Gee 98News

ਬਰਨਾਲਾ,23 ਜਨਵਰੀ-ਭਗਵਾਨ ਸ੍ਰੀ ਰਾਮ ਦੀ ਜਨਮ ਭੂਮੀ ਅਯੁੱਧਿਆ ਵਿਖੇ ਮੰਦਰ ਦੇ ਨਿਰਮਾਣ ਦਾ ਸਿਹਰਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਸਿਰ ‘ਤੇ ਬੰਨਦੇ ਹੋਏ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਬਰਨਾਲਾ ਵਿਖੇ ਸ੍ਰੀ ਰਾਮ ਲਲਾ ਪ੍ਰਾਣ ਪ੍ਰਤਿਸ਼ਠਾ ਸਬੰਧੀ ਇੱਕ ਵਿਸ਼ਾਲ ਸ਼ੋਭਾ ਯਾਤਰਾ ‘ਚ ਸ਼ਾਮਿਲ ਹੋਣ ਸਮੇਂ “ਜੈ ਸ੍ਰੀ ਰਾਮ” ਦੇ ਜੈਕਾਰੇ ਲਗਾਉਂਦੇ ਹੋਏ ਕਿਹਾ ਕਿ “ਮੋਦੀ ਹੈ ਤੋਂ ਮੁਮਕਿਨ ਹੈ”। ‌ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਜਪਾ ਨੇ ਦੇਸ਼ ਦੇ ਲੋਕਾਂ ਦੇ ਨਾਲ ਅਯੁੱਧਿਆ ਵਿਖੇ ਮੰਦਰ ਦੇ ਨਿਰਮਾਣ ਦਾ ਵਾਅਦਾ ਕੀਤਾ ਸੀ ਜੋ ਰਾਮ ਭਗਤਾ ਦੀਆਂ ਅਰਦਾਸਾਂ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੀ ਕਾਨੂੰਨੀ ਲੜਾਈ ਨਾਲ ਪੂਰਾ ਹੋਇਆ ਹੈ। ਢਿੱਲੋਂ ਨੇ ਕਿਹਾ ਕਿ ਭਾਰਤ ਧਰਮ ਨਿਰਪੱਖਤਾ ਦੇ ਸਿਧਾਂਤ ਵਾਲਾ ਮੁਲਕ ਹੈ ਜਿੱਥੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ‌ ਉਹਨਾਂ ਕਿਹਾ ਕਿ ਭਾਰਤ ਇੱਕ ਅਜਿਹਾ ਗੁਲਦਸਤਾ ਹੈ ਜਿੱਥੇ ਵੱਖ-ਵੱਖ ਧਰਮਾਂ, ਵੱਖ ਵੱਖ ਵਰਗਾਂ ਤੇ ਵੱਖ ਵੱਖ ਭਾਸ਼ਾਵਾਂ ਦੇ ਲੋਕ ਆਪਣੀ ਕਾਬਲੀਅਤ ਜ਼ਰੀਏ ਆਪਣੀ ਖੁਸ਼ਬੂ ਵੰਡ ਰਹੇ ਹਨ ਅਤੇ ਵਿਦੇਸ਼ਾਂ ਵਿੱਚ ਵੀ ਭਾਰਤ ਦਾ ਨਾਮ ਰੌਸ਼ਨ ਕਰ ਰਹੇ ਹਨ। ਢਿੱਲੋਂ ਨੇ ਕਿਹਾ ਕਿ ਅੱਜ ਦੇ ਦੌਰ ‘ਚ ਭਾਰਤ ਵਿਸ਼ਵ ਦੀਆਂ ਸ਼ਕਤੀਸ਼ਾਲੀ ਅਰਥ ਵਿਵਸਥਾਵਾਂ ‘ਚੋਂ ਇੱਕ ਹੈ ਅਤੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਵਿਸ਼ਵ ਦੇ ਚੋਟੀ ਦੇ ਲੀਡਰਾਂ ਦੀ ਕਤਾਰ ਵਿੱਚ ਖੜੇ ਹਨ। ਕੇਵਲ ਸਿੰਘ ਢਿੱਲੋ ਨੇ ਬਰਨਾਲਾ ਵਿਖੇ ਪ੍ਰਾਨ ਪ੍ਰਤਿਸ਼ਠਾ ਸਮਾਗਮ ਸਮੇਂ ਸ਼ਹਿਰ ਵਾਸੀਆਂ ਵੱਲੋਂ ਆਯੋਜਿਤ ਕੀਤੇ ਪ੍ਰੋਗਰਾਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਬਰਨਾਲਾ ਇੱਕ ਸਾਂਤ ਸੁਭਾਅ ਦਾ ਸ਼ਹਿਰ ਹੈ ਜਿੱਥੇ ਲੋਕ ਸਾਰੇ ਧਰਮਾਂ ਦੇ ਤਿਉਹਾਰ ਰਲ ਮਿਲ ਕੇ ਮਨਾਉਂਦੇ ਹਨ। ਉਹਨਾਂ ਕਿਹਾ ਕਿ ਉਹ ਬਰਨਾਲਾ ਦੀ ਤਰੱਕੀ ਲਈ ਹਮੇਸ਼ਾ ਯਤਨਸ਼ੀਲ ਰਹੇ ਹਨ ਅਤੇ ਰਹਿਣਗੇ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ,ਕੌਂਸਲਰ ਨਰਿੰਦਰ ਗਰਗ ਨੀਟਾ ਤੇ ਵੱਡੀ ਗਿਣਤੀ ਵਿੱਚ ਭਾਜਪਾ ਦੇ ਜ਼ਿਲ੍ਹਾ ਪੱਧਰੀ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!