Gee 98News

  • ਕੁੱਤਿਆਂ ਕਾਰਨ ਦੂਜੀ ਕਲਾਸ ਦੀ ਬੱਚੀ ਦੀ ਮੌਤ
    ਚੰਡੀਗੜ੍ਹ,22 ਦਸੰਬਰ- ਬਿਊਟੀ ਸਿਟੀ ਚੰਡੀਗੜ੍ਹ ਵਿੱਚ ਅੱਜਕੱਲ੍ਹ ਅਵਾਰਾ ਕੁੱਤਿਆਂ ਨੇ ਆਤੰਕ ਮਚਾਇਆ ਹੋਇਆ ਹੈ। ਕੁੱਤਿਆਂ ਕਾਰਨ ਆਮ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਤੇ ਰੋਜ਼ਾਨਾ ਕੁੱਤਿਆ ਦੀ ਕੱਟਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਚੰਡੀਗੜ੍ਹ ਦੇ ਸੈਕਟਰ 35 ਦੇ ਵਸਨੀਕਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਆਉਣ ਤੋਂ ਰੋਕ ਦਿੱਤਾ ਹੈ ਕਿਉਂਕਿ ਸੈਕਟਰ 35 ਦੀ ਇੱਕੋ ਗਲੀ ਵਿੱਚ ਅਵਾਰਾ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਸੈਕਟਰ 35 ਵਿੱਚ 1 ਦਸੰਬਰ ਤੋਂ ਲੈ ਕੇ 14 ਦਸੰਬਰ ਤੱਕ 30 ਤੋਂ 35 ਲੋਕਾਂ ਨੂੰ ਅਵਾਰਾ ਕੁੱਤਿਆਂ ਨੇ ਕੱਟਿਆ ਹੈ। ਪਿਛਲੇ ਦਿਨੀ ਮਨੀਮਾਜਰਾ ਵਿੱਚ ਅਵਾਰਾ ਕੁੱਤਿਆ ਕਾਰਨ ਇੱਕ ਦੂਜੀ ਕਲਾਸ ਦੀ ਬੱਚੀ ਦੀ ਦਰਦਨਾਕ ਮੌਤ ਹੋ ਜਾਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੱਚੀ ਨੂੰ ਗਲੀ ਵਿੱਚ ਕੁੱਤਿਆਂ ਨੇ ਘੇਰ ਲਿਆ ਜਿਸ ਤੋਂ ਬਾਅਦ ਉਹ ਸਹਿਮ ਗਈ ਅਤੇ ਉਸਨੂੰ ਪੈਨਿਕ ਅਟੈਕ ਆਉਣ ਕਾਰਨ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਨਗਰ ਨਿਗਮ ਦੇ ਖ਼ਿਲਾਫ਼ ਲੋਕਾਂ ਵਿੱਚ ਡਾਹਢਾ ਰੋਸ ਹੈ। ਲੋਕ ਨਗਰ ਨਿਗਮ ‘ਤੇ ਕੇਸ ਕਰਨ ਦੀ ਗੱਲ ਵੀ ਆਖ ਰਹੇ ਹਨ ਅਤੇ ਲੋਕਾਂ ਦਾ ਕਹਿਣਾ ਹੈ ਕਿ ਉਹ ਨਗਰ ਨਿਗਮ ਤੋਂ ਮੁਆਵਜ਼ੇ ਦੀ ਮੰਗ ਵੀ ਕਰਨਗੇ। ਲੋਕਾਂ ਦਾ ਦੋਸ਼ ਹੈ ਕਿ ਕੁੱਤਿਆਂ ਦੀ ਨਸਬੰਦੀ ਦੇ ਨਾਂ ‘ਤੇ ਨਗਰ ਨਿਗਮ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਰਿਹਾ ਹੈ ਜਦ ਕਿ ਅਸਲ ਵਿੱਚ ਹਾਲਾਤ ਬਹੁਤ ਮਾੜੇ ਹਨ। ਇਸ ਮਾਮਲੇ ‘ਚ ਐਡਵੋਕੇਟ ਗੁਰਦੀਪ ਸਿੰਘ ਮਾਹਲ ਨੇ ਕਿਹਾ ਕਿ ਕੁੱਤਿਆਂ ਦੇ ਕਾਰਨ ਸਥਿਤੀ ਖਰਾਬ ਹੈ, ਉਹ ਅੰਕੜੇ ਇਕੱਠੇ ਕਰ ਰਹੇ ਹਨ ਤੇ ਜਲਦੀ ਹੀ ਨਗਰ ਨਿਗਮ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਹਾਈਕੋਰਟ ਦੇ ਹੁਕਮਾਂ ਅਨੁਸਾਰ ਉਹ ਨਗਰ ਨਿਗਮ ਤੋਂ ਮੁਆਵਜ਼ੇ ਦੀ ਮੰਗ ਵੀ ਕਰਨਗੇ। ਚੰਡੀਗੜ੍ਹ ਦੇ ਮੇਅਰ ਅਨੂਪ ਗੁਪਤਾ ਦਾ ਕਹਿਣਾ ਹੈ ਕਿ ਅਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਕੱਟਣ ਦੀਆਂ ਘਟਨਾਵਾਂ ਵਿੱਚ ਵਾਧਾ ਚਿੰਤਾ ਦਾ ਵਿਸ਼ਾ ਹੈ। ਇਹਨਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਤੇ ਇਹਨਾਂ ‘ਤੇ ਕਾਬੂ ਪਾਉਣ ਦੇ ਹੋਰ ਵੀ ਕਾਰਗਰ ਤਰੀਕੇ ਲੱਭੇ ਜਾਣਗੇ।

Leave a Reply

Your email address will not be published. Required fields are marked *

error: Content is protected !!