Gee 98News

ਜਥੇਦਾਰ ਕਾਉਂਕੇ ਦੇ ਮਾਮਲੇ ‘ਚ ਨਵਜੋਤ ਸਿੱਧੂ ਦਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ‘ਤੇ ਨਿਸ਼ਾਨਾ….?

ਚੰਡੀਗੜ੍ਹ,8 ਜਨਵਰੀ-ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸ਼ਬਦੀ ਤੀਰ ਅਜੇ ਵੀ ਆਪਣੀ ਹੀ ਪਾਰਟੀ ਦੇ ਆਗੂਆਂ ਵੱਲ ਸਿੱਧੇ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਦਿੱਲੀ ਵਿਖੇ ਹੋਈ ਕਾਂਗਰਸ ਹਾਈਕਮਾਂਡ ਦੇ ਨਾਲ ਪੰਜਾਬ ਦੇ ਆਗੂਆਂ ਦੀ ਮੀਟਿੰਗ ਦੌਰਾਨ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀ ਮਲਿਕਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਨੇ ਪੰਜਾਬ ਦੇ ਆਗੂਆਂ ਨੂੰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਨੁਸ਼ਾਸਨ ਦਾ ਪਾਠ ਪੜਾਇਆ ਸੀ ਅਤੇ ਤਾੜਨਾ ਵੀ ਕੀਤੀ ਸੀ। ਮੰਨਿਆ ਜਾ ਰਿਹਾ ਕਿ ਕਾਂਗਰਸ ਦਾ ਸੰਕੇਤ ਸਿੱਧੇ ਤੌਰ ‘ਤੇ ਨਵਜੋਤ ਸਿੱਧੂ ਅਤੇ ਕੁਝ ਹੋਰ ਕਾਂਗਰਸੀ ਆਗੂਆਂ ਵੱਲੋਂ ਆਹਮੋ ਸਾਹਮਣੇ ਦਿੱਤੇ ਜਾ ਰਹੇ ਬਿਆਨਾਂ ਨਾਲ ਸੰਬੰਧਤ ਸੀ ਪਰੰਤੂ ਇਸ ਤੋਂ ਬਾਅਦ ਵੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਹੀ ਪਾਰਟੀ ਦੇ ਆਗੂਆਂ ਖ਼ਿਲਾਫ਼ ਬਿਆਨਬਾਜ਼ੀ ਜਾਰੀ ਰੱਖੀ ਹੋਈ ਹੈ। ਬਠਿੰਡਾ ਜ਼ਿਲ੍ਹੇ ਦੇ ਕੋਟ ਸ਼ਮੀਰ ਵਿੱਚ ਆਪਣੀ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਅਸਿੱਧੇ ਤੌਰ ‘ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ‘ਤੇ ਤਿੱਖੇ ਸਿਆਸੀ ਹਮਲੇ ਕੀਤੇ। ‌ ਸਿੱਧੂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਮੁਕਾਬਲੇ ‘ਚ ਬੋਲਦੇ ਹੋਏ ਕਿਹਾ ਕਿ “ਜਥੇਦਾਰ ਕਾਉਂਕੇ ਦੀ ਮੌਤ ਲਈ ਸਿਰਫ਼ ਪੁਲਿਸ ਹੀ ਜ਼ਿੰਮੇਵਾਰ ਨਹੀਂ ਬਲਕਿ ਉਸਦੇ ਉੱਪਰ ਬੈਠੇ ਆਗੂ ਵੀ ਬਰਾਬਰ ਦੀ ਜ਼ਿੰਮੇਵਾਰ ਨੇ ਜਿਨਾਂ ਨੇ ਪੁਲਿਸ ਨੂੰ ਹੁਕਮ ਸੁਣਾਇਆ”। ਸਿਆਸੀ ਹਲਕੇ ਸਿੱਧ ਤੌਰ ‘ਤੇ ਨਵਜੋਤ ਸਿੰਘ ਸਿੱਧੂ ਦੇ ਇਸ ਬਿਆਨ ਨੂੰ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਨਾਲ ਹੀ ਜੋੜ ਰਹੇ ਹਨ ਕਿਉਂਕਿ ਪੰਜਾਬ ‘ਚ ਖਾੜਕੂਵਾਦ ਦੇ ਦੌਰ ਦੌਰਾਨ ਸਿੱਖ ਨੌਜਵਾਨਾਂ ‘ਤੇ ਕੀਤੀ ਗਈ ਕਾਰਵਾਈ ਦੇ ਮਾਮਲੇ ‘ਚ ਬਤੌਰ ਮੁੱਖ ਮੰਤਰੀ ਬੇਅੰਤ ਸਿੰਘ ਉੱਪਰ ਵੀ ਸਵਾਲ ਉੱਠਦੇ ਰਹੇ ਹਨ। ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਮਾਮਲੇ ‘ਚ ਸਿੱਧੂ ‘ਤੇ ਇਸ ਬਿਆਨ ਤੋਂ ਬਾਅਦ ਬੇਅੰਤ ਸਿੰਘ ਦੇ ਪਰਿਵਾਰ ਨੂੰ ਸਿਆਸੀ ਤਕਲੀਫ਼ ਹੋਣੀ ਸੁਭਾਵਿਕ ਹੀ ਹੈ।

error: Content is protected !!