Skip to main content

Gee 98News

ਸੁਨੀਲ ਜਾਖੜ ਬਨਾਮ ਭਗਵੰਤ ਮਾਨ : “ਨਜ਼ਾਰੇ ਆਈ ਜਾਂਦੇ ਨੇ, ਤੇ ਨਜ਼ਾਰੇ ਜਾਈ ਜਾਂਦੇ ਨੇ”……!

ਚੰਡੀਗੜ੍ਹ,30 ਦਸੰਬਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਵਿਚਕਾਰ ਸ਼ਬਦੀ ਜੰਗ ਜਾਰੀ ਹੈ। ਗਣਤੰਤਰ ਦਿਵਸ ਸਬੰਧੀ ਪੰਜਾਬ ਦੀ ਝਾਕੀ ਕੇਂਦਰ ਸਰਕਾਰ ਵੱਲੋਂ ਰੱਦ ਕੀਤੇ ਜਾਣ ਤੋਂ ਬਾਅਦ ਸ੍ਰੀ ਜਾਖੜ ਨੇ ਕਿਹਾ ਸੀ ਕਿ ਝਾਕੀ ਵਿੱਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਫੋਟੋ ਸੀ ਜਿਸ ਕਰਕੇ ਇਹ ਝਾਕੀ ਰੱਦ ਕੀਤੀ ਗਈ ਇਸ ਦੇ ਜਵਾਬ ਵਿੱਚ ਭਗਵੰਤ ਮਾਨ ਨੇ ਕਿਹਾ ਸੀ ਕਿ ਜੇਕਰ ਜਾਖੜ ਉਹਨਾਂ ਦੀ ਫੋਟੋ ਸਬੰਧੀ ਸਿੱਧ ਕਰ ਦੇਣ ਤਾਂ “ਉਹ ਸਿਆਸਤ ਛੱਡ ਦੇਣਗੇ”। ਹੁਣ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਦੇ ਚੈਲਿੰਜ ਦਾ ਜਵਾਬ ਟਵੀਟ ਰਾਹੀਂ ਦਿੱਤਾ ਜਿਸ ਵਿੱਚ ਉਹਨਾਂ ਲਿਖਿਆ ਹੈ ਕਿ “ਮੈਂ ਕੱਲ੍ਹ ਜੋ ਕਿਹਾ ਸੀ ਉਸ ‘ਤੇ ਕਾਇਮ ਹਾਂ। ਸਰਦਾਰ ਭਗਵੰਤ ਮਾਨ ਜੀ, ਅਸਲ ਵਿੱਚ ਤੁਹਾਡੀ ਵਿਵਸਥਾ ਦੀ ਸਮੱਸਿਆ ਇਹ ਹੈ ਕਿ ਝੂਠਿਆਂ ਨੂੰ ਸਭ ਝੂਠੇ ਹੀ ਦਿਖਾਈ ਦਿੰਦੇ ਹਨ” । ਆਪਣੇ ਟਵੀਟ ਵਿੱਚ ਸੁਨੀਲ ਜਾਖੜ ਨੇ ਇਹ ਤਾਂ ਕਿਹਾ ਹੈ ਕਿ ਉਹ ਆਪਣੇ ਪਹਿਲਾਂ ਵਾਲੇ ਬਿਆਨ ‘ਤੇ ਕਾਇਮ ਹਨ ਪ੍ਰੰਤੂ ਸ੍ਰੀ ਜਾਖੜ ਨੇ ਇਹ ਜ਼ਿਕਰ ਨਹੀਂ ਕੀਤਾ ਕਿ ਉਹ ਝਾਕੀ ਵਿੱਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀਆਂ ਤਸਵੀਰਾਂ ਹੋਣ ਸਬੰਧੀ ਸਬੂਤ ਦੇਣ ਲਈ ਤਿਆਰ ਹਨ। ਦਰਅਸਲ ! ਥੋੜ੍ਹੇ ਜਿਹੇ ਸਮੇਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦੀ ਕਿਸੇ ਵੀ ਪਾਰਟੀ ਦੇ ਵਿਰੋਧੀ ਆਗੂ ਨਾਲ ਸ਼ਬਦੀ ਜੰਗ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਸੋਸ਼ਲ ਮੀਡੀਆ ਤੇ ਕਈ ਦਿਨ ਰੌਣਕਾਂ ਲੱਗੀਆਂ ਰਹਿੰਦੀਆਂ ਹਨ ਅਤੇ ਆਗੂਆਂ ਦੀ ਇਸ ਟਵੀਟ ਜੰਗ ਨਾਲ ਪੰਜਾਬ ਦਾ ਮਾਹੌਲ “ਨਜ਼ਾਰੇ ਆਈ ਜਾਂਦੇ ਨੇ, ਤੇ ਨਜ਼ਾਰੇ ਜਾਈ ਜਾਂਦੇ ਨੇ” ਵਾਲਾ ਬਣ ਜਾਂਦਾ ਹੈ, ਢੱਠੇ ਖੂਹ ‘ਚ ਜਾਣ ਪੰਜਾਬ ਦੇ ਬੁਨਿਆਦੀ ਮਸਲੇ ਤੇ ਲੋਕਾਂ ਦੀਆਂ ਮੁਸ਼ਕਿਲਾਂ..!

error: Content is protected !!