਮੰਦਰ ‘ਚ ਸ਼ਰਾਬ ਪੀ ਕੇ ਆਉਂਦਾ ਸੀ ਦੋਸ਼ੀ…ਸੇਵਾਦਾਰ ਰੋਕਦੀ ਸੀ,ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ

ਚੰਡੀਗੜ੍ਹ,19 ਦਸੰਬਰ-ਮੰਦਰ ਵਿੱਚ ਸ਼ਰਾਬ ਪੀ ਕੇ ਆਉਣ ਤੋਂ ਇੱਕ ਨੌਜਵਾਨ ਨੂੰ ਜਦ ਮੰਦਰ ਦੀ ਮਹਿਲਾ ਸੇਵਾਦਾਰ ਨੇ ਰੋਕਿਆ ਤਾ ਤੈਸ਼ ਵਿੱਚ ਆ ਕੇ ਨੌਜਵਾਨ ਨੇ ਤੇਜ਼ਧਾਰ ਹਥਿਆਰ ਅਤੇ ਰਾਡ ਨਾਲ ਹਮਲਾ ਕਰਕੇ ਮਹਿਲਾ ਸੇਵਾਦਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਦਰਦਨਾਕ ਘਟਨਾ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਸਿੱਧਵਾਂ ਦੋਨਾ ਦੀ ਹੈ ਜਿੱਥੇ ਮਾਤਾ ਸ੍ਰੀ ਸਲੋਨੀ ਦੇਵੀ ਮੰਦਰ ਵਿੱਚ ਪਿੰਡ ਦਾ ਹੀ ਇੱਕ ਨੌਜਵਾਨ ਰੋਜ਼ਾਨਾ ਸ਼ਰਾਬ ਪੀ ਕੇ ਆਉਂਦਾ ਸੀ ਅਤੇ ਮੰਦਰ ਦੀ ਮੁੱਖ ਸੇਵਾਦਾਰ ਸਰਿਤਾ ਦੇਵੀ ( 26 ਸਾਲ) ਉਸ ਨੂੰ ਮੰਦਰ ਵਿੱਚ ਸ਼ਰਾਬ ਪੀ ਕੇ ਆਉਣ ਤੋਂ ਰੋਕਦੀ ਸੀ। ਬੀਤੀ ਸ਼ਾਮ ਨੌਜਵਾਨ ਨੇ ਮੰਦਰ ਵਿੱਚ ਆ ਕੇ ਤੇਜ਼ਧਾਰ ਹਥਿਆਰ ਅਤੇ ਰਾਡ ਨਾਲ ਮਹਿਲਾ ਸੇਵਾਦਾਰ ‘ਤੇ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਕੰਮ ‘ਤੇ ਗਿਆ ਮਹਿਲਾ ਸੇਵਾਦਾਰ ਦਾ ਪਤੀ ਰਕੇਸ਼ ਕੁਮਾਰ ਮੌਕੇ ‘ਤੇ ਪੁੱਜਿਆ ਤੇ ਉਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਪਤਨੀ ਨੂੰ ਜ਼ਖਮੀ ਹਾਲਤ ਵਿੱਚ ਕਪੂਰਥਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮਹਿਲਾ ਦੇ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਪੰਜ ਸਾਲ ਤੋਂ ਮੰਦਰ ਦੀ ਮੁੱਖ ਸੇਵਾਦਾਰ ਦੇ ਤੌਰ ‘ਤੇ ਸੇਵਾ ਕਰ ਰਹੀ ਸੀ ਅਤੇ ਜਿਸ ਨੌਜਵਾਨ ਨੇ ਹਮਲਾ ਕੀਤਾ ਉਹ ਵੀ ਇਸੇ ਹੀ ਪਿੰਡ ਦਾ ਰਹਿਣ ਵਾਲਾ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਦੀ ਐਸਐਚਓ ਸੋਨਮਦੀਪ ਕੌਰ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਦੱਸਿਆ ਕਿ ਦੋਸ਼ੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦੀ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

error: Content is protected !!